ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਬਾਰੇ ਵਿਵਾਦਤ ਬਿਆਨ

ਕੈਨੇਡਾ ਅਤੇ ਭਾਰਤ ਦਰਮਿਆਨ ਸਬੰਧਾਂ ਵਿਚ ਪੈਦਾ ਹੋਈ ਕੁੜੱਤਣ ਵਾਸਤੇ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਕਿਹਾ ਹੈ ਕਿ ਖਾਲਿਸਤਾਨ ਹਮਾਇਤੀ ਲਿਬਰਲ ਪਾਰਟੀ ਵਿਚ ਘੁਸਪੈਠ ਕਰ ਰਹੇ ਹਨ।

Update: 2025-03-21 11:24 GMT

ਔਟਵਾ : ਕੈਨੇਡਾ ਅਤੇ ਭਾਰਤ ਦਰਮਿਆਨ ਸਬੰਧਾਂ ਵਿਚ ਪੈਦਾ ਹੋਈ ਕੁੜੱਤਣ ਵਾਸਤੇ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਕਿਹਾ ਹੈ ਕਿ ਖਾਲਿਸਤਾਨ ਹਮਾਇਤੀ ਲਿਬਰਲ ਪਾਰਟੀ ਵਿਚ ਘੁਸਪੈਠ ਕਰ ਰਹੇ ਹਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਵੱਲੋਂ ਸਟੀਫ਼ਨ ਹਾਰਪਰ ਦੀਆਂ ਟਿੱਪਣੀਆਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਡਬਲਿਊ.ਐਸ.ਓ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਆਰ.ਸੀ.ਐਮ.ਪੀ. ਸਿੱਧੇ ਤੌਰ ’ਤੇ ਭਾਰਤ ਸਰਕਾਰ ਵੱਲ ਉਂਗਲ ਉਠਾ ਚੁੱਕੀ ਹੈ।

ਕਿਹਾ, ਕੈਨੇਡਾ-ਭਾਰਤ ਦੇ ਸਬੰਧਾਂ ਵਿਚ ਕੁੜੱਤਣ ਲਈ ਖਾਲਿਸਤਾਨੀ ਜ਼ਿੰਮੇਵਾਰ

ਸਿੱਖ ਜਥੇਬੰਦੀ ਨੇ ਅੱਗੇ ਕਿਹਾ ਕਿ ਸਿਰਫ਼ ਐਨਾ ਹੀ ਨਹੀਂ, ਵਿਦੇਸ਼ੀ ਦਖਲ ਦੀ ਪੜਤਾਲ ਬਾਰੇ ਗਠਤ ਕਮਿਸ਼ਨ ਵੱਲੋਂ ਆਪਣੀ ਅੰਤਮ ਰਿਪੋਰਟ ਵਿਚ ਸਪੱਸ਼ਟ ਤੌਰ ’ਤੇ ਦੱਸਿਆ ਗਿਆ ਹੈ ਕਿ ਚੋਣਾਂ ਵਿਚ ਦਖਲ ਦੇਣ ਦੇ ਮਾਮਲੇ ਵਿਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦਾ ਕਹਿਣਾ ਸੀ ਕਿ ਸਟੀਫ਼ਨ ਹਾਰਪਰ ਦਾ ਸਲਾਹਕਾਰ ਫਰਮ ਆਪਣੇ ਹਿਤਾਂ ਖਾਤਰ ਹੱਥ-ਪੈਰ ਮਾਰ ਰਹੀ ਹੈ ਕਿਉਂਕਿ ਭਾਰਤ ਨਾਲ ਕਾਰੋਬਾਰੀ ਸਾਂਝ ਹੋਰ ਵਧਾਉਣ ਦੇ ਉਪਰਾਲੇ ਕਰਨ ਵਾਸਤੇ ਸਸਕੈਚਵਨ ਸਰਕਾਰ ਵੱਲੋਂ ਹਾਰਪਰ ਦੀ ਫਰਮ ਨੂੰ ਠੇਕਾ ਦਿਤਾ ਗਿਆ ਹੈ। ਡਬਲਿਊ.ਐਸ.ਓ. ਦੇ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਕੈਨੇਡੀਅਨ ਖੁਦਮੁਖਤਿਆਰੀ ਬਾਰੇ ਸਟੈਂਡ ਲੈਣ ਦੀ ਬਜਾਏ ਇਧਰ-ਉਧਰ ਦੀਆਂ ਛੱਡ ਰਹੇ ਹਨ।

ਡਬਲਿਊ.ਐਸ.ਓ. ਵੱਲੋਂ ਹਾਰਪਰ ਦੇ ਬਿਆਨ ਦੀ ਤਿੱਖੀ ਨਿਖੇਧੀ

ਸਟੀਫ਼ਨ ਹਾਰਪਰ ਵੱਲੋਂ ਕੈਨੇਡਾ ਵਿਚ ਹੋਈਆਂ ਹੱਤਿਆਵਾਂ ਇਕ ਪਾਸੇ ਰੱਖ ਕੇ ਆਪਣੇ ਫਾਇਦੇ ਨੂੰ ਅੱਗੇ ਰੱਖਿਆ ਜਾ ਰਿਹਾ ਹੈ। ਦਾਨਿਸ਼ ਸਿੰਘ ਨੇ ਸਵਾਲ ਉਠਾਇਆ ਕਿ ਜੇ ਸਟੀਫ਼ਨ ਹਾਰਪਰ ਕੈਨੇਡਾ ਅਤੇ ਭਾਰਤ ਦਰਮਿਆਨ ਚੰਗੇ ਰਿਸ਼ਤੇ ਚਾਹੁੰਦੇ ਹਨ ਤਾਂ ਵਿਦੇਸ਼ੀ ਦਖਲ ਦੀ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਕੈਨੇਡੀਅਨ ਸਿੱਖਾਂ ’ਤੇ ਤੋਹਮਤਾਂ ਨਹੀਂ ਲਾਉਣੀਆਂ ਚਾਹੀਦੀਆਂ। ਡਬਲਿਊ.ਐਸ.ਓ. ਵੱਲੋਂ ਕੈਨੇਡੀਅਨ ਸਿਆਸਤਦਾਨਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਹਾਰਪਰ ਵੱਲੋਂ ਦਿਤੇ ਜਾ ਰਹੇ ਗੁੰਮਰਾਹਕੁੰਨ ਬਿਆਨਾਂ ਦੀ ਪੁਰਜ਼ੋਰ ਨਿਖੇਧੀ ਕਰਨ। ਦੱਸ ਦੇਈਏ ਕਿ ਨਵੀਂ ਦਿੱਲੀ ਵਿਖੇ ਹੋਏ ਇਕ ਸਮਾਗਮ ਦੌਰਾਨ ਸਟੀਫ਼ਨ ਹਾਰਪਰ ਨੇ ਸਿੱਖਾਂ ਬਾਰੇ ਟਿੱਪਣੀਆਂ ਕੀਤੀਆਂ ਜਿਸ ਵਿਚ ਵੱਖ ਵੱਖ ਮੁਲਕਾਂ ਦੇ ਆਗੂ ਪੁੱਜੇ ਹੋਏ ਸਨ।

Tags:    

Similar News