ਕੈਨੇਡਾ ਵਿਚ ਪੰਜਾਬੀ ਨੂੰ 2 ਸਾਲ ਦੀ ਜੇਲ, 5 ਸਾਲ ਡਰਾਈਵਿੰਗ ਕਰਨ ’ਤੇ ਵੀ ਲੱਗੀ ਪਾਬੰਦੀ
ਕੈਨੇਡਾ ਵਿਚ ਜਾਨਲੇਵਾ ਹਾਦਸੇ ਦੇ ਦੋਸ਼ੀ ਠਹਿਰਾਏ ਪੰਜਾਬੀ ਨੌਜਵਾਨ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 42 ਸਾਲ ਦਾ ਸੰਦੀਪ ਸਿੰਘ ਮਾਨ 109 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਅਤੇ ਪੀੜਤ ਪਰਵਾਰ ਦੀ ਗੱਡੀ ਦੇ ਪਰਖੱਚੇ ਉਡ ਗਏ।
ਰਿਚਮੰਡ : ਕੈਨੇਡਾ ਵਿਚ ਜਾਨਲੇਵਾ ਹਾਦਸੇ ਦੇ ਦੋਸ਼ੀ ਠਹਿਰਾਏ ਪੰਜਾਬੀ ਨੌਜਵਾਨ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 42 ਸਾਲ ਦਾ ਸੰਦੀਪ ਸਿੰਘ ਮਾਨ 109 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਅਤੇ ਪੀੜਤ ਪਰਵਾਰ ਦੀ ਗੱਡੀ ਦੇ ਪਰਖੱਚੇ ਉਡ ਗਏ। ਹਾਦਸੇ ਨੂੰ ਅੱਖੀਂ ਦੇਖਣ ਵਾਲਿਆਂ ਮੁਤਾਬਕ ਸੰਦੀਪ ਸਿੰਘ ਮਾਨ ਹੋਰ ਗੱਡੀਆਂ ਤੋਂ ਅੱਗੇ ਲੰਘਣ ਦੇ ਯਤਨ ਦੌਰਾਨ ਹਾਈਵੇਅ ਦੇ ਗਲਤ ਪਾਸੇ ਚਲਾ ਗਿਆ ਅਤੇ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਟੱਕਰ ਮਾਰ ਦਿਤੀ। ਹਾਦਸਾ ਐਨਾ ਖਤਰਨਾਕ ਸੀ ਕਿ ਜਾਰਜ ਮੈਸੀ ਟਨਲ ਨੂੰ ਕਈ ਘੰਟੇ ਬੰਦ ਰੱਖਣਾ ਪਿਆ। ਸੰਦੀਪ ਸਿੰਘ ਮਾਨ ਦੇ ਖੂਨ ਦਾ ਨਮੂਨਾ ਲੈ ਕੇ ਹਸਪਤਾਲ ਭੇਜਿਆ ਗਿਆ ਜਿਸ ਰਾਹੀਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੀ ਤਸਦੀਕ ਹੋ ਗਈ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਦੌਰਾਨ 61 ਸਾਲ ਦੀ ਔਰਤ ਦਮ ਤੋੜ ਗਈ ਅਤੇ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਮਰਨ ਵਾਲੀ ਔਰਤ ਦੀ ਭੈਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਦੀਪ ਸਿੰਘ ਮਾਨ ਨੂੰ ਆਪਣੀ ਕਰਤੂਤ ’ਤੇ ਸ਼ਾਇਦ ਬਿਲਕੁਲ ਵੀ ਅਫਸੋਸ ਨਾ ਹੋਇਆ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਹ ਹਾਦਸੇ ਮਗਰੋਂ ਸ਼ਰਾਬ ਪੀਣੀ ਛੱਡ ਦਿੰਦਾ ਜਦਕਿ ਅਜਿਹਾ ਬਿਲਕੁਲ ਨਾ ਹੋਇਆ।
ਬੀ.ਸੀ. ਵਿਚ ਦਰਦਨਾਕ ਹਾਦਸੇ ਲਈ ਠਹਿਰਾਇਆ ਦੋਸ਼ੀ
ਪਿਛਲੇ ਕੁਝ ਮਹੀਨੇ ਦੌਰਾਨ ਉਸ ਨੇ ਸੰਜਮ ਜ਼ਰੂਰ ਦਿਖਾਇਆ ਪਰ ਸਾਡੇ ਪਰਵਾਰ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਮਰਨ ਵਾਲੀ ਔਰਤ ਦੀ ਸ਼ਨਾਖਤ ਕੀਅ ਟਰੈਨ ਵਜੋਂ ਕੀਤੀ ਗਈ ਅਤੇ ਉਸ ਦੀ ਬੇਟੀ ਸੰਦੀਪ ਸਿੰਘ ਮਾਨ ਦੀ ਸਜ਼ਾ ਨੂੰ ਉਸ ਦੀ ਕਰਤੂਤ ਦੇ ਮੁਕਾਬਲੇ ਬੇਹੱਦ ਮਾਮੂਲੀ ਦੱਸ ਰਹੀ ਹੈ। ਉਸ ਨੇ ਕਿਹਾ ਕਿ ਦੋ ਸਾਲ ਬਾਅਦ ਸੰਦੀਪ ਸਿੰਘ ਮਾਨ ਜੇਲ ਵਿਚੋਂ ਬਾਹਰ ਹੋਵੇਗਾ ਅਤੇ ਆਪਣੇ ਪਰਵਾਰ ਨਾਲ ਜ਼ਿੰਦਗੀ ਗੁਜ਼ਾਰ ਸਕੇਗਾ ਪਰ ਕੀਅ ਟਰੈਨ ਆਪਣੇ ਪੋਤੇ ਪੋਤੀਆਂ ਤੋਂ ਹਮੇਸ਼ਾ ਵਾਸਤੇ ਵਿੱਛੜ ਗਈ। ਹਾਦਸੇ ਤੋਂ ਪਹਿਲਾਂ ਸੰਦੀਪ ਸਿੰਘ ਮਾਨ ਦੇ ਡਰਾਈਵਿੰਗ ਕਰਨ ’ਤੇ ਛੇ ਵਾਰ ਪਾਬੰਦੀ ਲੱਗੀ ਪਰ ਇਸ ਦੇ ਬਾਵਜੂਦ ਉਹ ਨਹੀਂ ਸੁਧਰਿਆ ਅਤੇ ਨਸ਼ੇ ਵਿਚ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸਾ ਕਰ ਦਿਤਾ। ਫਿਰ ਵੀ ਪਰਵਾਰ ਨੇ ਇਸ ਗੱਲ ’ਤੇ ਤਸੱਲੀ ਜ਼ਾਹਰ ਕੀਤੀ ਕਿ ਆਖਰਕਾਰ ਅਦਾਲਤੀ ਕਾਰਵਾਈ ਮੁਕੰਮਲ ਹੋ ਗਈ। ਦੱਸ ਦੇਈਏ ਕਿ ਹਾਦਸਾ 2 ਸਤੰਬਰ 2020 ਨੂੰ ਬੀ.ਸੀ. ਦੀ ਜਾਰਜ ਮੈਸੀ ਟਨਲ ਵਿਚ ਵਾਪਰਿਆ ਸੀ ਅਤੇ ਹਾਦਸੇ ਵਾਲੀ ਥਾਂ ’ਤੇ ਗੱਡੀਆਂ ਦੀ ਰਫ਼ਤਾਰ 60 ਕਿਲੋਮੀਟਰ ਤੋਂ ਵੱਧ ਨਹੀਂ ਸੀ ਹੋ ਸਕਦੀ। ਸੰਦੀਪ ਸਿੰਘ ਮਾਨ ਵੱਲੋਂ ਇਕ ਦਿਨ ਪਹਿਲਾਂ ਹੀ ਖਤਰਨਾਕ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਦਾ ਦੋਸ਼ ਕਬੂਲ ਕੀਤਾ ਗਿਆ ਸੀ ਜਿਸ ਮਗਰੋਂ ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿਤਾ। ਸੰਦੀਪ ਸਿੰਘ ਮਾਨ ਨੂੰ ਦੋ ਸਾਲ ਤੋਂ ਇਕ ਦਿਨ ਘੱਟ ਦੀ ਸਜ਼ਾ ਸੁਣਾਈ ਗਈ ਹੈ ਜਿਸ ਨਾਲ ਉਹ ਇੰਮੀਗ੍ਰੇਸ਼ਨ ਨਿਯਮਾਂ ਵਿਚ ਨਹੀਂ ਉਲਝੇਗਾ। ਇਸ ਤੋਂ ਇਲਾਵਾ ਉਸ ਦੇ ਪੰਜ ਸਾਲ ਡਰਾਈਵਿੰਗ ਕਰਨ ’ਤੇ ਪਾਬੰਦੀ ਵੀ ਲਾਈ ਗਈ ਹੈ ਅਤੇ ਇਹ ਦੋ ਸਾਲ ਦੀ ਕੈਦ ਖਤਮ ਹੋਣ ਮਗਰੋਂ ਸ਼ੁਰੂ ਹੋਵੇਗੀ। ਚੇਤੇ ਰਹੇ ਕਿ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿਚ ਘਿਰੇ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਦਿਤੇ ਜਾ ਚੁੱਕੇ ਹਨ।