ਕੈਨੇਡਾ ਤੋਂ 6 ਵਾਰ ਡਿਪੋਰਟ ਪ੍ਰਵਾਸੀ ਮੁੜ ਆਇਆ ਅੜਿੱਕੇ
ਕੈਨੇਡਾ ਤੋਂ ਛੇ ਵਾਰ ਡਿਪੋਰਟ ਕੀਤੇ ਪ੍ਰਵਾਸੀ ਦਾ ਮਾਮਲਾ ਸੁਰਖੀਆਂ ਵਿਚ ਹੈ ਜਿਸ ਨੂੰ ਇਕ ਵਾਰ ਫਿਰ ਅਮਰੀਕਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ;

ਵੈਨਕੂਵਰ : ਕੈਨੇਡਾ ਤੋਂ ਛੇ ਵਾਰ ਡਿਪੋਰਟ ਕੀਤੇ ਪ੍ਰਵਾਸੀ ਦਾ ਮਾਮਲਾ ਸੁਰਖੀਆਂ ਵਿਚ ਹੈ ਜਿਸ ਨੂੰ ਇਕ ਵਾਰ ਫਿਰ ਅਮਰੀਕਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਉਸ ਵਿਰੁੱਧ ਨਾਜਾਇਜ਼ ਪਸਤੌਲ ਰੱਖਣ ਦੇ ਦੋਸ਼ ਵੀ ਲਾਏ ਗਏ ਹਨ। ਟੋਰਾਂਟੋ ਦੇ ਇੰਮੀਗ੍ਰੇਸ਼ਨ ਵਕੀਲ ਈਵਾਨ ਗਰੀਨ ਜਿਨ੍ਹਾਂ ਕੋਲ ਅਮਰੀਕਾ ਵਿਚ ਪ੍ਰੈਕਟਿਸ ਕਰਨ ਦਾ ਅਧਿਕਾਰ ਵੀ ਮੌਜੂਦ ਹੈ, ਨੇ ਕਿਹਾ ਕਿ ਬਿਨਾਂ ਸ਼ੱਕ ਇਹ ਬਹੁਤ ਵੱਡਾ ਮਾਮਲਾ ਹੈ ਕਿਉਂਕਿ ਇਕ ਪ੍ਰਵਾਸੀ ਗੈਰਕਾਨੂੰਨੀ ਤਰੀਕੇ ਨਾਲ ਸੱਤ ਵਾਰ ਅਮਰੀਕਾ ਤੋਂ ਕੈਨੇਡਾ ਦਾਖਲ ਹੋਇਆ ਅਤੇ ਕਿਸੇ ਨੂੰ ਕੰਨੋ-ਕੰਨ ਖਬਰ ਨਾ ਹੋਈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ 21 ਸਾਲ ਦਾ ਜਨਸੀਓ ਹਾਅ ਅਗਸਤ ਅਤੇ ਦਸੰਬਰ 2024 ਵਿਚ ਦੋ ਵਾਰ ਕੈਨੇਡੀਅਨ ਜੇਲ ਵਿਚ ਸਜ਼ਾ ਵੀ ਕੱਟ ਚੁੱਕਾ ਹੈ।
7ਵੀਂ ਵਾਰ ਡਿਪੋਰਟ ਕਰਨਗੇ ਬਾਰਡਰ ਅਫ਼ਸਰ
ਉਹ ਪਹਿਲੀ ਵਾਰ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ ਅਤੇ ਦਸੰਬਰ 2022 ਵਿਚ ਵੀਜ਼ਾ ਖਤਮ ਹੋਣ ਮਗਰੋਂ ਬਰਨਬੀ ਵਿਖੇ ਸਕਾਈ ਟ੍ਰੇਨ ਸਟੇਸ਼ਨ ’ਤੇ ਉਸ ਦਾ ਝਗੜਾ ਵੀ ਹੋਇਆ। ਇੰਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਫੜ ਕੇ ਡਿਪੋਰਟ ਕਰ ਦਿਤਾ ਪਰ ਉਹ ਮੁੜ ਕੈਨੇਡਾ ਦਾਖਲ ਹੋ ਗਿਆ। ਫਰਵਰੀ 2023 ਵਿਚ ਉਸ ਨੂੰ ਡਿਪੋਰਟ ਕਰਦਿਆਂ ਕੈਨੇਡਾ ਵਿਚ ਦਾਖਲ ਹੋਣ ’ਤੇ ਮੁਕੰਮਲ ਪਾਬੰਦੀ ਲਾ ਦਿਤੀ ਗਈ ਪਰ ਕਾਗਜ਼ੀ ਹੁਕਮ ਉਸ ਨੂੰ ਰੋਕ ਨਾ ਸਕੇ ਅਤੇ ਡਿਪੋਰਟ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਮੁੜ ਕੈਨੇਡਾ ਆ ਗਿਆ। 2 ਜੁਲਾਈ 2024 ਨੂੰ ਇਕ ਵਾਰ ਫਿਰ ਡਿਪੋਰਟ ਕੀਤਾ ਗਿਆ ਅਤੇ 16 ਦਿਨ ਬਾਅਦ ਮੁੜ ਦੇਸ਼ ਨਿਕਾਲਾ ਦਿਤਾ ਗਿਆ। ਉਸ ਦੇ ਕੈਨੇਡਾ ਦਾਖਲ ਹੋਣ ਦਾ ਕੋਈ ਰਿਕਾਰਡ ਨਹੀਂ ਪਰ ਸਭ ਕੁਝ ਕਾਨੂੰਨ ਦੇ ਵਿਰੁੱਧ ਹੋ ਰਿਹਾ ਸੀ। ਆਖਰੀ ਵਾਰ ਜਨਸੀਓ ਨੂੰ 8 ਜਨਵਰੀ 2025 ਨੂੰ ਡਿਪੋਰਟ ਕੀਤਾ ਗਿਆ ਪਰ ਅਗਲੇ ਹੀ ਦਿਨ ਵਾਸ਼ਿੰਗਟਨ ਦੇ ਬੈÇਲੰਗਮ ਤੋਂ ਹਥਿਆਰ ਖਰੀਦ ਕੇ ਮੁੜ ਕੈਨੇਡਾ ਪੁੱਜ ਗਿਆ। ਆਰ.ਸੀ.ਐਮ.ਪੀ.ਦੇ ਇਕ ਅਫ਼ਸਰ ਨੇ ਉਸ ਨੂੰ ਬਰਨਬੀ ਦੇ ਸ਼ੌਪਿੰਗ ਸੈਂਟਰ ਵਿਚ ਦੇਖਿਆ ਅਤੇ ਗ੍ਰਿਫ਼ਤਾਰ ਕਰ ਕੇ ਸਰੀ ਦੇ ਇੰਮੀਗ੍ਰੇਸ਼ਨ ਹੋਲਡਿੰਗ ਸੈਂਟਰ ਵਿਚ ਬੰਦ ਕਰ ਦਿਤਾ। ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ’ਤੇ ਜ਼ਿਆਦਾਤਰ ਹਿੱਸੇ ਨਿਗਰਾਨੀ ਹੇਠ ਨਹੀਂ। ਅਜਿਹੇ ਵਿਚ ਜੇ ਕੋਈ ਕੈਨੇਡਾ ਦਾਖਲ ਹੋਣਾ ਚਾਹੇ ਤਾਂ ਕੋਈ ਵੱਡੀ ਦਿੱਕਤ ਨਹੀਂ ਆਉਂਦੀ।
ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦਾ ਇਕ ਹੋਰ ਪ੍ਰਵਾਸੀ ਕਾਬੂ
ਜਨਸੀਓ ਦਾ ਮਾਮਲਾ ਹੋਰ ਵੀ ਗੁੰਝਲਦਾਰ ਹੈ ਕਿਉਂਕਿ ਮਾਨਸਿਕ ਸਿਹਤ ਸਮੱਸਿਆਵਾਂ ਕਰ ਕੇ ਉਹ ਬੋਲ ਨਹੀਂ ਸਕਦਾ ਅਤੇ 15 ਸਾਲ ਦੀ ਉਮਰ ਤੋਂ ਬੇਘਰ ਹੈ। ਪਿਛਲੇ ਛੇ ਸਾਲ ਸਾਲ ਦਾ ਸਮਾਂ ਉਸ ਨੇ ਨਿਊ ਯਾਰਕ ਅਤੇ ਬੀ.ਸੀ. ਦੀਆਂ ਗਲੀਆਂ ਵਿਚ ਲੰਘਾਇਆ। ਜਨਸੀਓ ਦੇ ਵਕੀਲ ਰੌਏ ਕਿਮ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਸਿਰਫ ਐਨਾ ਕਿਹਾ ਕਿ ਉਸ ਦੇ ਮੁਵੱਕਲ ਵੱਲੋਂ ਫਿਲਹਾਲ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਗਈ। ਉਧਰ ਉਨਟਾਰੀਓ ਵਿਚ ਅਮਰੀਕਾ ਨਾਲ ਲਗਦੇ ਰੇਲਵੇ ਪੁਲ ਤੋਂ ਇਕ ਗੈਰਕਾਨੂੰਨੀ ਪ੍ਰਵਾਸੀ ਨੂੰ ਕਾਬੂ ਕੀਤਾ ਗਿਆ ਜੋ ਕੈਨੇਡਾ ਵਿਚ ਦਾਖਲ ਹੋਣ ਦਾ ਯਤਨ ਕਰ ਰਿਹਾ ਸੀ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕਿਊਬਾ ਦੇ ਨਾਗਰਿਕ ਨੂੰ ਗ੍ਰਿਫ਼ਤਾਰ ਕਰਦਿਆਂ ਇੰਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਦੋਸ਼ ਆਇਦ ਕੀਤੇ ਗਏ ਪਰ ਬਗੈਰ ਦੇਰ ਕੀਤਿਆਂ ਕੁਝ ਘੰਟੇ ਬਾਅਦ ਮੁੜ ਅਮਰੀਕਾ ਭੇਜ ਦਿਤਾ ਗਿਆ। ਫਿਲਹਾਲ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਇਸ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ।