ਕੈਨੇਡਾ ’ਚ ਪੰਜਾਬੀ ਨੌਜਵਾਨ ਨੂੰ ਪਾਣੀ ਵਿਚ ਛਾਲ ਮਾਰਨੀ ਪਈ ਮਹਿੰਗੀ
ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ ਪਾਣੀ ਵਿਚ ਛਾਲ ਮਾਰਨ ਦੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਆਪਣੇ ਦੋਸਤਾਂ ਨਾਲ ਸੈਰ-ਸਪਾਟਾ ਕਰਨ ਨੌਰਥ ਵੈਨਕੂਵਰ ਦੇ ਲਿਨ ਕੈਨੀਅਨ ਪੁੱਜੇ ਹਰਮਨ ਸੰਧੂ ਨੂੰ ਤੈਰਨਾ ਨਹੀਂ ਸੀ ਆਉਂਦਾ
ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ ਪਾਣੀ ਵਿਚ ਛਾਲ ਮਾਰਨ ਦੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਆਪਣੇ ਦੋਸਤਾਂ ਨਾਲ ਸੈਰ-ਸਪਾਟਾ ਕਰਨ ਨੌਰਥ ਵੈਨਕੂਵਰ ਦੇ ਲਿਨ ਕੈਨੀਅਨ ਪੁੱਜੇ ਹਰਮਨ ਸੰਧੂ ਨੂੰ ਤੈਰਨਾ ਨਹੀਂ ਸੀ ਆਉਂਦਾ ਪਰ ਇਸ ਦੇ ਬਾਵਜੂਦ ਪੁਲ ਤੋਂ ਪਾਣੀ ਵਿਚ ਛਾਲ ਮਾਰ ਦਿਤੀ ਅਤੇ ਬਾਹਰ ਨਾ ਨਿਕਲ ਸਕਿਆ। ਨੌਰਥ ਵੈਨਕੂਵਰ ਜ਼ਿਲ੍ਹੇ ਦੀ ਫਾਇਰ ਰੈਸਕਿਊ ਸਰਵਿਸ ਦੇ ਸਹਾਇਕ ਮੁਖੀ ਸਕੌਟ ਫਰਗਿਊਸਨ ਨੇ ਦੱਸਿਆ ਕਿ ਐਮਰਜੰਸੀ ਕਾਲ ਆਉਂਦਿਆਂ ਹੀ ਰਾਹਤ ਕਾਮੇ ਲਿਨ ਕੈਨੀਅਨ ਵੱਲ ਰਵਾਨਾ ਹੋ ਗਏ ਅਤੇ ਇਕ ਕਿਸ਼ਤੀ ਰਾਹੀਂ ਨੌਜਵਾਨ ਦੀ ਭਾਲ ਆਰੰਭ ਦਿਤੀ। ਕੁਝ ਮਿੰਟਾਂ ਦੀ ਜੱਦੋਜਹਿਦ ਮਗਰੋਂ ਨਦੀ ਦੇ ਇਕ ਪਾਸੇ ਨੌਜਵਾਨ ਮਿਲ ਗਿਆ ਜਿਸ ਨੂੰ ਤੁਰਤ ਸੀ.ਪੀ.ਆਰ. ਦਿਤਾ ਗਿਆ ਅਤੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ।
ਮੁੜ ਬਾਹਰ ਨਾ ਆ ਸਕਿਆ ਹਰਮਨ ਸੰਧੂ
ਹਸਪਤਾਲ ਵਿਚ ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜ ਦਿਤਾ। ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਦੇ ਕਾਂਸਟੇਬਲ ਮਨਸੂਰ ਸਹਿਕ ਨੇ ਦੱਸਿਆ ਕਿ 20 ਤੋਂ 25 ਸਾਲ ਦੀ ਉਮਰ ਵਾਲਾ ਨੌਜਵਾਨ ਨਦੀ ਵਿਚੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਤਕਰੀਬਨ 20 ਮਿੰਟ ਪਾਣੀ ਵਿਚ ਰਿਹਾ। ਇਥੇ ਦਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਹਰਮਨ ਸੰਧੂ ਦੇ ਦੋਸਤਾਂ ਜਤਿੰਦਰ ਸਿੰਘ ਚਹਿਲ ਅਤੇ ਮਨਪ੍ਰੀਤ ਸਿੱਧੂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਆਰਥਿਕ ਮਦਦ ਦੀ ਮੰਗ ਕਰਦਿਆਂ ਉਨ੍ਹਾਂ ਦੱਸਿਆ ਕਿ ਹਰਮਨ ਸੰਧੂ ਇਕ ਤਰਾਸਦੀ ਭਰੇ ਹਾਦਸੇ ਦੌਰਾਨ ਸਦਾ ਲਈ ਵਿੱਛੜ ਗਿਆ ਜੋ ਸਾਡੀ ਕਮਿਊਨਿਟੀ ਵਿਚ ਬੇਹੱਦ ਹਰਮਨ ਪਿਆਰਾ ਸੀ। ਹਰਮਨ ਸੰਧੂ ਦੇ ਮਾਪੇ ਆਖਰੀ ਵਾਰ ਉਸ ਦਾ ਚਿਹਰਾ ਵੇਖਣਾ ਚਾਹੁੰਦੇ ਹਨ ਅਤੇ ਭਾਈਚਾਰੇ ਦੀ ਮਦਦ ਨਾਲ ਉਸ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬ ਰਹਿੰਦੇ ਮਾਪਿਆਂ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸੇ ਦੌਰਾਨ ਨੌਰਥ ਵੈਨਕੂਵਰ ਜ਼ਿਲ੍ਹੇ ਦੇ ਮੇਅਰ ਮਾਈਕ ਲਿਟਲ ਵੱਲੋਂ ਨੌਜਵਾਨ ਦੀ ਬੇਵਕਤੀ ਮੌਤ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂਕਿਹਾ ਕਿ ਲਿਨ ਕੈਨੀਅਨ ਜਾਣ ਵਾਲੇ ਸਾਰੇ ਲੋਕ ਆਪਣਾ ਧਿਆਨ ਰੱਖਣ। ਇਹ ਇਲਾਕਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਪਰ ਇਥੇ ਕਈ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਹਨ। ਦੱਸ ਦੇਈਏ ਕਿ ਇਕ ਮਗਰੋਂ ਇਕ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ ਹਨ। ਇਕ ਦਿਨ ਪਹਿਲਾਂ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਹਨੂੰਵਾਨ ਨਾਲ ਸਬੰਧਤ ਜਤਿਨਦੀਪ ਸਿੰਘ ਇਕ ਸੜਕ ਹਾਦਸੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਜਤਿਨਦੀਪ ਸਿੰਘ ਦੇ ਪਿਤਾ ਕੁਲਦੀਪ ਸਿੰਘ ਜਾਫਲਪੁਰ ਇਲਾਕੇ ਦੇ ਸੀਨੀਅਰ ਪੱਤਰਕਾਰ ਹਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਈ ਗਗਨਦੀਪ ਸਿੰਘ ਰਿਆੜ, ਡਾ. ਰਣਜੀਤ ਸਿੰਘ, ਅਮਨਦੀਪ ਸਿੰਘ ਰਿਆੜ, ਡਾ. ਗੁਰਨੇਕ ਸਿੰਘ ਅਤੇ ਭੁਪਿੰਦਰ ਸਿੰਘ ਗਿੱਲ ਸਣੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਕੁਲਦੀਪ ਸਿੰਘ ਜਾਫਲਪੁਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਦੂਜੇ ਪਾਸੇ ਕੁਝ ਦਿਨ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਰ੍ਹੇ ਨਾਲ ਸਬੰਧਤ ਬੇਅੰਤ ਕੌਰ ਦੀ ਦਿਲ ਦਾ ਦੌਰ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ। ਬੇਅੰਤ ਕੌਰ ਦੇ ਪਿਤਾ ਮਿੱਠੂ ਸਿੰਘ ਨੇ ਆਪਣੀ ਦੋ ਕਿੱਲੇ ਜ਼ਮੀਨ ਵਿਚੋਂ ਇਕ ਕਿੱਲਾ ਵੇਚ ਕੇ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਭੇਜਿਆ ਸੀ ਅਤੇ ਉਥੋਂ ਬੇਅੰਤ ਕੌਰ ਦੀ ਮੌਤ ਦੀ ਖਬਰ ਆ ਗਈ।