ਕੈਨੇਡਾ ਅਤੇ ਅਮਰੀਕਾ ਵਿਚ ਮਨਾਇਆ ਭਾਰਤ ਦਾ 78ਵਾਂ ਆਜ਼ਾਦੀ ਦਿਹਾੜਾ

ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਮਾਗਮ ਕਰਵਾਏ ਗਏ ਅਤੇ ਨਿਊ ਯਾਰਕ ਦੀ ਇੰਡੀਆ ਡੇਅ ਪਰੇਡ ਵਿਚ ਰਾਮ ਮੰਦਰ ਦੀ ਝਾਕੀ ਵੀ ਕੱਢੀ ਗਈ;

Update: 2024-08-19 12:51 GMT

ਨਿਊ ਯਾਰਕ : ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਮਾਗਮ ਕਰਵਾਏ ਗਏ ਅਤੇ ਨਿਊ ਯਾਰਕ ਦੀ ਇੰਡੀਆ ਡੇਅ ਪਰੇਡ ਵਿਚ ਰਾਮ ਮੰਦਰ ਦੀ ਝਾਕੀ ਵੀ ਕੱਢੀ ਗਈ ਜਿਸ ਨੂੰ ਲੈ ਕੇ 22 ਸਮਾਜਿਕ ਜਥੇਬੰਦੀਆਂ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਸੀ। ਉਧਰ ਟੋਰਾਂਟੋ ਵਿਖੇ ਐਤਵਾਰ ਨੂੰ ਕੱਢੀ ਗਈ ਪਰੇਡ ਦੌਰਾਨ ਖਾਲਿਸਤਾਨ ਹਮਾਇਤੀਅ ‘ਗੋ ਬੈਕ ਟੂ ਇੰਡੀਆ’ ਦੇ ਨਾਹਰੇ ਲਾਉਂਦੇ ਨਜ਼ਰ ਆਏ ਜਦਕਿ ਕੈਲਗਰੀ ਵਿਖੇ ਆਜ਼ਾਦੀ ਦਿਹਾੜੇ ਮੌਕੇ ਵੱਡਾ ਸਮਾਗਮ ਕਰਵਾਇਆ ਗਿਆ। ਨਿਊ ਯਾਰਕ ਦੀ ਇੰਡੀਆ ਡੇਅ ਪਰੇਡ ਵਿਚ 40 ਤੋਂ ਵੱਧ ਫਲੋਟ ਸ਼ਾਮਲ ਕੀਤੇ ਗਏ ਅਤੇ ਫਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ, ਪੰਕਜ ਤ੍ਰਿਪਾਠੀ ਅਤੇ ਭਾਜਪਾ ਦੇ ਐਮ.ਪੀ. ਮਨੋਜ ਤਿਵਾੜੀ ਨੇ ਸ਼ਿਰਕਤ ਕੀਤੀ।

ਖਾਲਿਸਤਾਨ ਹਮਾਇਤੀਆਂ ਨੇ ਲਾਏ ‘ਗੋ ਬੈਕ ਟੂ ਇੰਡੀਆ’ ਦੇ ਨਾਹਰੇ

ਪਰੇਡ ਵਿਚ ਰਾਮ ਮੰਦਰ ਦੀ ਝਾਕੀ ਸ਼ਾਮਲ ਕੀਤੇ ਜਾਣ ਦਾ ਵਿਰੋਧ ਹੋਣ ਦੇ ਮੱਦੇਨਜ਼ਰ ਕਿਸੇ ਅਣਸੁਖਾਵੀਂ ਘਟਨਾ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਭ ਕੁਝ ਠੀਕ-ਠਾਕ ਰਿਹਾ। ਇਥੇ ਦਸਣਾ ਬਣਦਾ ਹੈ ਕਿ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਨਾਲ ਸਬੰਧਤ ਵੱਖ ਵੱਖ ਸਿਵਲ ਸੋਸਾਇਟੀ ਜਥੇਬੰਦੀਆਂ ਨੇ ਰਾਮ ਮੰਦਰ ਦੇ ਫਲੋਟ ਨੂੰ ਮੁਸਲਮਾਨ ਵਿਰੋਧੀ ਦੱਸਿਆ ਜਦਕਿ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼ ਨੇ ਦਾਅਵਾ ਕੀਤਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ। ਸਿਵਲ ਸੋਸਾਇਟੀ ਨਾਲ ਸਬੰਧਤ 22 ਜਥੇਬੰਦੀਆਂ ਵੱਲੋਂ ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਅਤੇ ਮੇਅਰ ਐਰਿਕ ਐਡਮਜ਼ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਸੀ।

ਨਿਊ ਯਾਰਕ ਦੀ ਪਰੇਡ ਵਿਚ ਸ਼ਾਮਲ ਹੋਈ ਰਾਮ ਮੰਦਰ ਦੀ ਝਾਕੀ

ਜਥੇਬੰਦੀਆਂ ਨੇ ਦਲੀਲ ਦਿਤੀ ਕਿ ਰਾਮ ਮੰਦਰ ਦਾ ਫਲੋਟ ਅਸਲ ਵਿਚ ਧਾਰਮਿਕ ਜਾਂ ਸਭਿਆਚਾਰਕ ਪੇਸ਼ਕਾਰੀ ਨਹੀਂ ਸਗੋਂ ਭਾਰਤ ਦੇ 20 ਕਰੋੜ ਮੁਸਲਮਾਨਾਂ ਦੀ ਹੇਠੀ ਕਰਨ ਦਾ ਯਤਨ ਹੈ। ਦੂਜੇ ਪਾਸੇ ਟੋਰਾਂਟੋ ਦੇ ਨੇਥਨ ਫਿਲਿਪਸ ਸਕੁਏਅਰ ਵਿਖੇ ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਵੱਡਾ ਸਮਾਗਮ ਕਰਵਾਇਆ ਗਿਆ। ਕੈਲਗਰੀ ਵਿਖੇ 78ਵਾਂ ਆਜ਼ਾਦੀ ਦਿਹਾੜਾ ਮਨਾਉਣ 7 ਹਜ਼ਾਰ ਤੋਂ ਵੱਧ ਲੋਕ ਇਕੱਤਰ ਹੋਏ ਅਤੇ ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਦੇ ਕੌਂਸਲ ਜਨਰਲ ਮਸਾਕੁਈ ਰੰਗਸੰਗ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਵਿਚ ਕੈਨੇਡੀਅਨ ਐਮ.ਪੀਜ਼ ਤੋਂ ਇਲਾਵਾ ਐਲਬਰਟਾ ਤੋਂ ਐਮ.ਐਲ.ਏ. ਅਤੇ ਕੈਲਗਰੀ ਸ਼ਹਿਰ ਦੇ ਕੌਂਸਲਰਾਂ ਨੇ ਵੀ ਸ਼ਿਰਕਤ ਕੀਤੀ। ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਵਧਾਈ ਦਿਤੀ ਗਈ।

Tags:    

Similar News