ਕੈਨੇਡਾ ਵਿਚ ਆਰੰਭ ਹੋਈ ਚੋਣਾਂ ਦੀ ਸਿਆਸਤ

ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈਣ ਮਗਰੋਂ ਕੈਨੇਡਾ ਵਿਚ ਚੋਣਾਂ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ।

Update: 2024-09-09 12:29 GMT

ਟੋਰਾਂਟੋ : ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈਣ ਮਗਰੋਂ ਕੈਨੇਡਾ ਵਿਚ ਚੋਣਾਂ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਲਿਬਰਲ ਮੰਤਰੀਆਂ ਅਤੇ ਐਮ.ਪੀਜ਼ ਵੱਲੋਂ ਆਪਣੀਆਂ ਸਰਗਰਮੀਆਂ ਵਿਚ ਵਾਧਾ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਿਰਫ਼ ਪ੍ਰਾਪਤੀਆਂ ਹੀ ਨਹੀਂ ਗਿਣਾਈਆਂ ਜਾ ਰਹੀਆਂ ਸਗੋਂ ਕੰਜ਼ਰਵੇਟਿਵ ਪਾਰਟੀ ਨੂੰ ਭੰਡਿਆ ਵੀ ਜਾ ਰਿਹਾ ਹੈ। ਹਰਜੀਤ ਸਿੰਘ ਸੱਜਣ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ 17 ਫੀ ਸਦੀ ਕਮੀ ਆਉਣ ਦਾ ਦਾਅਵਾ ਕੀਤਾ ਗਿਆ ਹੈ।

ਲਿਬਰਲ ਮੰਤਰੀਆਂ ਨੇ ਆਰੰਭਿਆ ਪ੍ਰਾਪਤੀਆਂ ਗਿਣਾਉਣ ਦਾ ਸਿਲਸਿਲਾ

ਐਮਰਜੰਸੀ ਤਿਆਰੀਆਂ ਬਾਰੇ ਮੰਤਰੀ ਨੇ ਕਿਹਾ ਕਿ ਫਰੰਟਲਾਈਨ ਅਫਸਰਾਂ ਦੀ ਕਾਰਵਾਈ ਸਦਕਾ 1,300 ਤੋਂ ਵੱਧ ਚੋਰੀ ਹੋਈਆਂ ਗੱਡੀਆਂ ਬਰਾਮਦ ਵੀ ਕੀਤੀਆਂ ਗਈਆਂ ਅਤੇ ਆਟੋ ਥੈਫ਼ਟ ਵਿਰੁੱਧ ਜੰਗ ਜਾਰੀ ਰਹੇਗੀ। ਇਸੇ ਦੌਰਾਨ ਹਰਜੀਤ ਸਿੰਘ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਜ਼ਿਕਰ ਕਰਦੇ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਪਿਅਰੇ ਪੌਇਲੀਐਵ ਸੱਤਾ ਵਿਚ ਆਏ ਤਾਂ ਸੀ.ਬੀ.ਐਸ.ਏ. ਦੇ ਮੁਲਾਜ਼ਮਾਂ ਦੀ ਗਿਣਤੀ ਹੋਰ ਘਟਾ ਦਿਤੀ ਜਾਵੇਗੀ। ਵੀਡੀਓ ਵਿਚ ਫੈਡਰਲ ਮੰਤਰੀ ਕਮਲ ਖਹਿਰਾ ਵੀ ਨਜ਼ਰ ਆਉਂਦੇ ਹਨ। ਬਿਨਾਂ ਸ਼ੱਕ ਗੱਡੀ ਚੋਰੀ ਦੀਆਂ ਵਾਰਦਾਤਾਂ ਘਟਣ ਨਾਲ ਸਬੰਧਤ ਅੰਕੜਾ ਬਿਲਕੁਲ ਦਰੁਸਤ ਹੈ ਅਤੇ ਦਾਅਵੇ ਦੇ ਪੱਖ ਵਿਚ ਇਸ ਖੇਤਰ ਦੇ ਜਾਣਕਾਰ ਬ੍ਰਾਇਲ ਗਾਸਟ ਦੀ ਟਿੱਪਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਕੰਜ਼ਰਵੇਟਿਵ ਪਾਰਟੀ ਨੂੰ ਭੰਡਣ ਦਾ ਵੀ ਨਹੀਂ ਛੱਡ ਰਹੇ ਕੋਈ ਮੌਕਾ

ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ 2023 ਦੌਰਾਨ ਬੀਮਾ ਦਾਅਵਿਆਂ ਦੇ ਇਵਜ਼ ਵਿਚ ਡੇਢ ਅਰਬ ਡਾਲਰ ਦੀ ਰਕਮ ਅਦਾ ਕੀਤੀ ਗਈ ਜੋ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਉਚੀ ਰਕਮ ਬਣਦੀ ਹੈ। ਇਸੇ ਦੌਰਾਨ ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਵੱਲੋਂ ਹਿੰਸਕ ਅਪਰਾਧੀਆਂ ਨੂੰ ਵਾਰ ਵਾਰ ਜ਼ਮਾਨਤ ਮਿਲਣ ਦੇ ਅਸਲ ਕਾਰਨਾਂ ’ਤੇ ਚਾਨਣਾ ਪਾਇਆ ਗਿਆ ਹੈ। ਪੰਜਾਬੀ ਵਿਚ ਡਬ ਕੀਤੀ ਵੀਡੀਓ ਰਾਹੀਂ ਮਨਿੰਦਰ ਸਿੱਧੂ ਦੋਸ਼ ਲਾਉਂਦੇ ਹਨ ਕਿ ਉਨਟਾਰੀਓ ਸਰਕਾਰ ਦੀ ਨਾਲਾਇਕੀ ਕਾਰਨ ਅਪਰਾਧੀਆਂ ਨੂੰ ਜ਼ਮਾਨਤ ਮਿਲ ਰਹੀ ਹੈ। ਮਨਿੰਦਰ ਸਿੱਧੂ ਮੁਤਾਬਕ ਵੱਖ ਵੱਖ ਅਪਰਾਧਾਂ ਲਈ ਸਜ਼ਾ ਦੀ ਮਿਆਦ ਵਧਾ ਕੇ 10 ਸਾਲ ਤੋਂ 14 ਸਾਲ ਕੀਤੀ ਜਾ ਚੁੱਕੀ ਹੈ ਜਦਕਿ ਜ਼ਮਾਨਤ ਸ਼ਰਤਾਂ ਵੀ ਸਖਤ ਕੀਤੀਆਂ ਗਈਆਂ ਪਰ ਸੂਬਾ ਸਰਕਾਰ ਕਮਿਊਨਿਟੀਜ ਨੂੰ ਸੁਰੱਖਿਅਤ ਰੱਖਣ ਲਈ ਬਣਦਾ ਯੋਗਦਾਨ ਨਹੀਂ ਪਾ ਰਹੀ।

Tags:    

Similar News