ਲਿਬਰਲ ਪਾਰਟੀ ਦੀ ਹਾਰ ਦੇ ਬਾਵਜੂਦ ਅਸਤੀਫ਼ਾ ਨਹੀਂ ਦੇਣਗੇ ਜਸਟਿਨ ਟਰੂਡੋ
ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਪਾਰਲੀਮਾਨੀ ਸੀਟ ’ਤੇ ਮਿਲੀ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
ਔਟਵਾ : ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਪਾਰਲੀਮਾਨੀ ਸੀਟ ’ਤੇ ਮਿਲੀ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਭਾਵੇਂ ਲਿਬਰਲ ਪਾਰਟੀ ਦੇ ਕੁਝ ਸੀਨੀਅਰ ਆਗੂ ਦਬੀ ਜ਼ੁਬਾਨ ਵਿਚ ਟਰੂਡੋ ਦਾ ਵਿਰੋਧ ਕਰ ਰਹੇ ਹਨ ਪਰ ਖੁੱਲ੍ਹ ਕੇ ਕੋਈ ਸਾਹਮਣੇ ਨਹੀਂ ਆ ਰਿਹਾ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਬਿਨਾ ਸ਼ੱਕ ਜ਼ਿਮਨੀ ਚੋਣ ਦਾ ਨਤੀਜਾ ਨਮੋਸ਼ੀ ਵਾਲਾ ਰਿਹਾ ਪਰ ਜਸਟਿਨ ਟਰੂਡੋ ਅਗਲੀਆਂ ਆਮ ਚੋਣਾਂ ਦੌਰਾਨ ਪਾਰਟੀ ਦੀ ਅਗਵਾਈ ਕਰਨਗੇ। ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਅਜਿਹੇ ਨਤੀਜੇ ਦੀ ਉਮੀਦ ਨਹੀਂ ਸੀ ਪਰ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਲੋਕਾਂ ਦੀਆਂ ਚਿੰਤਾਵਾਂ ਅਤੇ ਗੁੱਸਾ ਉਭਰ ਕੇ ਸਾਹਮਣੇ ਆਇਆ ਹੈ।
ਕ੍ਰਿਸਟੀਆ ਫਰੀਲੈਂਡ ਨੇ ਕਿਹਾ, ਟਰੂਡੋ ਦੀ ਅਗਵਾਈ ਹੇਠ ਲੜਾਂਗੇ ਆਮ ਚੋਣਾਂ
ਟਰੂਡੋ ਨੇ ਅੱਗੇ ਕਿਹਾ ਕਿ ਸਮੁੱਚੀ ਲਿਬਰਲ ਟੀਮ ਨੂੰ ਹੋਰ ਡਟ ਕੇ ਕੰਮ ਕਰਨਾ ਹੋਵੇਗਾ ਤਾਂਕਿ ਮੁਲਕ ਦੇ ਲੋਕਾਂ ਤੱਕ ਸਹੀ ਸੁਨੇਹਾ ਪਹੁੰਚਾਇਆ ਜਾ ਸਕੇ। ਇਥੇ ਦਸਣਾ ਬਣਦਾ ਹੈ ਕਿ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਕਈ ਸਿਆਸੀ ਮਾਹਰ ਵੀ ਹੈਰਾਨ ਹਨ। ਜ਼ਿਮਨੀ ਚੋਣ ਦੌਰਾਨ 43.5 ਫੀ ਸਦੀ ਪੋÇਲੰਗ ਹੋਈ ਜੋ ਆਮ ਨਾਲੋਂ ਵੱਧ ਬਣਦੀ ਹੈ ਅਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਮੁਲਕ ਵਿਚ ਬਦਲਾਅ ਚਾਹੁੰਦੇ ਹਨ। ਲਿਬਰਲ ਪਾਰਟੀ ਦੇ ਸਾਬਕਾ ਸਟਾਫਰ ਜੈਰੇਮੀ ਗੀਓ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ ਵਿਚ ਕੈਨੇਡੀਅਨ ਵੋਟਰ ਜਸਟਿਨ ਟਰੂਡੋ ਤੋਂ ਅੱਕ ਚੁੱਕੇ ਹਨ। ਜੈਰੇਮੀ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਸਾਲ 2000 ਵਿਚ ਸਪੌਂਸਰਸ਼ਿਪ ਸਕੈਂਡਲ ਦੇ ਬਾਵਜੂਦ ਟੋਰਾਂਟੋ-ਸੇਂਟ ਪੌਲ ਸੀਟ ਲਿਬਰਲ ਪਾਰਟੀ ਦੀ ਝੋਲੀ ਵਿਚ ਗਈ। ਸਟੀਫਨ ਹਾਰਪਰ ਦੀ ਸਰਕਾਰ ਵੇਲੇ ਵੀ ਲਿਬਰਲ ਪਾਰਟੀ ਦੇ ਗੜ੍ਹ ਵਿਚ ਕੋਈ ਸੰਨ੍ਹ ਨਾ ਲਾ ਸਕਿਆ ਪਰ ਇਸ ਵਾਰ ਕਿਲਾ ਢਹਿ ਗਿਆ। ਇਸੇ ਦੌਰਾਨ ਚੋਣ ਨਤੀਜਿਆਂ ਨੂੰ ਇਕ ਪਾਸੇ ਰਖਦਿਆਂ ਕ੍ਰਿਸਟੀਆ ਫਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਵਿਚ ਭਰੋਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਪਾਰਟੀ ਆਪਣੀ ਹਾਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕੈਬਨਿਟ ਮੰਤਰੀ ਕਰੀਨਾ ਗੂਲਡ ਦਾ ਕਹਿਣਾ ਸੀ ਕਿ ਲਿਬਰਲ ਪਾਰਟੀ ਨੂੰ ਮੁੜ ਜਥੇਬੰਦ ਹੋਣਾ ਪਵੇਗਾ ਅਤੇ ਮੁਲਕ ਦੇ ਲੋਕਾਂ ਨਾਲ ਹੋਰ ਨੇੜਿਉਂ ਜੁੜਨ ਦੇ ਯਤਨ ਕਰਨੇ ਹੋਣਗੇ। ਕਰੀਨਾ ਗੂਲਡ ਨੇ ਦਲੀਲ ਦਿਤੀ ਕਿ ਆਮ ਚੋਣਾਂ ਵਿਚ 16 ਮਹੀਨੇ ਬਾਕੀ ਹਨ ਅਤੇ ਐਨੇ ਲੰਮੇ ਸਮੇਂ ਦੌਰਾਨ ਬਹੁਤ ਕੁਝ ਬਦਲਿਆ ਜਾ ਸਕਦਾ ਹੈ। ਕਰੀਨਾ ਗੂਲਡ ਦੀਆਂ ਟਿੱਪਣੀਆਂ ਨਾਲ ਲਿਬਰਲ ਕੌਕਸ ਦੇ ਕੁਝ ਮੈਂਬਰ ਬਿਲਕੁਲ ਸਹਿਮਤ ਨਹੀਂ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਟਰੂਡੋ ਨੂੰ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।