ਜੀ.ਟੀ.ਏ. ’ਚੋਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼

Update: 2025-03-28 11:30 GMT

ਔਸ਼ਵਾ : ਗਰੇਟਰ ਟੋਰਾਂਟੋ ਏਰੀਆ ਵਿਚ ਗੱਡੀਆਂ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਡਰਹਮ ਰੀਜਨਲ ਪੁਲਿਸ ਵੱਲੋਂ ਕਿਊਬੈਕ ਦੇ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਚਾਰ ਹੋਰਨਾਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਇਸ ਗਿਰੋਹ ਨੇ 25 ਲੱਖ ਡਾਲਰ ਮੁੱਲ ਦੀਆਂ 38 ਗੱਡੀਆਂ ਚੋਰੀ ਕੀਤੀਆਂ ਜਿਨ੍ਹਾਂ ਵਿਚੋਂ 20 ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਡਰਹਮ ਰੀਜਨਲ ਪੁਲਿਸ ਨੇ 11 ਸ਼ੱਕੀ ਕਾਬੂ ਕੀਤੇ

ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੌਰੇਰਾ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ 160 ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ 58 ਰਿਹਾਈ ਸ਼ਰਤਾਂ ਦੀ ਉਲੰਘਣਾ ਨਾਲ ਸਬੰਧਤ ਹਨ। ਉਨ੍ਹਾਂ ਅੱਗੇ ਕਿਹਾ ਕਿ ਟੋਰਾਂਟੋ ਏਰੀਆ ਵਿਚ ਕਈ ਥਾਵਾਂ ’ਤੇ ਛਾਪੇ ਮਾਰਦਿਆਂ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਮੌਰੇਰਾ ਮੁਤਾਬਕ ਡਰਹਮ ਰੀਜਨ ਵਿਚੋਂ ਇਕ ਮਗਰੋਂ ਇਕ ਕਈ ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਉਣ ’ਤੇ ਬੀਤੇ ਜਨਵਰੀ ਮਹੀਨੇ ਦੌਰਾਨ ਪੜਤਾਲ ਆਰੰਭੀ ਗਈ।

ਚੋਰੀ ਕੀਤੀਆਂ 38 ਗੱਡੀਆਂ ਵਿਚੋਂ 20 ਹੋਈਆਂ ਬਰਾਮਦ

ਜ਼ਿਆਦਾਤਰ ਮਾਮਲਿਆਂ ਵਿਚ ਚੋਰੀ ਕਰਨ ਦਾ ਇਕੋ ਤਰੀਕਾ ਵਰਤਿਆ ਗਿਆ ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਇਹ ਕੰਮ ਕਿਸੇ ਪੇਸ਼ੇਵਰ ਗਿਰੋਹ ਦਾ ਹੋ ਸਕਦਾ ਹੈ। ਮੌਰੇਰਾ ਨੇ ਕਿਹਾ ਕਿ ਸੂਬਾਈ ਸਰਹੱਦਾਂ ਇਨ੍ਹਾਂ ਸ਼ੱਕੀਆਂ ਵਾਸਤੇ ਕੋਈ ਅਹਿਮੀਅਤ ਨਹੀਂ ਰਖਦੀਆਂ ਜਿਨ੍ਹਾਂ ਦਾ ਇਕੋ ਇਕ ਮਕਸਦ ਮਹਿੰਗੀਆਂ ਗੱਡੀਆਂ ਚੋਰੀ ਕਰਨਾ ਹੁੰਦਾ ਹੈ। ਦੂਜੇ ਪਾਸੇ ਗ੍ਰਿਫ਼ਤਾਰੀ ਮਗਰੋਂ ਰਿਹਾਅ ਕੀਤੀ ਮਹਿਲਾ ਸ਼ੱਕੀ ਆਸੀਆ ਵਿਰੁੱਧ ਪੁਲਿਸ ਅਫਸਰਾਂ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। 

Tags:    

Similar News