ਕੈਨੇਡਾ ਚੋਣਾਂ ਵਿਚ ਲਿਬਰਲ ਪਾਰਟੀ ਦਾ ਹਸ਼ਰ ਬੇਹੱਦ ਮਾੜਾ ਹੋਣ ਦੇ ਆਸਾਰ
ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਦੀ ਹਾਰ ਮਗਰੋਂ ਸਿਆਸੀ ਮਾਹਰਾਂ ਵੱਲੋਂ ਹੈਰਾਨਕੁੰਨ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਜਸਟਿਨ ਟਰੂਡੋ ਦੀ ਅਗਵਾਈ ਹੇਠ ਸੱਤਾਧਾਰੀ ਧਿਰ ਦਾ ਹਸ਼ਰ ਬੇਹੱਦ ਮਾੜਾ ਹੋ ਸਕਦਾ ਹੈ ਅਤੇ ਆਮ ਚੋਣਾਂ ਵਿਚ ਲਿਬਰਲ ਪਾਰਟੀ ਸਿਰਫ 15 ਸੀਟਾਂ ਤੱਕ ਸੁੰਗੜ ਸਕਦੀ ਹੈ।;
ਔਟਵਾ : ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਦੀ ਹਾਰ ਮਗਰੋਂ ਸਿਆਸੀ ਮਾਹਰਾਂ ਵੱਲੋਂ ਹੈਰਾਨਕੁੰਨ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਜਸਟਿਨ ਟਰੂਡੋ ਦੀ ਅਗਵਾਈ ਹੇਠ ਸੱਤਾਧਾਰੀ ਧਿਰ ਦਾ ਹਸ਼ਰ ਬੇਹੱਦ ਮਾੜਾ ਹੋ ਸਕਦਾ ਹੈ ਅਤੇ ਆਮ ਚੋਣਾਂ ਵਿਚ ਲਿਬਰਲ ਪਾਰਟੀ ਸਿਰਫ 15 ਸੀਟਾਂ ਤੱਕ ਸੁੰਗੜ ਸਕਦੀ ਹੈ। ਦਲੀਲ ਇਹ ਦਿਤੀ ਜਾ ਰਹੀ ਹੈ ਕਿ ਲਗਾਤਾਰ ਦੋ ਵਾਰ ਬਹੁਮਤ ਜਿੱਤਣ ਮਗਰੋਂ 1993 ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਸਿਰਫ 2 ਸੀਟਾਂ ਹੀ ਜਿੱਤ ਸਕੀ ਸੀ। ਉਧਰ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਾਗੀ ਸੁਰ ਅਲਾਪਦਿਆਂ ਕਿਹਾ ਹੈ ਕਿ ਟੋਰਾਂਟੋ-ਸੇਂਟ ਪੌਲ ਤੋਂ ਆ ਰਿਹਾ ਸੁਨੇਹਾ ਬਿਲਕੁਲ ਸਾਫ ਅਤੇ ਸਪੱਸ਼ਟ ਹੈ। ਮਾਰਕ ਮਿਲਰ ਜੋ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਦੋਸਤ ਵੀ ਹਨ, ਵੱਲੋਂ ਜਨਤਕ ਤੌਰ ’ਤੇ ਜਸਟਿਨ ਟਰੂਡੋ ਵਿਰੁੱਧ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਐਨਾ ਜ਼ਰੂਰ ਕਿਹਾ ਕਿ ਪਾਰਟੀ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ, ‘‘ਨਜ਼ਦੀਕੀ ਦੋਸਤ ਹੋਣ ਦੇ ਨਾਤੇ ਮੈਂ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਮੰਤਰੀ ਹੋਣ ਦੇ ਨਾਤੇ ਕਹਿਣਾ ਚਾਹੁੰਦਾ ਹਾਂ ਕਿ ਪਿਅਰੇ ਪੌਇਲੀਐਵ ਨੂੰ ਹਰਾਉਣ ਲਈ ਟਰੂਡੋ ਬਿਹਤਰ ਥਾਂ ’ਤੇ ਮੌਜੂਦ ਹਨ।’’
ਸਿਰਫ 15 ਸੀਟਾਂ ਤੱਕ ਸੀਮਤ ਹੋ ਸਕਦੀ ਹੈ ਸੱਤਾਧਾਰੀ ਧਿਰ
ਇਸੇ ਦੌਰਾਨ ਲਿਬਰਲ ਕੌਕਸ ਵਿਚ ਨਾਰਾਜ਼ਗੀ ਦੇ ਮਸਲੇ ’ਤੇ ਵਾਤਾਵਰਣ ਮੰਤਰੀ ਸਟੀਵਨ ਗਿਲਬੋਅ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਲੀਮੈਂਟ ਮੈਂਬਰ ਜਾਂ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਦੇ ਅਸਤੀਫੇ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸੇ ਦੌਰਾਨ ‘ਕੈਲਗਰੀ ਹੈਰਲਡ’ ਰਿਪੋਰਟ ਵਿਚ ਕੈਨੇਡਾ ਦੀਆਂ ਆਮ ਚੋਣਾਂ ਬਾਰੇ ਵੱਖਰਾ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਰਿਪੋਰਟ ਕਹਿੰਦੀ ਹੈ ਕਿ 1997 ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 20 ਸੀਟਾਂ ਮਿਲੀਆਂ ਸਨ ਪਰ 2000 ਵਿਚ 12 ਸੀਟਾਂ ਹੀ ਮਿਲ ਸਕੀਆਂ। ਟੋਰੀਆਂ ਨੇ ਜੀ.ਐਸ.ਟੀ. ਲਿਆਂਦਾ ਅਤੇ 1993 ਵਿਚ ਸੱਤਾ ਤੋਂ ਬਾਹਰ ਹੋ ਗਏ। ਇਸ ਵੇਲੇ ਲਿਬਰਲ ਪਾਰਟੀ ਦਾ ਕਾਰਬਨ ਟੈਕਸ ਬਿਲਕੁਲ ਉਸੇ ਕਿਸਮ ਦੇ ਹਾਲਾਤ ਪੈਦਾ ਕਰ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਕੈਨੇਡਾ ਦੇ ਜ਼ਿਆਦਾਤਰ ਪਾਰਲੀਮਾਨੀ ਹਲਕਿਆਂ ਵਿਚ ਟੋਰਾਂਟੋ-ਸੇਂਟ ਪੌਲ ਵਰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਰੂਡੋ ਵੱਲੋਂ ਅਸਤੀਫਾ ਦੇਣ ਦੀ ਸੂਰਤ ਵਿਚ ਵੀ ਲਿਬਰਲ ਪਾਰਟੀ ਦੀ ਕਾਰਗੁਜ਼ਾਰੀ ਵਿਚ ਸੁਧਾਰ ਆਉਣਾ ਮੁਸ਼ਕਲ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਟਰੂਡੋ ਦੀ ਉਤਰਾਧਿਕਾਰੀ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦੀ ਯੂਨੀਵਰਸਿਟੀ-ਰੋਜ਼ਡੇਲ ਸੀਟ ਬਿਲਕੁਲ ਸੇਂਟ ਪੌਲ ਦੇ ਨਾਲ ਲਗਦੀ ਹੈ ਜਿਥੇ 2025 ਦੀਆਂ ਚੋਣਾਂ ਵਿਚ ਹਾਲਾਤ ਬਦਲ ਸਕਦੇ ਹਨ। ਇਸ ਦੇ ਉਲਟ ਕੁਝ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਟੋਰਾਂਟੋ-ਸੇਂਟ ਪੌਲ ਸੀਟ ਕਮਜ਼ੋਰ ਉਮੀਦਵਾਰ ਹੋਣ ਕਾਰਨ ਲਿਬਰਲ ਪਾਰਟੀ ਦੇ ਹੱਥੋਂ ਗਈ। 1993 ਤੋਂ ਲਗਾਤਾਰ ਹੋ ਰਹੀ ਜਿੱਤ ਨੂੰ ਵੇਖਦਿਆਂ ਲਿਬਰਲ ਪਾਰਟੀ ਨੂੰ ਭੁਲੇਖਾ ਪੈ ਗਿਆ ਕਿ ਇਸ ਰਾਈਡਿੰਗ ਤੋਂ ਕੋਈ ਵੀ ਚੋਣ ਜਿੱਤ ਸਕਦਾ ਹੈ ਪਰ ਇਸ ਵਾਰ ਅਜਿਹਾ ਨਾ ਹੋ ਸਕਿਆ।