ਕੈਨੇਡਾ ਦੇ ਵਾਟਰ ਫਾਲ ’ਤੇ ਨਹਾਉਣ ਗਏ 2 ਭਾਰਤੀ ਨੌਜਵਾਨਾਂ ਦੀ ਮੌਤ

ਕੈਨੇਡਾ ਦੇ ਇਕ ਵਾਟਰ ਫਾਲ ’ਤੇ ਨਹਾਉਣ ਗਏ ਦੋ ਭਾਰਤੀ ਨੌਜਵਾਨਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਨਿਊ ਬ੍ਰਨਜ਼ਵਿਕ ਸੂਬੇ ਦੇ ਗਿਬਸਨ ਫਾਲਜ਼ ਵਿਖੇ ਵਾਪਰੀ ਘਟਨਾ ਬਾਰੇ ਕੈਲੇਡੋਨੀਆ ਆਰ.ਸੀ.ਐਮ.ਪੀ. ਨੇ ਦੱਸਿਆ ਕਿ 21 ਸਾਲ ਦੇ ਇਕ ਨੌਜਵਾਨ ਨੂੰ ਪਾਣੀ ਵਿਚੋਂ ਕੱਢਿਆ ਗਿਆ ਜੋ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।;

Update: 2024-06-19 12:05 GMT

ਮੌਂਕਟਨ : ਕੈਨੇਡਾ ਦੇ ਇਕ ਵਾਟਰ ਫਾਲ ’ਤੇ ਨਹਾਉਣ ਗਏ ਦੋ ਭਾਰਤੀ ਨੌਜਵਾਨਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਨਿਊ ਬ੍ਰਨਜ਼ਵਿਕ ਸੂਬੇ ਦੇ ਗਿਬਸਨ ਫਾਲਜ਼ ਵਿਖੇ ਵਾਪਰੀ ਘਟਨਾ ਬਾਰੇ ਕੈਲੇਡੋਨੀਆ ਆਰ.ਸੀ.ਐਮ.ਪੀ. ਨੇ ਦੱਸਿਆ ਕਿ 21 ਸਾਲ ਦੇ ਇਕ ਨੌਜਵਾਨ ਨੂੰ ਪਾਣੀ ਵਿਚੋਂ ਕੱਢਿਆ ਗਿਆ ਜੋ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। 24 ਸਾਲ ਦੇ ਇਕ ਹੋਰ ਨੌਜਵਾਨ ਦੀ ਲਾਸ਼ ਅਗਲੇ ਦਿਨ ਬਾਹਰ ਕੱਢੀ ਜਾ ਸਕੀ ਅਤੇ ਇਸ ਦੀ ਮੌਤ ਵੀ ਸੱਟਾਂ ਲੱਗਣ ਕਾਰਨ ਹੋਈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਨੇ ਉਚਾਈ ਤੋਂ ਪਾਣੀ ਵਿਚ ਛਾਲ ਮਾਰੀ ਪਰ ਪੱਥਰਾਂ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਏ ਅਤੇ ਬਾਹਰ ਨਾ ਨਿਕਲ ਸਕੇ।

ਭਾਰਤੀ ਨੌਜਵਾਨਾਂ ਵਿਚੋਂ ਇਕ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਨਾਣਸੂ ਨਾਲ ਸਬੰਧਤ ਗੁਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਪੀ.ਆਰ. ਮਿਲੀ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਸੈਰ ਸਪਾਟਾ ਕਰਨ ਗਿਬਸਨ ਫਾਲਜ਼ ਵੱਲ ਗਿਆ। ਗੁਰਪ੍ਰੀਤ ਸਿੰਘ ਦੇ ਪਿਤਾ ਰਜਿੰਦਰ ਸਿੰਘ ਜਿਨ੍ਹਾਂ ਦਾ ਆੜ੍ਹਤ ਦਾ ਕੰਮ ਹੈ, ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। ਗੁਰਪ੍ਰੀਤ ਸਿੰਘ ਨੇ ਨਿਊ ਬ੍ਰਨਜ਼ਵਿਕ ਦੇ ਮੌਂਕਟਨ ਵਿਖੇ ਪੜ੍ਹਾਈ ਮੁਕੰਮਲ ਕੀਤੀ ਅਤੇ ਆਖਰਕਾਰ ਪੀ.ਆਰ. ਵੀ ਮਿਲ ਗਈ। ਪੀ.ਆਰ. ਮਿਲਣ ਦੀ ਖੁਸ਼ੀ ਵਿਚ ਉਹ ਆਪਣੇ ਦੋਸਤਾਂ ਨਾਲ ਪਹਾੜੀ ਇਲਾਕੇ ਵੱਲ ਗਿਆ ਜਿਥੇ ਸਾਰਿਆਂ ਨਾਲ ਝਰਨੇ ਵਿਚ ਨਹਾਉਣ ਦਾ ਫੈਸਲਾ ਕੀਤਾ ਪਰ ਜ਼ਮੀਨੀ ਹਾਲਾਤ ਤੋਂ ਅਣਜਾਣ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਬਣ ਗਏ। ਆਰ.ਸੀ.ਐਮ.ਪੀ. ਦੋਹਾਂ ਨੌਜਵਾਨਾਂ ਦੀ ਮੌਤ ਨੂੰ ਸ਼ੱਕੀ ਨਹੀਂ ਮੰਨ ਰਹੀ। ਇਸੇ ਦੌਰਾਨ ਐਲਗਿਨ ਦੇ ਫਾਇਰ ਚੀਫ ਕੈਂਟ ਸਟੀਵਜ਼ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਕੁਦਰਤ ਦੇ ਨਜ਼ਾਰੇ ਦੇਖਣ ਗਿਬਸਨ ਫਾਲਜ਼ ਆਉਂਦੇ ਹਨ ਪਰ ਇਹ ਜਗ੍ਹਾ ਬੇਹੱਦ ਖਤਰਨਾਕ ਹੈ।

ਪਾਣੀ ਵਿਚ ਛਾਲ ਮਾਰਨ ਤੋਂ ਪਹਿਲਾਂ ਇਸ ਡੂੰਘਾਈ ਪਤਾ ਹੋਣੀ ਲਾਜ਼ਮੀ ਹੈ ਅਤੇ ਬਾਹਰ ਨਿਕਲਣ ਦਾ ਰਾਹ ਵੀ ਹੋਣਾ ਚਾਹੀਦਾ ਹੈ। ਸਟੀਵਜ਼ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਪਿਛਲੇ ਸਮੇਂ ਦੌਰਾਨ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਪਰ 12 ਸਾਲ ਤੋਂ ਕੋਈ ਮੌਤ ਨਹੀਂ ਹੋਈ। 20 ਸਾਲ ਤੋਂ ਐਲਗਿਨ ਵਿਖੇ ਰਹਿ ਰਹੀ ਸ਼ਰਲੀ ਕੋਲ ਦਾ ਕਹਿਣਾ ਸੀ ਕਿ ਪਥਰੀਲੇ ਕਿਨਾਰਿਆਂ ਤੋਂ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੈ। ਬਾਹਰੋਂ ਆਉਣ ਵਾਲੇ ਲੋਕ ਸਮਝਦੇ ਹਨ ਕਿ ਪਾਣੀ 50 ਫੁੱਟ ਡੂੰਘਾ ਹੋਵੇਗਾ ਪਰ ਇਸ ਵਿਚ ਮੌਜੂਦ ਪੱਥਰ ਉਨ੍ਹਾਂ ਦੀਆਂ ਨਜ਼ਰ ਵਿਚ ਨਹੀਂ ਆਉਂਦੇ।

Tags:    

Similar News