ਕੈਨੇਡਾ ਵਿਚ ਤਿੰਨ ਸਾਲ ਦੌਰਾਨ ਪਹਿਲੀ ਵਾਰ ਘਟੇ ਮਕਾਨ ਕਿਰਾਏ

ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਅਸਰ ਕੈਨੇਡਾ ਵਿਚ ਸਾਫ਼ ਨਜ਼ਰ ਆਉਣ ਲੱਗਾ ਹੈ। ਜੀ ਹਾਂ, 2021 ਮਗਰੋਂ ਪਹਿਲੀ ਵਾਰ ਮਕਾਨ ਕਿਰਾਇਆਂ ਵਿਚ ਕਮੀ ਦਰਜ ਕੀਤੀ ਗਈ ਹੈ।;

Update: 2024-11-08 12:01 GMT

ਟੋਰਾਂਟੋ : ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਅਸਰ ਕੈਨੇਡਾ ਵਿਚ ਸਾਫ਼ ਨਜ਼ਰ ਆਉਣ ਲੱਗਾ ਹੈ। ਜੀ ਹਾਂ, 2021 ਮਗਰੋਂ ਪਹਿਲੀ ਵਾਰ ਮਕਾਨ ਕਿਰਾਇਆਂ ਵਿਚ ਕਮੀ ਦਰਜ ਕੀਤੀ ਗਈ ਹੈ। ਅਕਤੂਬਰ ਮਹੀਨੇ ਦੌਰਾਨ ਕੈਨੇਡਾ ਵਿਚ ਔਸਤ ਮਕਾਨ ਕਿਰਾਇਆ 2,152 ਡਾਲਰ ਦਰਜ ਕੀਤਾ ਗਿਆ ਜੋ ਸਤੰਬਰ ਵਿਚ 2,193 ਡਾਲਰ ਰਿਹਾ। ਲੇਟੈਸਟ ਰੈਂਟਲਜ਼ ਡਾਟ ਸੀ.ਏ. ਅਤੇ ਅਰਬਨੇਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਵੇਂ ਮਕਾਨ ਕਿਰਾਇਆਂ ਵਿਚ ਵੱਡੀ ਕਮੀ ਨਹੀਂ ਆਈ ਪਰ ਤਿੰਨ ਸਾਲ ਵਿਚ ਪਹਿਲੀ ਵਾਰ ਕਿਰਾਏ ਦਾ ਘਟਣਾ ਹੀ ਆਪਣੇ ਆਪ ਵਿਚ ਵੱਡੀ ਗੱਲ ਹੈ। ਜਿਥੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਆਈ ਕਮੀ ਇਸ ਦਾ ਮੁੱਖ ਕਾਰਨ ਮੰਨੀ ਜਾ ਰਹੀ ਹੈ, ਉਥੇ ਹੀ ਪ੍ਰਵਾਸੀਆਂ ਦਾ ਵੱਡੇ ਸ਼ਹਿਰਾਂ ਤੋਂ ਮੋਹ ਭੰਗ ਹੋਣਾ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਉਨਟਾਰੀਓ ਅਤੇ ਬੀ.ਸੀ. ਦੇ ਵੱਡੇ ਸ਼ਹਿਰਾਂ ਵਿਚ ਮਕਾਨ ਕਿਰਾਏ ਸਭ ਤੋਂ ਜ਼ਿਆਦਾ ਹੇਠਾਂ ਆਏ ਹਨ।

ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਅਸਰ ਆਇਆ ਨਜ਼ਰ

ਮਿਸਾਲ ਵਜੋਂ ਵੈਨਕੂਵਰ ਵਿਖੇ ਸਾਲਾਨਾ ਆਧਾਰ ’ਤੇ ਮਕਾਨ ਕਿਰਾਇਆ 9.1 ਫੀ ਸਦੀ ਘਟ ਗਿਆ ਜਦਕਿ ਟੋਰਾਂਟੋ ਵਿਖੇ 8.7 ਫੀ ਸਦੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਸਸਕੈਚਵਨ ਵਿਚ ਸਾਲਾਨਾ ਆਧਾਰ ’ਤੇ ਮਕਾਨ ਕਿਰਾਇਆ 17 ਫੀ ਸਦੀ ਵਧ ਗਿਆ ਪਰ ਇਹ ਫਿਰ ਵੀ ਕੌਮੀ ਔਸਤ ਨਾਲੋਂ ਕਿਤੇ ਘੱਟ ਬਣਦਾ ਹੈ। ਸਸਕੈਚਵਨ ਵਿਚ ਔਸਤ ਮਕਾਨ ਕਿਰਾਇਆ 1,358 ਡਾਲਰ ਦੱਸਿਆ ਜਾ ਰਿਹਾ ਹੈ। ਕੌਮੀ ਔਸਤ ਦੇ ਹਿਸਾਬ ਨਾਲ ਸਸਕਾਟੂਨ ਵਿਚ ਰਹਿਣਾ ਵਧੇਰੇ ਸਸਤਾ ਪੈਂਦਾ ਹੈ ਪਰ ਜੇ ਕਿਰਾਏ ਦੀ ਰਕਮ ਵਿਚ 15-16 ਫੀ ਸਦੀ ਦਾ ਵਾਧਾ ਹੋ ਜਾਵੇ ਤਾਂ ਇਸ ਨੂੰ ਬਰਦਾਸ਼ਤ ਕਰਨਾ ਕਿਸੇ ਵੀ ਪਰਵਾਰ ਵਾਸਤੇ ਮੁਸ਼ਕਲ ਹੋ ਸਕਦਾ ਹੈ। ਰਿਹਾਇਸ਼ ਦੀਆਂ ਕਿਸਮਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੌਂਡੋ ਦੇ ਕਿਰਾਇਆਂ ਵਿਚ ਔਸਤਨ 3.8 ਫੀ ਸਦੀ ਕਮੀ ਆਈ ਜਦਕਿ ਸਾਧਾਰਣ ਮਕਾਨ ਦਾ ਕਿਰਾਇਆ 5.3 ਫੀ ਸਦੀ ਘਟਿਆ। ਬੈਡਰੂਮ ਟਾਈਪ ਕੌਂਡੋ ਸਟੂਡੀਓਜ਼ ਦਾ ਔਸਤ ਕਿਰਾਇਆ 1,874 ਡਾਲਰ ਦੱਸਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸਤੰਬਰ ਵਿਚ ਮਕਾਨ ਕਿਰਾਏ ਵਧਣ ਦੀ ਰਫ਼ਤਾਰ ਬੇਹੱਦ ਹੇਠਲੇ ਪੱਧਰ ’ਤੇ ਆ ਚੁੱਕੀ ਸੀ ਅਤੇ ਕੈਲਗਰੀ ਵਿਖੇ ਕੌਂਡੋ ਦਾ ਔਸਤ ਕਿਰਾਇਆ 3.4 ਫ਼ੀ ਸਦੀ ਕਮੀ ਨਾਲ 2,060 ਡਾਲਰ ਦਰਜ ਕੀਤਾ ਗਿਆ। ਉਨਟਾਰੀਓ ਵਿਚ ਕੌਂਡੋ ਦਾ ਕਿਰਾਇਆ 4.3 ਫੀ ਸਦੀ ਦੀ ਕਮੀ ਨਾਲ 2,380 ਡਾਲਰ ’ਤੇ ਆ ਗਿਆ ਜਦਕਿ ਬੀ.ਸੀ. ਵਿਚ ਕਿਰਾਏ ਦੀ ਰਕਮ 2,570 ਦਰਜ ਕੀਤੀ ਗਈ। ਦੱਸ ਦੇਈਏ ਕਿ ਪਿਛਲੇ ਇਕ ਸਾਲ ਦੌਰਾਨ ਅਪਾਰਟਮੈਂਟ ਕਿਰਾਇਆ 9.5 ਫ਼ੀ ਸਦੀ ਘਟ ਚੁੱਕਾ ਹੈ। ਇਸ ਦੇ ਉਲਟ ਔਟਵਾ ਵਿਖੇ 0.8 ਫੀ ਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਸਾਂਝੀ ਰਿਹਾਇਸ਼ ਵਿਚ ਕਮਰਿਆਂ ਦਾ ਕਿਰਾਇਆ ਸਾਲਾਨਾ ਆਧਾਰ ’ਤੇ 6.9 ਫੀ ਸਦੀ ਵਧਿਆ ਹੈ ਅਤੇ ਸਤੰਬਰ ਵਿਚ ਇਕ ਕਮਰੇ ਦਾ ਔਸਤ ਕਿਰਾਇਆ 1,009 ਡਾਲਰ ਦਰਜ ਕੀਤਾ ਗਿਆ।

Tags:    

Similar News