Canada ਤੋਂ ਡਿਪੋਰਟ ਹੋਣਗੇ ਸੈਂਕੜੇ ਕੌਮਾਂਤਰੀ ਵਿਦਿਆਰਥੀ
ਕੈਨੇਡਾ ਵਿਚ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਉਤੇ ਡਿਪੋਰਟੇਸ਼ਨ ਦਾ ਖ਼ਤਰਾ ਮੰਡਰਾਅ ਰਿਹਾ ਹੈ ਜਿਨ੍ਹਾਂ ਦਾ ਕਾਲਜ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਬੰਦ ਕਰਵਾ ਦਿਤਾ ਗਿਆ
ਵੈਨਕੂਵਰ : ਕੈਨੇਡਾ ਵਿਚ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਉਤੇ ਡਿਪੋਰਟੇਸ਼ਨ ਦਾ ਖ਼ਤਰਾ ਮੰਡਰਾਅ ਰਿਹਾ ਹੈ ਜਿਨ੍ਹਾਂ ਦਾ ਕਾਲਜ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਬੰਦ ਕਰਵਾ ਦਿਤਾ ਗਿਆ ਅਤੇ ਹੁਣ ਨਵੇਂ ਵਿਦਿਅਕ ਅਦਾਰਿਆਂ ਵਿਚ ਦਾਖਲਾ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਜੀ ਹਾਂ, ਬੀ.ਸੀ. ਦੇ ਪੈਸੇਫ਼ਿਕ Çਲੰਕ ਕਾਲਜ ਨੂੰ ਬੰਦ ਕਰ ਦਿਤਾ ਗਿਆ ਹੈ ਜਿਸ ਦੇ ਪ੍ਰਬੰਧਕਾਂ ਵੱਲੋਂ ਕੋਰਸਾਂ ਅਤੇ ਵਰਕ ਪਲੇਸਮੈਂਟ ਦੇ ਮਾਮਲੇ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਗਿਆ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਦਵਿੰਦਰ ਸਿੰਘ ਸੰਧੂ ਇਨ੍ਹਾਂ ਬਦਕਿਸਮਤ ਵਿਦਿਆਰਥੀਆਂ ਵਿਚੋਂ ਇਕ ਹੈ ਜੋ ਹਜ਼ਾਰਾਂ ਡਾਲਰ ਫ਼ੀਸ ਭਰਨ ਮਗਰੋਂ ਠੱਗਿਆ ਮਹਿਸੂਸ ਕਰ ਰਹੇ ਹਨ। ਦਵਿੰਦਰ ਸਿੰਘ ਸੰਧੂ ਅਗਸਤ 2024 ਵਿਚ ਪੈਸੇਫ਼ਿਕ Çਲੰਕ ਕਾਲਜ ਦੇ ਭਾਰਤ ਵਿਚਲੇ ਏਜੰਟ ਦੇ ਸੰਪਰਕ ਵਿਚ ਆਇਆ ਅਤੇ ਇਸ ਸਾਲ ਫ਼ਰਵਰੀ ਵਿਚ 8,500 ਡਾਲਰ ਫ਼ੀਸ ਭਰਦਿਆਂ ਕਾਲਜ ਦੇ ਬਰਨਬੀ ਕੈਂਪਸ ਵਿਚ ਦਾਖਲਾ ਲੈ ਲਿਆ।
ਬੇਨਿਯਮੀਆਂ ਕਰਨ ਵਾਲਾ ਪ੍ਰਾਈਵੇਟ ਕਾਲਜ ਹੋਇਆ ਬੰਦ
ਨਾਇਜੀਰੀਆ ਨਾਲ ਸਬੰਧਤ ਇਕ ਹੋਰ ਵਿਦਿਆਰਥੀ ਨੇ 14,900 ਡਾਲਰ ਫ਼ੀਸ ਅਦਾ ਕੀਤੀ ਅਤੇ ਹੁਣ ਰਕਮ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕਾਲਜ ਬਾਰੇ ਕੀਤੀ ਗਈ ਪੜਤਾਲ ਦੌਰਾਨ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਈਆਂ ਅਤੇ ਇਸ ਨੂੰ ਬੰਦ ਕਰਨ ਦੇ ਹੁਕਮ ਦਿਤੇ ਗਏ। ਉਧਰ ਸਟੂਡੈਂਟ ਐਡਵੋਕੇਸੀ ਗਰੁੱਪ ‘ਵੰਨ ਵੁਆਇਸ ਕੈਨੇਡਾ’ ਦੇ ਬਾਨੀ ਬਲਰਾਜ ਕਾਹਲੋਂ ਨੇ ਦੱਸਿਆ ਕਿ ਪੈਸੇਫ਼ਿਕ Çਲੰਕ ਕਾਲਜ ਵਿਚ ਮੋਟੀਆਂ ਰਕਮਾਂ ਅਤੇ ਸਮਾਂ ਬਰਬਾਦ ਹੋਣ ਕਰ ਕੇ ਵਿਦਿਆਰਥੀ ਗੁੱਸੇ ਵਿਚ ਹਨ। ਕਿਸੇ ਨੇ 10 ਹਜ਼ਾਰ ਡਾਲਰ ਫ਼ੀਸ ਅਦਾ ਕੀਤੀ ਅਤੇ ਕਿਸੇ ਨੇ 15 ਹਜ਼ਾਰ ਡਾਲਰ ਦੀ ਅਦਾਇਗੀ ਕੀਤੀ। ਬਲਰਾਜ ਕਾਹਲੋਂ ਮੁਤਾਬਕ ਫ਼ੀਸ ਸ਼ਾਇਦ ਵਾਪਸ ਮਿਲ ਜਾਵੇ ਪਰ ਸਮਾਂ ਵਾਪਸ ਨਹੀਂ ਮਿਲਣਾ। ਦੂਜੇ ਪਾਸੇ ਅਤੀਤ ਵਿਚ ਕਾਲਜ ਤੋਂ ਪੜ੍ਹਾਈ ਮੁਕੰਮਲ ਕਰ ਚੁੱਕੇ ਵਿਦਿਆਰਥੀ ਵੀ ਡੂੰਘੀਆਂ ਚਿੰਤਾਵਾਂ ਵਿਚ ਡੁੱਬ ਗਏ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿਚ ਦਾਖਲਾ ਲੈਣ ਦਾ ਸੁਝਾਅ ਦਿਤਾ ਗਿਆ ਹੈ ਪਰ ਕੌਮਾਂਤਰੀ ਵਿਦਿਆਰਥੀਆਂ ਦਾ ਕੋਟਾ ਤੈਅ ਹੋਣ ਕਾਰਨ ਇਹ ਕੰਮ ਐਨਾ ਸੌਖਾ ਨਹੀਂ। ਜਾਂਚਕਰਤਾਵਾਂ ਮੁਤਾਬਕ ਦਾਖਲਾ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਕਾਲਜ ਵਿਚ ਦਾਖਲ ਕੀਤਾ ਗਿਆ ਅਤੇ ਕੰਮ ਦਾ ਤਜਰਬਾ ਉਨ੍ਹਾਂ ਵੱਲੋਂ ਮੁਕੰਮਲ ਕੀਤੇ ਕੋਰਸ ਨਾਲ ਮੇਲ ਨਹੀਂ ਸੀ ਖਾਂਦਾ।
15 ਹਜ਼ਾਰ ਡਾਲਰ ਤੱਕ ਦੀ ਫ਼ੀਸ ਵਾਪਸ ਕਰਵਾਉਣ ਲਈ ਹੋ ਰਿਹਾ ਸੰਘਰਸ਼
ਦਿਲਚਸਪ ਤੱਥ ਇਹ ਹੈ ਕਿ ਪੈਸੇਫ਼ਿਕ Çਲੰਕ ਕਾਲਜ ਦੇ ਵਿਦਿਆਰਥੀਆਂ ਨੇ ਬੀਤੇ ਸਤੰਬਰ ਮਹੀਨੇ ਦੌਰਾਨ ਸੀ.ਬੀ.ਸੀ. ਨਿਊਜ਼ ਨਾਲ ਸੰਪਰਕ ਕਰਦਿਆਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਤਮਾਰਾ ਯੈਨਸਨ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ। ਤਮਾਰਾ ਯੈਨਸਨ ਦਸੰਬਰ 2024 ਦੌਰਾਨ ਹੋਈ ਜ਼ਿਮਨੀ ਚੋਣ ਦੌਰਾਨ ਟੋਰੀ ਉਮੀਦਵਾਰ ਸੀ। ਵਿਦਿਆਰਥੀਆਂ ਅੱਗੇ ਸ਼ਰਤ ਰੱਖੀ ਗਈ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਵਿਚ ਸ਼ਮੂਲੀਅਤ ਦੀਆਂ ਤਸਵੀਰਾਂ ਕਾਲਜ ਪ੍ਰਬੰਧਕਾਂ ਕੋਲ ਜਮ੍ਹਾਂ ਕਰਵਾਉਣੀਆਂ ਹੋਣੀਆਂ ਅਤੇ ਇਸੇ ਆਧਾਰ ’ਤੇ ਹਾਜ਼ਰੀ ਮੰਨੀ ਜਾਵੇਗੀ। ਉਧਰ ਤਮਾਰਾ ਯੈਨਸਨ ਨੇ ਕਿਸੇ ਵੀ ਕਾਲਜ ਨਾਲ ਕੋਈ ਸਬੰਧ ਹੋਣ ਤੋਂ ਨਾਂਹ ਕਰ ਦਿਤੀ। ਹੁਣ ਮਸਲਾ ਵਿਦਿਆਰਥੀਆਂ ਦੇ ਭਵਿੱਖ ਬਾਰੇ ਪੈਦਾ ਹੁੰਦਾ ਹੈ ਜੋ 2011 ਵਿਚ ਬਣਿਆਂ ਕਾਲਜ ਬੰਦ ਹੋਣ ਕੇ ਵੱਡੀਆਂ ਮੁਸ਼ਕਲਾਂ ਵਿਚ ਘਿਰ ਚੁੱਕੇ ਹਨ। ਇੰਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਕਾਲਜ ਬੰਦ ਕਰਵਾਏ ਜਾਣ ਦਾ ਸਵਾਗਤ ਕੀਤਾ ਗਿਆ ਹੈ ਪਰ ਵਿਦਿਆਰਥੀਆਂ ਦੇ ਵੀਜ਼ਾ ਸਟੇਟਸ ਬਾਰੇ ਚਿੰਤਾਵਾਂ ਵੀ ਜ਼ਾਹਰ ਕੀਤੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਨਵੇਂ ਵਿਦਿਅਕ ਅਦਾਰਿਆਂ ਵਿਚ ਦਾਖਲੇ ਲਈ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਨਵਿਆਉਣ ਵਿਚ ਢਿੱਲ ਨਹੀਂ ਵਰਤੀ ਜਾਵੇਗੀ।