ਕੈਨੇਡਾ ’ਚ ਪੰਜਾਬੀ ਨੌਜਵਾਨ ਵਿਰੁੱਧ ਲੱਗੇ ਦੋਸ਼ਾਂ ’ਤੇ ਰੋਕ

ਕੈਨੇਡਾ ਦੇ ਚਰਚਿਤ ਐਲਨਾਜ਼ ਹਜਤਾਮੀਰੀ ਮਾਮਲੇ ਦੇ ਸ਼ੱਕੀ ਹਰਸ਼ਪ੍ਰੀਤ ਸੇਖੋਂ ਵਿਰੁੱਧ ਲੱਗੇ ਦੋਸ਼ਾਂ ’ਤੇ ਰੋਕ ਲਾ ਦਿਤੀ ਗਈ ਹੈ।

Update: 2025-07-22 12:44 GMT

ਟੋਰਾਂਟੋ : ਕੈਨੇਡਾ ਦੇ ਚਰਚਿਤ ਐਲਨਾਜ਼ ਹਜਤਾਮੀਰੀ ਮਾਮਲੇ ਦੇ ਸ਼ੱਕੀ ਹਰਸ਼ਪ੍ਰੀਤ ਸੇਖੋਂ ਵਿਰੁੱਧ ਲੱਗੇ ਦੋਸ਼ਾਂ ’ਤੇ ਰੋਕ ਲਾ ਦਿਤੀ ਗਈ ਹੈ। ਨਿਊਮਾਰਕਿਟ ਦੀ ਅਦਾਲਤ ਵਿਚ ਸੋਮਵਾਰ ਨੂੰ ਹਰਸ਼ਪ੍ਰੀਤ ਸੇਖੋਂ ਵਿਰੁੱਧ ਮੁਢਲੀ ਸੁਣਵਾਈ ਸ਼ੁਰੂ ਹੋਣ ਮੌਕੇ ਕ੍ਰਾਊਨ ਵੱਲੋਂ ਦੋਸ਼ਾਂ ’ਤੇ ਰੋਕ ਦਾ ਐਲਾਨ ਕੀਤਾ ਗਿਆ। 20 ਦਸੰਬਰ 2021 ਨੂੰ ਐਲਨਾਜ਼ ਹਜਤਾਮੀਰੀ ਉਤੇ ਫਰਾਈਂਗ ਪੈਨ ਨਾਲ ਹਮਲਾ ਕਰਨ ਵਾਲੇ ਕਥਿਤ ਸੱਤ ਜਣਿਆਂ ਵਿਚੋਂ ਇਕ ਹਰਸ਼ਪ੍ਰੀਤ ਸੇਖੋਂ ਦੱਸਿਆ ਗਿਆ। ਤਕਰੀਬਨ ਢਾਈ ਸਾਲ ਪਹਿਲਾਂ ਉਸ ਦੀ ਗ੍ਰਿਫ਼ਤਾਰੀ ਹੋਈ ਅਤੇ ਉਦੋਂ ਤੋਂ ਉਹ ਜ਼ਮਾਨਤ ’ਤੇ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਅਤੇ ਅਕਾਸ਼ ਰਾਣਾ ਵਿਰੁੱਧ ਲੱਗੇ ਦੋਸ਼ਾਂ ’ਤੇ ਵੀ ਰੋਕ ਲਾਈ ਜਾ ਚੁੱਕੀ ਹੈ ਜੋ ਸਰਕਾਰੀ ਗਵਾਹ ਬਣ ਗਿਆ ਹੈ ਅਤੇ ਉਸ ਨੇ ਮੁਹੰਮਦ ਲੀਲੋ ਵਿਰੁੱਧ ਅਦਾਲਤ ਵਿਚ ਗਵਾਹੀ ਦਿਤੀ।

ਐਲਨਾਜ਼ ਹਜਤਾਮੀਰੀ ਮਾਮਲੇ ਦਾ ਸ਼ੱਕੀ ਹੈ ਹਰਸ਼ਪ੍ਰੀਤ ਸੇਖੋਂ

ਮਾਮਲੇ ਦਾ ਮੁੱਖ ਦੋਸ਼ੀ ਐਲਨਾਜ਼ ਦਾ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਹੈ ਜਦਕਿ ਦੋ ਹਮਲਾਵਰਾਂ ਰਿਆਸਤ ਸਿੰਘ ਅਤੇ ਹਰਸ਼ਦੀਪ ਬਿਨਰ ਨੇ ਕਬੂਲਨਾਮਾ ਦਾਖਲ ਕਰ ਦਿਤਾ ਸੀ। ਰਿਆਸਤ ਸਿੰਘ ਨੂੰ 2022 ਦੇ ਅੰਤ ਵਿਚ ਡਿਪੋਰਟ ਕਰ ਦਿਤਾ ਗਿਆ ਜਦਕਿ ਹਰਸ਼ਦੀਪ ਬਿਨਰ ਦੋ ਸਾਲ ਜੇਲ ਕੱਟਣ ਮਗਰੋਂ ਪਿਛਲੇ ਮਹੀਨੇ ਰਿਹਾਅ ਹੋਇਆ ਹੈ। ਅਦਾਲਤੀ ਕਾਰਵਾਈ ਮੁਤਾਬਕ ਹਰਸ਼ਦੀਪ ਬਿਨਰ ਅਤੇ ਰਿਆਸਤ ਸਿੰਘ ਨੇ ਐਲਨਾਜ਼ ’ਤੇ ਹਮਲਾ ਕੀਤਾ ਅਤੇ ਕਾਲੇ ਰੰਗ ਦੇ ਚੋਰੀਸ਼ੁਦਾ ਗੱਡੀ ਵਿਚ ਫਰਾਰ ਹੋ ਗਏ। ਇਹ ਗੱਡੀ ਆਕਾਸ਼ ਰਾਣਾ ਨੇ ਚੋਰੀ ਕਰ ਕੇ ਦਿਤੀ ਜਿਸ ਨੂੰ ਮਾਰਚ 2023 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਜ਼ਮਾਨਤ ਮਿਲ ਗਈ। ਯਾਰਕ ਰੀਜਨ ਦੇ ਸੁਝਾਅ ਆਪਣੇ ਕਿਸੇ ਦੋਸਤ ਦੇ ਘਰ ਲੁਕੀ ਐਲਨਾਜ਼ ਨੂੰ ਅਗਵਾ ਕਰਨ ਦੇ ਯਤਨ ਦੌਰਾਨ ਇਹ ਵਾਰਦਾਤ ਹੋਈ ਕਿਉਂਕਿ ਨੇੜਿਉਂ ਲੰਘ ਰਹੇ ਇਕ ਸ਼ਖਸ ਨੇ ਸ਼ੱਕੀਆਂ ਦੇ ਇਰਾਦਿਆਂ ’ਤੇ ਪਾਣੀ ਫੇਰ ਦਿਤਾ ਪਰ ਜਾਂਦੇ-ਜਾਂਦੇ ਐਲਨਾਜ਼ ਦੇ ਸਿਰ ’ਤੇ ਫਰਾਈਂਗ ਪੈਨ ਮਾਰ ਗਏ। ਮਾਮਲੇ ਦੇ ਇਕ ਹੋਰ ਸ਼ੱਕੀ ਸੁਖਪ੍ਰੀਤ ਸਿੰਘ ਨੂੰ ਪਿਛਲੇ ਮਹੀਨੇ ਟੈਕਸਸ ਦੇ ਸੈਨ ਐਂਟੋਨੀਓ ਇਲਾਕੇ ਵਿਚ ਇੰਮੀਗ੍ਰੇਸ਼ਨ ਵਾਲਿਆਂ ਨੇ ਕਾਬੂ ਕਰ ਲਿਆ ਅਤੇ ਹੁਣ ਉਸ ਨੂੰ ਕੈਨੇਡਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਨਿਊਮਾਰਕਿਟ ਦੀ ਅਦਾਲਤ ਵਿਚ ਹੋਈ ਪੇਸ਼ੀ

ਇਥੇ ਦਸਣਾ ਬਣਦਾ ਹੈ ਕਿ ਐਲਨਾਜ਼ ਹਜਤਾਮੀਰੀ ਨੂੰ ਮਰੀ ਹੋਈ ਮੰਨ ਲਿਆ ਗਿਆ ਹੈ ਅਤੇ ਮੁਹੰਮਦ ਲੀਲੋ ਵਿਰੁੱਧ ਅਗਲੇ ਸਾਲ ਕਤਲ ਦਾ ਮੁਕੱਦਮਾ ਸ਼ੁਰੂ ਹੋ ਸਕਦਾ ਹੈ। ਫਰਾਈਂਗ ਪੈਨ ਵਾਲੀ ਵਾਰਦਾਤ ਤੋਂ ਕੁਝ ਹਫ਼ਤੇ ਬਾਅਦ ਜਨਵਰੀ 2022 ਵਿਚ ਚਿੱਟੇ ਰੰਗ ਦੀ ਲੈਕਸ ਆਰ.ਐਕਸ. ਐਸ.ਯੂ.ਵੀ. ਰਾਹੀਂ ਹਜਤਾਮੀਰੀ ਨੂੰ ਅਗਵਾ ਕਰ ਕੇ ਲਿਜਾਇਆ ਗਿਆ ਅਤੇ ਅੱਜ ਤਿੰਨ ਸਾਲ ਬਾਅਦ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ 12 ਜਨਵਰੀ 2022 ਨੂੰ ਵਸਾਗਾ ਬੀਚ ਤੋਂ ਅਗਵਾ ਕੀਤੇ ਜਾਣ ਮਗਰੋਂ 37 ਸਾਲ ਦੀ ਐਲਨਾਜ਼ ਮੁੜ ਕਦੇ ਨਜ਼ਰ ਨਹੀਂ ਆਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਸ਼ੱਕੀਆਂ ਦੇ ਸਕੈਚ ਜਾਰੀ ਕਰਦਿਆਂ ਇਕ ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਵੀ ਕੀਤਾ ਸੀ। ਪੁਲਿਸ ਮੁਤਾਬਕ ਐਲਨਾਜ਼ ਹਜਤਾਮੀਰੀ ਨੂੰ ਵਸਾਗਾ ਬੀਚ ਦੇ ਟ੍ਰੇਲਵੁੱਡ ਪਲੇਸ ਵਿਖੇ ਸਥਿਤ ਉਸ ਦੇ ਰਿਸ਼ਤੇਦਾਰ ਦੇ ਘਰੋਂ ਅਗਵਾ ਕੀਤਾ ਗਿਆ।

Tags:    

Similar News