ਕੈਨੇਡਾ ਵਿਚ ਚੋਣਾਂ ਕਿਸੇ ਵੀ ਪਲ ਸੰਭਵ
ਕੈਨੇਡਾ ਵਿਚ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਜੀ ਹਾਂ, ਐਨ.ਡੀ.ਪੀ. ਕੌਕਸ ਦੀ ਮੀਟਿੰਗ ਦੌਰਾਨ ਜਗਮੀਤ ਸਿੰਘ ਨੇ ਮੰਨਿਆ ਕਿ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲਏ ਜਾਣ ਮਗਰੋਂ ਸਮੇਂ ਤੋਂ ਪਹਿਲਾਂ ਚੋਣਾਂ ਦੇ ਆਸਾਰ ਵਧ ਚੁੱਕੇ ਹਨ।;
ਮੌਂਟਰੀਅਲ : ਕੈਨੇਡਾ ਵਿਚ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਜੀ ਹਾਂ, ਐਨ.ਡੀ.ਪੀ. ਕੌਕਸ ਦੀ ਮੀਟਿੰਗ ਦੌਰਾਨ ਜਗਮੀਤ ਸਿੰਘ ਨੇ ਮੰਨਿਆ ਕਿ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲਏ ਜਾਣ ਮਗਰੋਂ ਸਮੇਂ ਤੋਂ ਪਹਿਲਾਂ ਚੋਣਾਂ ਦੇ ਆਸਾਰ ਵਧ ਚੁੱਕੇ ਹਨ। ਦੂਜੇ ਪਾਸੇ ਡਗ ਫੋਰਡ ’ਤੇ ਮੋੜਵਾਂ ਸ਼ਬਦੀ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਨਟਾਰੀਓ ਦੇ ਪ੍ਰੀਮੀਅਰ ਦੇ ਸਿਰ ’ਤੇ ਕਨਵਨੀਐਂਸ ਸਟੋਰਾਂ ਰਾਹੀਂ ਐਲਕੌਹਲ ਦੀ ਵਿਕਰੀ ਦਾ ਜਨੂੰਨ ਚੜ੍ਹਿਆ ਹੋਇਆ ਹੈ ਅਤੇ ਹਰ ਵੇਲੇ ਸ਼ਰਾਬ ਦੀਆਂ ਗੱਲਾਂ ਹੀ ਹੁੰਦੀਆਂ ਹਨ ਜਦਕਿ ਹੈਲਥ ਕੇਅਰ ਸੈਕਟਰ ਨੂੰ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ।
ਜਗਮੀਤ ਸਿੰਘ ਨੇ ਐਨ.ਡੀ.ਪੀ. ਕੌਕਸ ਦੀ ਮੀਟਿੰਗ ਦੌਰਾਨ ਦਿਤੇ ਸੰਕੇਤ
ਜਗਮੀਤ ਸਿੰਘ ਨੇ ਕਿਹਾ ਕਿ ਉਨਟਾਰੀਓ ਵਾਸੀਆਂ ਨੂੰ ਕਈ ਕਿਸਮ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ ਪਰ ਕੋਈ ਇਨ੍ਹਾਂ ਦਾ ਜ਼ਿਕਰ ਕਰਨ ਨੂੰ ਰਾਜ਼ੀ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦਾ ਰਹਿਣ-ਸਹਿਣ ਦਾ ਖਰਚਾ ਵਧਦਾ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਇਸ ਪਾਸੇ ਕੋਈ ਰਾਹਤ ਮੁਹੱਈਆ ਕਰਵਾਉਣ ਦੀ ਬਜਾਏ ਕਨਵੀਨੀਐਂਸ ਸਟੋਰਾਂ ’ਤੇ ਸ਼ਰਾਬ ਵੇਚਣ ਨੂੰ ਸਫ਼ਲਤਾ ਦੱਸ ਰਹੀ ਹੈ। ਹਾਊਸ ਆਫ ਕਾਮਨਜ਼ ਵਿਚ ਆਉਣ ਵਾਲੇ ਮਤਿਆਂ ’ਤੇ ਵੋਟਿੰਗ ਬਾਰੇ ਪੁੱਛੇ ਜਾਣ ’ਤੇ ਐਨ.ਡੀ.ਪੀ. ਆਗੂ ਨੇ ਆਖਿਆ ਕਿ ਹਰ ਮਤੇ ਬਾਰੇ ਡੂੰਘਾਈ ਨਾਲ ਵਿਚਾਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਅਤੇ ਇਨ੍ਹਾਂ ਵਿਚ ਸੰਭਾਵਤ ਬੇਵਿਸਾਹੀ ਮਤਾ ਵੀ ਸ਼ਾਮਲ ਹੈ। ਕੌਕਸ ਮੀਟਿੰਗ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀ ਸੂਰਤ ਵਿਚ ਫਾਰਮਾਕੇਅਰ ਦਾ ਮਸਲਾ ਉਲਝ ਸਕਦਾ ਹੈ ਅਤੇ ਪਿਅਰੇ ਪੌਇਲੀਐਵ ਸੱਤਾ ਵਿਚ ਆਏ ਤਾਂ ਡੈਂਟਲ ਕੇਅਰ ਪ੍ਰੋਗਰਾਮ ਵੀ ਬੰਦ ਕੀਤਾ ਜਾ ਸਕਦਾ ਹੈ।
ਕਿਹਾ, ਡਗ ਫੋਰਡ ਦੇ ਸਿਰ ’ਤੇ ਸ਼ਰਾਬ ਦਾ ਜਨੂੰਨ ਸਵਾਰ
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਐਨ.ਡੀ.ਪੀ. ਨੇ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈ ਕੇ ਆਪਣਾ ਨੁਕਸਾਨ ਕਰ ਲਿਆ ਹੈ, ਦੇ ਜਵਾਬ ਵਿਚ ਜਗਮੀਤ ਸਿੰਘ ਨੇ ਕਿਹਾ ਕਿ ਸਭ ਕੁਝ ਜਸਟਿਨ ਟਰੂਡੋ ’ਤੇ ਨਿਰਭਰ ਕਰਦਾ ਹੈ ਕਿ ਆਖਰਕਾਰ ਉਹ ਕੀ ਚਾਹੁੰਦੇ ਹਨ? ਜੇ ਉਹ ਦਿਲੋਂ ਚਾਹੁੰਦੇ ਤਾਂ ਫਾਰਮਾਕੇਅਰ ’ਤੇ ਅੱਗੇ ਵਧ ਸਕਦੇ ਸਨ ਅਤੇ ਹੁਣ ਦੇਖਣਾ ਹੋਵੇਗਾ ਕਿ ਟਰੂਡੋ ਅੱਗੇ ਵਧਣ ਲਈ ਕਿਹੜਾ ਰਾਹ ਅਖਤਿਆਰ ਕਰਨਗੇ? ਇਸੇ ਦੌਰਾਨ ਐਨ.ਡੀ.ਪੀ. ਕੌਕਸ ਦੇ ਮੁਖੀ ਐਲਿਸਟੇਅਰ ਮੈਕਗ੍ਰੈਗਰ ਨੇ ਕਿਹਾ ਕਿ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਕੇ ਐਨ.ਡੀ.ਪੀ. ਨੇ ਕੋਈ ਜੂਆ ਨਹੀਂ ਖੇਡਿਆ। ਫਾਰਮਾਕੇਅਰ ਨੂੰ ਸੈਨੇਟ ਤੋਂ ਪਾਸ ਕਰਵਾਉਣ ਲਈ ਲੋੜੀਂਦਾ ਸਮਾਂ ਜ਼ਰੂਰੀ ਹੈ। ਲਿਬਰਲ ਪਾਰਟੀ ਨਾਲੋਂ ਤੋੜ ਵਿਛੋੜਾ ਕੀਤੇ ਜਾਣ ਮਗਰੋਂ ਐਨ.ਡੀ.ਪੀ. ਦੇ ਹਮਾਇਤੀਆਂ ਅਤੇ ਵੋਟਰਾਂ ਵਿਚ ਖੁਸ਼ੀ ਦੀ ਲਹਿਰ ਹੈ।