ਉਨਟਾਰੀਓ ਦੇ ਯਾਰਕ ਰੀਜਨ ’ਚ ਕਾਰਜੈਕਿੰਗ ਦੀਆਂ ਵਾਰਦਾਤਾਂ 106 ਫੀ ਸਦੀ ਵਧੀਆਂ

ਟੋਰਾਂਟੋ ਅਤੇ ਨਾਲ ਲਗਦੇ ਸ਼ਹਿਰਾਂ ਵਿਚ ਹਥਿਆਰਾਂ ਦੀ ਨੋਕ ’ਤੇ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਵਿਚ ਵਾਧੇ ਦਰਮਿਆਨ ਯਾਰਕ ਰੀਜਨਲ ਪੁਲਿਸ ਵੱਲੋਂ ਆਪਣੇ ਇਲਾਕੇ ਵਿਚ 106 ਫੀ ਸਦੀ ਵਾਧਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ।

Update: 2024-08-28 11:22 GMT

ਵੌਅਨ : ਟੋਰਾਂਟੋ ਅਤੇ ਨਾਲ ਲਗਦੇ ਸ਼ਹਿਰਾਂ ਵਿਚ ਹਥਿਆਰਾਂ ਦੀ ਨੋਕ ’ਤੇ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਵਿਚ ਵਾਧੇ ਦਰਮਿਆਨ ਯਾਰਕ ਰੀਜਨਲ ਪੁਲਿਸ ਵੱਲੋਂ ਆਪਣੇ ਇਲਾਕੇ ਵਿਚ 106 ਫੀ ਸਦੀ ਵਾਧਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਪੁਲਿਸ ਮੁਖੀ ਜਿਮ ਮੈਕਸਵੀਨ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ 92 ਫੀ ਸਦੀ ਵਾਧਾ ਹੋਇਆ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਗੱਡੀ ਚੋਰੀ ਦੀਆਂ ਵਾਰਦਾਤਾਂ ਪਿਛਲੇ ਸਾਲ ਦੇ ਮੁਕਾਬਲੇ 33 ਫੀ ਸਦੀ ਘਟੀਆਂ ਪਰ ਕਾਰਜੈਕਿੰਗ ਦੀਆਂ ਵਾਰਦਾਤਾਂ ਵਿਚ 2019 ਮਗਰੋਂ 400 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਹਾਲਾਤ ਨਾਲ ਨਜਿੱਠਣ ਲਈ ਨਵੀਂ ਟਾਸਕ ਫੋਰਸ ਗਠਤ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਅਫਸਰ ਸਿਰਫ ਕਾਰਜੈਕਿੰਗ ਦੀਆਂ ਵਾਰਦਾਤਾਂ ਦੀ ਪੜਤਾਲ ਕਰਨਗੇ। ਮੈਕਸਵੀਨ ਵੱਲੋਂ ਹੋਰਨਾਂ ਹਿੰਸਕ ਅਪਰਾਧਾਂ ਨਾਲ ਅੰਕੜੇ ਵੀ ਸਾਂਝੇ ਕੀਤੇ ਗਏ ਜਿਨ੍ਹਾਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ 15 ਕਤਲ ਹੋ ਚੁੱਕੇ ਹਨ ਅਤੇ ਗੋਲੀਬਾਰੀ ਦੀਆਂ 46 ਵਾਰਦਾਤਾਂ ਦਰਜ ਕੀਤੀਆਂ ਗਈਆਂ।

ਗੋਲੀਬਾਰੀ ਦੀਆਂ ਵਾਰਦਾਤਾਂ ਵਿਚ 92 ਫੀ ਸਦੀ ਵਾਧਾ ਹੋਇਆ

ਪੁਲਿਸ ਵੱਲੋਂ ਜਥੇਬੰਦ ਗਿਰੋਹਾਂ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਅਮਰੀਕਾ ਵਾਲੇ ਪਾਸਿਓਂ ਨਾਜਾਇਜ਼ ਹਥਿਆਰਾਂ ਦਾ ਤਸਕਰੀ ਵਿਚ ਇਨ੍ਰਾਂ ਦਾ ਵੱਡਾ ਯੋਗਦਾਨ ਹੈ। ਸਿਰਫ ਐਨਾ ਹੀ ਨਹੀਂ ਨੌਜਵਾਨਾਂ ਨੂੰ ਲਾਲਚ ਦੇ ਕੇ ਅਪਰਾਧ ਸਰਗਰਮੀਆਂ ਵਿਚ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਪੁਲਿਸ ਮੁਖੀ ਨੇ ਅੱਗੇ ਕਿਹਾ ਕਿ ਟੋਅ ਟਰੱਕ ਡਰਾਈਵਰਾਂ ਦੀਆਂ ਕੁਝ ਜਥੇਬੰਦੀਆਂ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਬੰਦੂਕ ਹਿੰਸਾ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਅਜਿਹਾ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਨੌਜਵਾਨਾਂ ਨੂੰ ਹਥਿਆਰ ਲਹਿਰਾਉਂਦੇ ਦੇਖਿਆ ਗਿਆ ਜਦਕਿ ਕਈ ਮੌਕਿਆਂ ’ਤੇ ਪੀੜਤਾਂ ਦੇ ਘਰ ਨਿਸ਼ਾਨਾ ਵੀ ਬਣੇ। ਦੂਜੇ ਪਾਸੇ ਨਸਲੀ ਨਫ਼ਰਤ ਦਾ ਜ਼ਿਕਰ ਕਰਦਿਆਂ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਅਜਿਹੇ ਅਪਰਾਧਾਂ ਵਿਚ ਚਾਰ ਫੀ ਸਦੀ ਵਾਧਾ ਹੋਇਆ ਹੈ। ਅੰਤ ਵਿਚ ਜਿਮ ਮੈਕਸਵੀਨ ਨੇ ਆਖਿਆ ਕਿ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

Tags:    

Similar News