ਕੈਨੇਡਾ ਦੇ ਨਸ਼ੇੜੀ ਡਰਾਈਵਰਾਂ ’ਤੇ ਅਦਾਲਤ ਦਾ ਸ਼ਿਕੰਜਾ
ਪੰਜਵੀਂ ਵਾਰ ਨਸ਼ਾ ਕਰ ਗੱਡੀ ਚਲਾਉਣ ਦੇ ਦੋਸ਼ੀ ਨੂੰ ਚਾਰ ਮਹੀਨੇ ਵਾਸਤੇ ਜੇਲ ਨਾ ਭੇਜਣ ਦਾ ਫੈਸਲਾ ਉਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਬਦਲ ਦਿਤਾ
ਬਰੈਂਪਟਨ : ਪੰਜਵੀਂ ਵਾਰ ਨਸ਼ਾ ਕਰ ਗੱਡੀ ਚਲਾਉਣ ਦੇ ਦੋਸ਼ੀ ਨੂੰ ਚਾਰ ਮਹੀਨੇ ਵਾਸਤੇ ਜੇਲ ਨਾ ਭੇਜਣ ਦਾ ਫੈਸਲਾ ਉਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਬਦਲ ਦਿਤਾ। ਸੁਪੀਰੀਅਰ ਕੋਰਟ ਦੀ ਜਸਟਿਸ ਜੈਨੀਫਰ ਵੂਲਕੌਂਬ ਨੇ ਬਰੈਂਪਟਨ ਦੀ ਇਕ ਮਹਿਲਾ ਜੱਜ ਵੱਲੋਂ ਸ਼ਰਾਬੀ ਡਰਾਈਵਰ ਨਾਲ ਨਰਮੀ ਵਰਤੇ ਜਾਣ ’ਤੇ ਕਿਹਾ, ‘‘ਹੇਠਲੀ ਅਦਾਲਤ ਦੀ ਜੱਜ ਨੂੰ ਕਾਨੂੰਨ ਬਾਰੇ ਸਭ ਕੁਝ ਪਤਾ ਸੀ ਪਰ ਜਾਣ-ਬੁੱਝ ਕੇ ਦੋਸ਼ੀ ਨੂੰ ਤੈਅਸ਼ੁਦਾ ਸਜ਼ਾ ਮੁਤਾਬਕ ਚਾਰ ਮਹੀਨੇ ਵਾਸਤੇ ਜੇਲ ਨਾ ਭੇਜਿਆ ਅਤੇ ਕੰਡੀਸ਼ਨਲ ਸੈਨਟੈਨਸ ਦਾ ਫੈਸਲਾ ਸੁਣਾ ਦਿਤਾ।’’ ਇਥੇ ਦਸਣਾ ਬਣਦਾ ਹੈ ਕਿ ਜੋਸਫ਼ ਲਕਲੇਅਰ ਨਾਂ ਦਾ ਸ਼ਖਸ ਮਿਸੀਸਾਗਾ ਦੇ ਵਿੰਸਟਨ ਚਰਚਿਲ ਬੁਲੇਵਾਰਡ ’ਤੇ ਗਲਤ ਪਾਸੇ ਵੱਲ ਡਰਾਈਵਿੰਗ ਕਰ ਰਿਹਾ ਸੀ।
ਪੰਜਵੀਂ ਵਾਰ ਨਸ਼ਾ ਕਰ ਕੇ ਗੱਡੀ ਚਲਾਉਣ ਵਾਲਾ ਜੇਲ ਭੇਜਿਆ
ਸਿਰਫ਼ ਐਨਾ ਹੀ ਨਹੀਂ ਉਸ ਦੀ ਗੱਡੀ ਦਾ ਇਕ ਟਾਇਰ ਵੀ ਗਾਇਬ ਸੀ ਅਤੇ ਰਿਮ ਦੇ ਸਹਾਰੇ ਗੱਡੀ ਚੱਲ ਰਹੀ ਸੀ। ਬਾਅਦ ਵਿਚ ਇਹ ਗੱਡੀ ਲਾਵਾਰਿਸ ਹਾਲਤ ਵਿਚ ਮਿਲੀ ਪਰ ਜਲਦ ਹੀ ਡਰਾਈਵਰ ਦੀ ਸ਼ਨਾਖਤ ਹੋ ਗਈ ਅਤੇ ਪੁਲਿਸ ਨੇ ਉਸ ਵਿਰੁੱਧ ਦੋਸ਼ ਆਇਦ ਕਰ ਦਿਤੇ। ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਲਕਲੇਅਰ ਦੀ ਖੂਨ ਵਿਚ 38 ਨੈਨੋਗ੍ਰਾਮ ਫੈਂਟਾਨਿਲ ਅਤੇ 131 ਨੈਨੋਗ੍ਰਾਮ ਐਟੀਜ਼ੋਲਮ ਮਿਲੀ। ਗੱਡੀ ਉਸ ਦੀ ਪਤਨੀ ਦੇ ਨਾਂ ਸੀ ਅਤੇ ਉਸ ਮਰਜ਼ੀ ਤੋਂ ਬਗੈਰ ਗੱਡੀ ਚਲਾ ਰਿਹਾ ਸੀ। ਅਪ੍ਰੈਲ 2019 ਵਿਚ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਦੋ ਸਾਲ ਵਾਸਤੇ ਗੱਡੀ ਚਲਾਉਣ ਦੀ ਪਾਬੰਦੀ ਵੀ ਲੱਗੀ ਹੋਈ ਸੀ। ਇਥੇ ਦਸਣਾ ਬਣਦਾ ਹੈ ਕਿ ਜੁਲਾਈ ਵਿਚ ਪੰਜਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਭਾਰਤੀ ਮੂਲ ਦੇ ਡਰਾਈਵਰ ਨੂੰ ਤੁਰਤ ਜ਼ਮਾਨਤ ਮਿਲਣ ’ਤੇ ਵਿਵਾਦ ਪੈਦਾ ਹੋ ਗਿਆ ਸੀ।
ਬਰੈਂਪਟਨ ਦੀ ਅਦਾਲਤ ਨੇ ਵਰਤੀ ਸੀ ਨਰਮੀ
ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰ ਦੀ ਸ਼ਨਾਖਤ 58 ਸਾਲ ਦੇ ਕੌਸ਼ਲ ਕਾਸ਼ੀਰਾਮ ਵਜੋਂ ਕੀਤੀ ਗਈ ਜਿਸ ਉਤੇ ਪੂਰੀ ਜ਼ਿੰਦਗੀ ਗੱਡੀ ਨਾ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਪਰ ਉਸ ਨੇ ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਬਰੈਂਪਟਨ ਵਿਖੇ ਵੱਡਾ ਹਾਦਸਾ ਕਰ ਦਿਤਾ। ਪੁਲਿਸ ਮੁਤਾਬਕ ਹਾਈਵੇਅ 50 ਅਤੇ ਕੋਲਰੇਨ ਡਰਾਈਵ ਇਲਾਕੇ ਵਿਚ ਚਾਰ ਗੱਡੀਆਂ ਦੀ ਟੱਕਰ ਮਗਰੋਂ ਤਿੰਨ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ 21 ਸਾਲ ਦੇ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਪੂਰੀ ਜ਼ਿੰਦਗੀ ਸਰੀਰਕ ਮੁਸ਼ਕਲਾਂ ਬਰਦਾਸ਼ਤ ਕਰਨੀਆਂ ਹੋਣਗੀਆਂ।