400 ਕਿਲੋ ਸੋਨਾ ਲੁੱਟਣ ਦਾ ਸ਼ੱਕੀ ਕੈਨੇਡਾ ਲਿਆਉਣਾ ਮੁਸ਼ਕਲ
ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਲੋੜੀਂਦੇ ਸ਼ੱਕੀ ਨੂੰ ਅਮਰੀਕਾ ਤੋਂ ਕੈਨੇਡਾ ਲਿਆਉਣਾ ਔਖਾ ਹੋ ਗਿਆ ਹੈ।;

ਟੋਰਾਂਟੋ : ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਲੋੜੀਂਦੇ ਸ਼ੱਕੀ ਨੂੰ ਅਮਰੀਕਾ ਤੋਂ ਕੈਨੇਡਾ ਲਿਆਉਣਾ ਔਖਾ ਹੋ ਗਿਆ ਹੈ। ਬਰੈਂਪਟਨ ਨਾਲ ਸਬੰਧਤ ਦੁਰਾਂਤੇ ਕਿੰਗ ਮਕਲੀਨ ਨੇ ਹਥਿਆਰਾਂ ਦੀ ਤਸਕਰੀ ਦਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਪੈਨਸਿਲਵੇਨੀਆ ਦੀ ਅਦਾਲਤ ਉਸ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾ ਸਕਦੀ ਹੈ। ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਵਿਚੋਂ ਸੋਨੇ ਨਾਲ ਲੱਦਿਆ ਟਰੱਕ ਲਿਜਾਣ ਵਾਲਾ ਡਰਾਈਵਰ ਮਕਲੇਨ ਹੀ ਸੀ ਜਿਸ ਨੂੰ ਬਾਅਦ ਵਿਚ ਅਮਰੀਕਾ ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕਰ ਲਿਆ। ਲੁੱਟ ਦੀ ਵਾਰਦਾਤ ਤੋਂ ਇਕ ਸਾਲ ਬਾਅਦ ਪੀਲ ਰੀਜਨਲ ਪੁਲਿਸ ਵੱਲੋਂ 9 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ।
ਅਮਰੀਕਾ ਵਿਚ ਹਥਿਆਰਾਂ ਦੀ ਤਸਕਰੀ ਦਾ ਗੁਨਾਬ ਕਬੂਲਿਆ
ਅਰਚਿਤ ਗਰੋਵਰ ਨਾਂ ਦੇ ਸ਼ੱਕੀ ਨੂੰ ਭਾਰਤ ਤੋਂ ਪਰਤਣ ਮਗਰੋਂ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ। ਅਰਚਿਤ ਗਰੋਵਰ ਉਸ ਟਰੱਕ ਦਾ ਮਾਲਕ ਹੈ ਜਿਸ ਦੀ ਵਰਤੋਂ ਲੁੱਟ ਦੌਰਾਨ ਕੀਤੀ ਗਈ। ਵਾਰਦਾਤ ਮਗਰੋਂ ਅਰਚਿਤ ਦੇ ਕਜ਼ਨ ਅਮਿਤ ਜਲੋਟਾ ਵੱਲੋਂ ਕਥਿਤ ਤੌਰ ’ਤੇ ਸੋਨੇ ਦੀ ਰਾਖੀ ਦਾ ਕੰਮ ਸੰਭਾਲਿਆ ਗਿਆ ਅਤੇ ਅਰਸਲਾਨ ਚੌਧਰੀ ਨੇ ਕਥਿਤ ਤੌਰ ’ਤੇ ਉਸ ਦਾ ਸਾਥ ਦਿਤਾ। ਮਿਸੀਸਾਗਾ ਵਿਖੇ ਗਹਿਣਿਆਂ ਦੀ ਦੁਕਾਨ ਅਲੀ ਰਜ਼ਾ ਦੀ ਹੈ ਜਿਥੇ ਮਾਮੂਲੀ ਮਾਤਰਾ ਵਿਚ ਸੋਨੇ ਦਾ ਰੂਪ ਬਦਲਿਆ ਗਿਆ। ਦੂਜੇ ਪਾਸੇ ਕੈਨੇਡਾ ਵੱਲੋਂ ਭਗੌੜਾ ਕਰਾਰ ਸਿਮਰਨਪ੍ਰੀਤ ਪਨੇਸਰ ਮੋਹਾਲੀ ਵਿਖੇ ਰਹਿ ਰਿਹਾ ਹੈ ਅਤੇ ਦੋ ਮਹੀਨੇ ਪਹਿਲਾਂ ਉਸ ਦੀ ਰਿਹਾਇਸ਼ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਛਾਪਾ ਵੀ ਪਿਆ। ਸਰਕਾਰੀ ਰਿਕਾਰਡ ਮੁਤਾਬਕ ਸਿਮਰਨ ਪ੍ਰੀਤ ਪਨੇਸਰ ਬਰੈਂਪਟਨ ਵਿਖੇ ਰਹਿੰਦਾ ਸੀ ਅਤੇ ਅਪ੍ਰੈਲ 2024 ਵਿਚ ਗੁਆਂਢੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਸਿਮਰਨਪ੍ਰੀਤ ਜਾਂ ਉਸ ਦੇ ਪਰਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ।
ਅਦਾਲਤ ਵੱਲੋਂ 15 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਆਸਾਰ
ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। ਸਿਮਰਨਪ੍ਰੀਤ ਪਨੇਸਰ ਦੇ ਵਕੀਲ ਵੱਲੋਂ ਪੀਲ ਪੁਲਿਸ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਸ ਦਾ ਮੁਵੱਕਲ ਆਤਮ ਸਮਰਪਣ ਕਰ ਦੇਵੇਗਾ ਪਰ ਅਜਿਹਾ ਨਾ ਹੋ ਸਕਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕੈਨੇਡਾ ਪੱਧਰੀ ਵਾਰੰਟ ਜਾਰੀ ਹੋ ਗਏ। ਦੂਜੇ ਪਾਸੇ 35 ਸਾਲ ਦਾ ਪ੍ਰਸਾਦ ਪਰਮਾÇਲੰਗਮ ਅਦਾਲਤ ਵਿਚ ਪੇਸ਼ੀ ਦੌਰਾਨ ਹਾਜ਼ਰ ਨਾ ਹੋਇਆ ਜਿਸ ਮਗਰੋਂ ਉਸ ਦੇ ਨਾਂ ਵੀ ਵਾਰੰਟ ਕੱਢੇ ਗਏ। ਪੁਲਿਸ ਮੁਤਾਬਕ ਪਰਮਾÇਲੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿਚ ਢਾਈ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋ ਗਿਆ। ਕੈਨੇਡੀਅਨ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਚੱਲ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾÇਲੰਗਮ ਦੀ ਹਿਰਾਸਤ ਚਾਹੁੰਦੀ ਹੈ। ਪੈਨਸਿਲਵੇਨੀਆ ਪੁਲਿਸ ਦਾ ਦੋਸ਼ ਹੈ ਕਿ ਪਰਮਾÇਲੰਗਮ ਨੇ ਕਿੰਗ ਮੈਕਲੀਨ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਿਚ ਮਦਦ ਕੀਤੀ ਅਤੇ ਇਸ ਦੇ ਨਾਲ ਹੀ ਹਥਿਆਰਾਂ ਦੀ ਤਸਕਰੀ ਵਿਚ ਵੀ ਸ਼ਾਮਲ ਰਿਹਾ ਪਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ 400 ਕਿਲੋ ਸੋਨੇ ਦੀ ਕੋਈ ਉਘ ਸੁੱਘ ਅੱਜ ਤੱਕ ਨਹੀਂ ਮਿਲ ਸਕੀ।