ਕੈਨੇਡਾ ਵਿਚ ਭਾਰਤੀ ਨੇ ਕਬੂਲ ਕੀਤਾ ਬੱਚਾ ਅਗਵਾ ਕਰਨ ਦਾ ਗੁਨਾਹ
ਬਰੈਂਪਟਨ ਦੇ ਮਨੋਜ ਗੋਵਿੰਦ ਬਲੁਨਿਕਮ ਨੇ ਬੱਚਾ ਅਗਵਾ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ।
ਬਰੈਂਪਟਨ : ਬਰੈਂਪਟਨ ਦੇ ਮਨੋਜ ਗੋਵਿੰਦ ਬਲੁਨਿਕਮ ਨੇ ਬੱਚਾ ਅਗਵਾ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। 37 ਸਾਲ ਦੇ ਰੀਅਲੇਟਰ ਵਿਰੁੱਧ ਅਗਸਤ 2023 ਵਿਚ ਉਨਟਾਰੀਓ ਦੇ ਥੈਸਾਲੌਨ ਕਸਬੇ ਵਿਚ ਬੱਚਾ ਅਗਵਾ ਕਰਨ ਦੇ ਦੋਸ਼ ਲੱਗੇ ਸਨ। ਸੌਲਟ ਸੇਂਟ ਮੈਰੀ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਮਨੋਜ ਦੀ ਵਕੀਲ ਜੈਸਿਕਾ ਬੈਲਾਈਲ ਵੱਲੋਂ ਕਬੂਲਨਾਮਾ ਦਾਖਲ ਕੀਤਾ ਗਿਆ ਜਦਕਿ ਮਨੋਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤੀ ਕਾਰਵਾਈ ਵਿਚ ਸ਼ਾਮਲ ਹੋਇਆ। ਘਟਨਾ 15 ਅਗਸਤ 2023 ਨੂੰ ਵਾਪਰੀ ਜਦੋਂ ਮਨੋਜ ਨੇ 9 ਸਾਲ ਦੇ ਇਕ ਬੱਚੇ ਨੂੰ ਵਰਗਲਾ ਕੇ ਆਪਣੀ ਗੱਡੀ ਵਿਚ ਬਿਠਾਇਆ। 16 ਅਗਸਤ ਨੂੰ ਪੁਲਿਸ ਨੇ ਮਨੋਜ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਦ ਕਰ ਦਿਤੇ। ਇਥੇ ਦਸਣਾ ਬਣਦਾ ਹੈ ਕਿ 9 ਸਾਲ ਦਾ ਬੱਚੇ ਦਰਿਆ ਦੇ ਕੰਢੇ ’ਤੇ ਮੱਛੀਆਂ ਫੜ ਰਿਹਾ ਸੀ ਜਦੋਂ ਮਨੋਜ ਗੋਵਿੰਦ ਬਲੁਨਿਕਮ ਆਪਣੀ ਪੀਲੇ ਰੰਗ ਦੀ ਗੱਡੀ ਵਿਚ ਉਸ ਕੋਲ ਪੁੱਜਾ ਅਤੇ ਖਿਡੌਣੇ ਸਣੇ ਆਈਸ ਕ੍ਰੀਮ ਲੈ ਕੇ ਦੇਣ ਦਾ ਲਾਲਚ ਦਿਤਾ।
ਬਰੈਂਪਟਨ ਦੇ ਮਨੋਜ ਵਿਰੁੱਧ ਅਗਸਤ 2023 ਵਿਚ ਲੱਗੇ ਸਨ ਦੋਸ਼
ਬੱਚੇ ਦੇ ਇਕ ਗੁਆਂਢੀ ਨੇ ਉਸ ਨੂੰ ਅਣਜਾਣ ਬੰਦੇ ਨਾਲ ਗੱਡੀ ਵਿਚ ਬੈਠਦਿਆਂ ਦੇਖ ਲਿਆ ਅਤੇ ਪਰਵਾਰ ਨੂੰ ਸੁਚੇਤ ਕਰ ਦਿਤਾ। ਪਰਵਾਰ ਅਤੇ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਕੁਝ ਦੇਰ ਬਾਅਦ ਕਸਬੇ ਦੇ ਇਕ ਹਿੱਸੇ ਵਿਚ ਬੱਚਾ ਆਈਸ ਕ੍ਰੀਮ ਖਾਂਦਾ ਮਿਲ ਗਿਆ। ਮਨੋਜ ਨੇ ਦਾਅਵਾ ਕੀਤਾ ਕਿ ਉਹ ਰੀਅਲ ਅਸਟੇਟ ਏਜੰਟ ਹੈ ਅਤੇ ਇਲਾਕੇ ਵਿਚ ਕੋਈ ਪ੍ਰੌਪਰਟੀ ਖਰੀਦਣਾ ਚਾਹੁੰਦਾ ਹੈ ਪਰ ਪੁਲਿਸ ਨੇ ਉਸ ਉਤੇ ਯਕੀਨ ਨਾ ਕੀਤਾ ਅਤੇ 14 ਸਾਲ ਤੋਂ ਘੱਟ ਉਮਰ ਦਾ ਬੱਚਾ ਅਗਵਾ ਕਰਨ ਦੇ ਦੋਸ਼ ਆਇਦ ਕਰ ਦਿਤੇ। ਮਨੋਜ ਦਾ ਥੈਸਾਲੌਨ ਵਿਚ ਦਾਖਲਾ ਬੰਦ ਕਰ ਦਿਤਾ ਗਿਆ ਅਤੇ ਹਥਿਆਰ ਰੱਖਣ ’ਤੇ ਪਾਬੰਦੀ ਲਾ ਦਿਤੀ ਗਈ। ਅਦਾਲਤ ਵੱਲੋਂ 37 ਸਾਲ ਦੇ ਮਨੋਜ ਨੂੰ ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।