ਬਰੈਂਪਟਨ ਵਿਖੇ ਹੌਲਨਾਕ ਹਾਦਸਾ, 1 ਹਲਾਕ, 5 ਜ਼ਖਮੀ
ਬਰੈਂਪਟਨ ਵਿਖੇ ਸਟ੍ਰੀਟ ਰੇਸਿੰਗ ਆਮ ਲੋਕਾਂ ਦੀ ਜਾਨ ਦਾ ਖੌਅ ਬਣਦੀ ਜਾ ਰਹੀ ਹੈ।;
ਬਰੈਂਪਟਨ : ਬਰੈਂਪਟਨ ਵਿਖੇ ਸਟ੍ਰੀਟ ਰੇਸਿੰਗ ਆਮ ਲੋਕਾਂ ਦੀ ਜਾਨ ਦਾ ਖੌਅ ਬਣਦੀ ਜਾ ਰਹੀ ਹੈ। ਜੀ ਹਾਂ, ਐਤਵਾਰ ਵੱਡੇ ਤੜਕੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਾਦਸਾ ਹਾਈਵੇਅ 407 ਦੇ ਦੱਖਣ ਵੱਲ ਸਟੀਲਜ਼ ਐਵੇਨਿਊ ਈਸਟ ਅਤੇ ਗੋਰਵੁੱਡ ਡਰਾਈਵ ਇਲਾਕੇ ਵਿਚ ਵਾਪਰਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਸਟੇਬਲ ਮੌਲਿਕਾ ਸ਼ਰਮਾ ਨੇ ਦੱਸਿਆ ਕਿ ਇਕ ਔਡੀ ਕਾਰ ਸਟੀਲਜ਼ ਐਵੇਨਿਊ ’ਤੇ ਪੂਰਬ ਵੱਲ ਜਾ ਰਹੀ ਸੀ ਜਦਕਿ ਟੌਯੋਟਾ ਸੀਐਨਾ ਪੱਛਮ ਵੱਲ ਜਾ ਰਹੀ ਸੀ।
ਸਟ੍ਰੀਟ ਰੇਸਿੰਗ ਦੇ ਨਜ਼ਰੀਏ ਤੋਂ ਪੜਤਾਲ ਕਰ ਰਹੀ ਪੁਲਿਸ
ਪੱਛਮ ਵੱਲ ਜਾ ਰਹੀ ਗੱਡੀ ਜਦੋਂ ਖੱਬੇ ਪਾਸੇ ਮੁੜੀ ਤਾਂ ਔਡੀ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ। ਟੌਯੋਟਾ ਸੀਐਨਾ ਵਿਚ ਪੈਸੰਜਰ ਸੀਟ ’ਤੇ ਬੈਠੇ ਇਕ ਸ਼ਖਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੱਡੀ ਚਲਾ ਰਹੀ ਔਰਤ ਨੂੰ ਬੇਹੱਦ ਗੰਭੀਰ ਜ਼ਖਮੀ ਹਾਲਤ ਵਿਚ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਔਡੀ ਵਿਚ ਸਵਾਰ ਚਾਰ ਜਣਿਆਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਇਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੀਲ ਰੀਜਨਲ ਪੁਲਿਸ ਦੇ ਮੇਜਰ ਕ੍ਰਾਈਮ ਬਿਊਰੋ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੌਲਿਕਾ ਸ਼ਰਮਾ ਮੁਤਾਬਕ ਇਸ ਇਲਾਕੇ ਵਿਚ ਸਟ੍ਰੀਟ ਰੇਸਿੰਗ ਆਮ ਗੱਲ ਹੈ ਅਤੇ ਪੁਲਿਸ ਵੱਲੋਂ ਗੱਡੀਆਂ ਭਜਾਉਣ ਦੇ ਨਜ਼ਰੀਏ ਤੋਂ ਵੀ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੜਤਾਲ ਮੁਢਲੇ ਗੇੜ ਵਿਚ ਹੋਣ ਕਾਰਨ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ।
ਪੀਲ ਰੀਜਨ ਵਿਚ ਕਾਰਾਂ ਦੀਆਂ ਰੇਸਾਂ ਬਣੀਆਂ ਲੋਕਾਂ ਦੀ ਜਾਨ ਦਾ ਖੌਅ
ਮੌਲਿਕਾ ਸ਼ਰਮਾ ਨੇ ਮੰਨਿਆ ਕਿ ਸਟੰਟ ਡਰਾਈਵਿੰਗ ਅਤੇ ਗੱਡੀਆਂ ਦੀਆਂ ਰੇਸਾਂ ਵੱਡਾ ਮੁੱਦਾ ਬਣ ਚੁੱਕਾ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਸੈਂਕੜੇ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ। ਮੌਲਿਕਾ ਸ਼ਰਮਾ ਨੇ ਅੰਤ ਵਿਚ ਕਿਹਾ ਕਿ ਜੇ ਕਿਸੇ ਨੂੰ ਸੜਕਾਂ ’ਤੇ ਗਲਤ ਤਰੀਕੇ ਨਾਲ ਡਰਾਈਵਿੰਗ ਦਾ ਮਾਮਲਾ ਨਜ਼ਰ ਆਉਂਦਾ ਹੈ ਤਾਂ ਇਸ ਬਾਰੇ ਪੀਲ ਰੀਜਨਲ ਪੁਲਿਸ ਨੂੰ ਇਤਲਾਹ ਦਿਤੀ ਜਾਵੇ।