ਜਸਟਿਨ ਟਰੂਡੋ ਨੇ ਆਜ਼ਾਦੀ ਦਿਹਾੜੇ ਮੌਕੇ ਭਾਰਤੀਆਂ ਨੂੰ ਦਿਤੀ ਵਧਾਈ
ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਉਤਰੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਸਮਾਗਮ ਕਰਵਾਏ ਗਏ ਅਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੇ ਕੈਨੇਡੀਅਨਜ਼ ਸਣੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਵਧਾਈ ਦਿਤੀ।
ਸਰੀ : ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਉਤਰੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਸਮਾਗਮ ਕਰਵਾਏ ਗਏ ਅਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੇ ਕੈਨੇਡੀਅਨਜ਼ ਸਣੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਵਧਾਈ ਦਿਤੀ। ਦੂਜੇ ਪਾਸੇ ਸਰੀ ਵਿਖੇ ਖਾਲਿਸਤਾਨ ਹਮਾਇਤੀਆਂ ਅਤੇ ਆਜ਼ਾਦੀ ਦਿਹਾੜੇ ਮੌਕੇ ਮਾਰਚ ਕੱਢ ਰਹੇ ਭਾਰਤੀ ਮੂਲ ਦੇ ਲੋਕਾਂ ਦਰਮਿਆਨ ਟਕਰਾਅ ਦੀ ਨੌਬਤ ਆ ਗਈ। ਸਰੀ ਆਰ.ਸੀ.ਐਮ.ਪੀ. ਦੇ ਅਫਸਰਾਂ ਨੇ ਦੋਹਾਂ ਧਿਰ ਦਰਮਿਆਨ ਖੜ੍ਹੇ ਹੋ ਕੇ ਹਾਲਾਤ ਨੂੰ ਕੰਟਰੋਲ ਕੀਤਾ।
ਸਰੀ ਵਿਖੇ ਪੁਲਿਸ ਦੇ ਦਖਲ ਮਗਰੋਂ ਟਲਿਆ ਟਕਰਾਅ
ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਜਿਥੇ 130 ਕਰੋੜ ਤੋਂ ਵੱਧ ਲੋਕਾਂ ਦਾ ਘਰ ਹੈ, ਉਥੇ ਹੀ ਮੁਲਕ ਨਾਲ ਸਬੰਧ ਲੋਕ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਵਸਦੇ ਹਨ। ਭਾਰਤੀ ਮੂਲ ਦੇ ਕੈਨੇਡੀਅਨ ਸਾਡੇ ਮੁਲਕ ਦੇ ਵੰਨ-ਸੁਵੰਨੇ ਸਭਿਆਚਾਰਕ ਗੁਲਦਸਤੇ ਦਾ ਅਹਿਮ ਹਿੱਸਾ ਹਨ ਜਿਨ੍ਹਾਂ ਨੇ ਕੈਨੇਡਾ ਨੂੰ ਮਜ਼ਬੂਤ ਬਣਾਉਣ ਅਤੇ ਅੱਗੇ ਲਿਜਾਣ ਵਿਚ ਵੱਡਾ ਯੋਗਦਾਨ ਪਾਇਆ। ਇੰਡੋ ਪੈਸੇਫਿਕ ਭਾਈਵਾਲ ਹੋਣ ਦੇ ਨਾਤੇ ਕੈਨੇਡਾ, ਭਾਰਤ ਨਾਲ ਮੋਢੇ ਨਾਲ ਮੋਢਾ ਜੋੜ ਕੇ ੰਮ ਕਰਨਾ ਚਾਹੁੰਦਾ ਹੈ। ਇਸੇ ਦੌਰਾਨ ਵੈਨਕੂਵਰ ਵਿਖੇ ਸਥਿਤ ਭਾਰਤੀ ਕੌਂਸਲੇਟ ਵਿਖੇ ਤਿਰੰਗਾ ਲਹਿਰਾਉਣ ਦਾ ਰਸਮ ਕੌਂਸਲ ਜਨਰਲ ਮਸਾਕੂਹੀ ਰੰਗਸੰਗ ਨੇ ਅਦਾ ਕੀਤੀ। ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਦੂਜੇ ਪਾਸੇ ਸਰੀ ਵਿਖੇ ਦੋ ਧਿਰਾਂ ਵਿਚਾਲੇ ਸੰਭਾਵਤ ਟਕਰਾਅ ਨੂੰ ਵੇਖਦਿਆਂ ਪੁਲਿਸ ਨੇ ਮੌਕਾ ਸੰਭਾਲਿਆ ਅਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ।