ਹਰਦੀਪ ਨਿੱਜਰ ਦੇ ਸਾਥੀ ਵੱਲੋਂ ਆਰ.ਸੀ.ਐਮ.ਪੀ. ਨੂੰ ਸਾਫ਼ ਨਾਂਹ
ਇੰਦਰਜੀਤ ਸਿੰਘ ਗੋਸਲ ਹਥਿਆਰਾਂ ਸਣੇ ਗ੍ਰਿਫ਼ਤਾਰੀ ਅਤੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਹੈ ਪਰ ਹਥਿਆਰ ਕਿਥੋਂ ਅਤੇ ਕਿਹੜੇ ਮਕਸਦ ਵਾਸਤੇ ਲਿਆਂਦੇ ਗਏ, ਵਰਗੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ
ਔਟਵਾ : ਹਰਦੀਪ ਸਿੰਘ ਨਿੱਜਰ ਦਾ ਸਾਥੀ ਇੰਦਰਜੀਤ ਸਿੰਘ ਗੋਸਲ ਹਥਿਆਰਾਂ ਸਣੇ ਗ੍ਰਿਫ਼ਤਾਰੀ ਅਤੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਹੈ ਪਰ ਹਥਿਆਰ ਕਿਥੋਂ ਅਤੇ ਕਿਹੜੇ ਮਕਸਦ ਵਾਸਤੇ ਲਿਆਂਦੇ ਗਏ, ਵਰਗੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਜਿਸ ਨੂੰ ਵੇਖਦਿਆਂ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਗੋਸਲ ਨੇ ਦਾਅਵਾ ਕੀਤਾ ਕਿ ਬੀਤੀ 20 ਅਗਸਤ ਤੋਂ 10 ਸਤੰਬਰ ਦਰਮਿਆਨ ਆਰ.ਸੀ.ਐਮ.ਪੀ. ਵਾਲੇ ਉਸ ਕੋਲ 8 ਤੋਂ 10 ਵਾਰ ਆ ਚੁੱਕੇ ਹਨ ਅਤੇ ਹਰ ਵਾਰ ਇਕੋ ਗੱਲ ਦੁਹਰਾਈ ਜਾਂਦੀ ਹੈ ਕਿ ਭਾੜੇ ਦੇ ਕਾਤਲ ਸ਼ਹਿਰ ਵਿਚ ਪੁੱਜ ਚੁੱਕੇ ਹਨ ਅਤੇ ਵੱਡੀ ਵਾਰਦਾਤ ਕਰਨ ਦੀ ਤਾਕ ਵਿਚ ਹਨ। ਗੋਸਲ ਮੁਤਾਬਕ ਆਰ.ਸੀ.ਐਮ.ਪੀ. ਵੱਲੋਂ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਉਹ ਸਰਕਾਰੀ ਗਵਾਹ ਬਣ ਜਾਵੇ ਤਾਂ ਉਸ ਨੂੰ ਸੁਰੱਖਿਅਤ ਟਿਕਾਣੇ ’ਤੇ ਲਿਜਾਇਆ ਜਾ ਸਕਦਾ ਹੈ ਪਰ ਉਸ ਨੂੰ ਇਹ ਸ਼ਰਤ ਪ੍ਰਵਾਨ ਨਹੀਂ।
ਕੈਨੇਡਾ ਦੀ ਰਾਜਧਾਨੀ ਵਿਚ ਹਰ ਹਾਲਤ ਹੋਵੇਗਾ ਇਕੱਠ : ਗੋਸਲ
ਗੋਸਲ ਨੇ ਦਲੀਲ ਦਿਤੀ ਕਿ ਉਹ ਜਾਨ ਦੇ ਖਤਰੇ ਤੋਂ ਘਬਰਾਉਣ ਵਾਲਾ ਨਹੀਂ ਅਤੇ 23 ਨਵੰਬਰ ਨੂੰ ਪਾਰਲੀਮੈਂਟ ਹਿਲ ’ਤੇ ਖਾਲਿਸਤਾਨ ਬਾਰੇ ਰੈਫ਼ਰੰਡਮ ਲਾਜ਼ਮੀ ਤੌਰ ’ਤੇ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਇੰਦਰਜੀਤ ਸਿੰਘ ਗੋਸਲ ’ਤੇ ਗੋਲੀਆਂ ਚੱਲੀਆਂ ਪਰ ਉਹ ਵਾਲ-ਵਾਲ ਬਚ ਗਿਆ। ਦੂਜੇ ਪਾਸੇ ਗੋਸਲ ਨਾਲ ਗ੍ਰਿਫ਼ਤਾਰ ਅਰਮਾਨ ਸਿੰਘ ਅਤੇ ਜਗਦੀਪ ਸਿੰਘ ਫਿਲਹਾਲ ਮੀਡੀਆ ਸਾਹਮਣੇ ਨਹੀਂ ਆਏ ਜਿਨ੍ਹਾਂ ਵਿਰੁੱਧ ਲਪ੍ਰਵਾਹੀ ਨਾਲ ਹਥਿਆਰ ਚਲਾਉਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਮੁਕੱਦਮਾ ਚੱਲ ਰਿਹਾ ਹੈ। ਗੋਸਲ ਦੀ ਗ੍ਰਿਫ਼ਤਾਰੀ ਮਗਰੋਂ ਭਾਰਤੀ ਮੀਡੀਆ ਵਿਚ ਦਾਅਵਾ ਕੀਤਾ ਗਿਆ ਕਿ ਕੈਨੇਡਾ ਸਰਕਾਰ ਨੇ ਇਹ ਕਾਰਵਾਈ ਭਾਰਤ ਸਰਕਾਰ ਦੇ ਇਸ਼ਾਰੇ ਕੀਤੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡ੍ਰੌਇਨ ਵੱਲੋਂ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਮੁਲਾਕਾਤ ਮਗਰੋਂ ਕਿਹਾ ਸੀ ਕਿ ਦੋਹਾਂ ਧਿਰਾਂ ਨੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਦੂਰ ਰਹਿਣ ਦੀ ਸਹਿਮਤੀ ਜ਼ਾਹਰ ਕੀਤੀ।
ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਬਾਰੇ ਨਾ ਕੀਤੀ ਕੋਈ ਟਿੱਪਣੀ
ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨੂੰ ਸਿੱਧੇ ਤੌਰ ’ਤੇ ਜੂਨ 2023 ਵਿਚ ਹੋਏ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਿਆ ਗਿਆ। ਅਕਤੂਬਰ 2024 ਦੀ ਪ੍ਰੈਸ ਕਾਨਫ਼ਰੰਸ ਵਿਚ ਆਰ.ਸੀ.ਐਮ.ਪੀ. ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਵਰਤਿਆ ਜਾ ਰਿਹਾ ਹੈ। ਇਸੇ ਦੌਰਾਨ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਾਰਤ ਪੁੱਜ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਿਖਿਲ ਗੁਪਤਾ ਮਾਮਲੇ ਵਿਚ ਅਮਰੀਕਾ ਸਰਕਾਰ ਵੱਲੋਂ ਪੇਸ਼ ਸਬੂਤਾਂ ਦਾ ਮੁੱਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਸਿੱਧੇ ਤੌਰ ’ਤੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੁੜਦੇ ਹਨ। ਪਿਛਲੇ ਦਿਨੀਂ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਅਨੀਤਾ ਆਨੰਦ ਆਖ ਚੁੱਕੇ ਹਨ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡੀਅਨ ਲਾਅ ਐਨਫੋਰਸਮੈਂਟ ਅਫ਼ਸਰਾਂ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।