ਮਾਪਿਆਂ ਨੂੰ ਕੈਨੇਡਾ ਸੱਦਣ ਲਈ ਤਿਆਰ ਹੋ ਜਾਣ ਪ੍ਰਵਾਸੀ

ਮਾਪਿਆਂ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀ ਤਿਆਰੀ ਕਰ ਲੈਣ। ਜੀ ਹਾਂ, ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 10 ਹਜ਼ਾਰ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ

Update: 2025-07-18 12:35 GMT

ਔਟਵਾ : ਮਾਪਿਆਂ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀ ਤਿਆਰੀ ਕਰ ਲੈਣ। ਜੀ ਹਾਂ, ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 10 ਹਜ਼ਾਰ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ 17 ਹਜ਼ਾਰ ਤੋਂ ਵੱਧ ਸੰਭਾਵਤ ਸਪੌਂਸਰਾਂ 28 ਜੁਲਾਈ ਤੋਂ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜਣ ਦਾ ਸਿਲਸਿਲਾ ਆਰੰਭਿਆ ਜਾ ਰਿਹਾ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮੰਤਰਾਲੇ ਨੇ ਦੱਸਿਆ ਕਿ ਸਿਰਫ਼ ਸਾਲ 2020 ਦੌਰਾਨ ਦਿਲਚਸਪੀ ਦੇ ਪ੍ਰਗਟਾਵੇ ਦਾਖਲ ਕਰਨ ਵਾਲੇ ਪ੍ਰਵਾਸੀਆਂ ਨੂੰ ਸਪੌਂਸਰਸ਼ਿਪ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਹਨ। ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ 28 ਜੁਲਾਈ ਤੋਂ ਬਾਅਦ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਔਪਸ਼ਨ ਲੈ ਸਕਦੇ ਹਨ।

ਇੰਮੀਗ੍ਰੇਸ਼ਨ ਵਿਭਾਗ ਵੱਲੋਂ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ

ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ, ਦਾਦ-ਦਾਦੀ ਜਾਂ ਨਾਨਾ-ਨਾਨੀ ਪੰਜ ਸਾਲ ਤੱਕ ਕੈਨੇਡਾ ਵਿਚ ਰਹਿ ਸਕਦੇ ਹਨ। ਇਸ ਤੋਂ ਇਨਾਵਾ ਕੈਨੇਡਾ ਵਿਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਕੱਚੇ ਜਾਂ ਪੱਕੇ ਤੌਰ ’ਤੇ ਆਉਣ ਵਾਲਿਆਂਦੀ ਗਿਣਤੀ ਵਿਚ ਕਟੌਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਰਵਾਰਾਂ ਦੇ ਮਿਲਾਪ ਵਾਲੀ ਯੋਜਨਾ ਰਾਹੀਂ 22 ਫ਼ੀ ਸਦੀ ਪੱਕੇ ਪ੍ਰਵਾਸੀਆਂ ਦਾ ਕੈਨੇਡਾ ਵਿਚ ਸਵਾਗਤ ਕੀਤਾ ਜਾ ਰਿਹਾ ਹੈ। ਫੈਡਰਲ ਸਰਕਾਰ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਮੌਜੂਦਾ ਵਰ੍ਹੇ ਦੌਰਾਨ 25 ਹਜ਼ਾਰ ਸਪੌਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਚੁੱਕੀ ਹੈ। ਕੈਨੇਡਾ ਗਜ਼ਟ ਵਿਚ ਪ੍ਰਕਾਸ਼ਤ ਹਦਾਇਤਾਂ ਮੁਤਾਬਕ ਪਰਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਇੰਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਰਿਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਅਤੇ ਅਜਿਹੇ ਵਿਚ ਬੈਕਲਾਗ ਬਹੁਤ ਜ਼ਿਆਦਾ ਵਧ ਸਕਦਾ ਹੈ।

28 ਜੁਲਾਈ ਤੋਂ ਸੰਭਾਵਤ ਸਪੌਂਸਰਾਂ ਨੂੰ ਭੇਜੇ ਜਾਣਗੇ ਅਰਜ਼ੀ ਦਾਖਲ ਕਰਨ ਦੇ ਸੱਦੇ

ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਕੁਲ ਅਰਜ਼ੀਆਂ ਦਾ ਬੈਕਲਾਗ ਘਟ ਕੇ 8 ਲੱਖ ਹੋਣ ਦੀ ਰਿਪੋਰਟ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਿਹਾ ਸੀ। ਸਭ ਤੋਂ ਜ਼ਿਆਦਾ ਕਮੀ ਟੈਂਪਰੇਰੀ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ ਆਈ ਹੈ ਅਤੇ ਇਸ ਵੇਲੇ ਬੈਕਲਾਗ ਵਿਚ ਤਕਰੀਬਨ 3 ਲੱਖ 50 ਹਜ਼ਾਰ ਅਰਜ਼ੀਆਂ ਦੱਸੀਆਂ ਜਾ ਰਹੀਆਂ ਹਨ। ਇਸ ਦੇ ਉਲਟ ਪਰਮਾਨੈਂਟ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ ਅਰਜ਼ੀਆਂ ਦਾ ਬੈਕਲਾਗ 4 ਲੱਖ ਦੇ ਨੇੜੇ ਪੁੱਜ ਗਿਆ ਹੈ। ਸਿਟੀਜ਼ਨਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੁਲ 2 ਲੱਖ 46 ਹਜ਼ਾਰ ਅਰਜ਼ੀਆਂ ਵਿਚੋਂ 46 ਹਜ਼ਾਰ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ।

Tags:    

Similar News