ਸੀ.ਬੀ.ਐਸ.ਏ. ਵੱਲੋਂ 83 ਚੋਰੀਸ਼ੁਦਾ ਗੱਡੀਆਂ ਬਰਾਮਦ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜੂਨ ਮਹੀਨੇ ਦੌਰਾਨ ਮੌਂਟਰੀਅਲ ਦੀ ਬੰਦਰਗਾਹ ਅਤੇ ਰੇਲਵੇ ਯਾਰਡ ਤੋਂ 64 ਲੱਖ ਡਾਲਰ ਮੁੱਲ ਦੀਆਂ 83 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੇ ਜਾਣ ਦੀ ਰਿਪੋਰਟ ਹੈ।
ਟੋਰਾਂਟੋ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜੂਨ ਮਹੀਨੇ ਦੌਰਾਨ ਮੌਂਟਰੀਅਲ ਦੀ ਬੰਦਰਗਾਹ ਅਤੇ ਰੇਲਵੇ ਯਾਰਡ ਤੋਂ 64 ਲੱਖ ਡਾਲਰ ਮੁੱਲ ਦੀਆਂ 83 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੇ ਜਾਣ ਦੀ ਰਿਪੋਰਟ ਹੈ। ਇਨ੍ਹਾਂ ਗੱਡੀਆਂ ਵਿਚੋਂ ਜ਼ਿਆਦਾਤਰ ਉਨਟਾਰੀਓ ਅਤੇ ਕਿਊਬੈਕ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ ਜੋ ਸਬੰਧਤ ਪੁਲਿਸ ਮਹਿਕਮਿਆਂ ਦੇ ਸਪੁਰਦ ਕਰ ਦਿਤੀਆਂ ਗਈਆਂ। ਸੀ.ਬੀ.ਐਸ.ਏ. ਵੱਲੋਂ ਜਾਰੀ ਬਿਆਨ ਮੁਤਾਬਕ ਹੋਰਨਾਂ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਤੇ ਆਪਣੀ ਖੁਫੀਆ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ।
ਵਿਦੇਸ਼ ਭੇਜੀਆਂ ਜਾ ਰਹੀਆਂ ਸਨ 64 ਲੱਖ ਡਾਲਰ ਮੁੱਲ ਦੀਆਂ ਗੱਡੀਆਂ
ਮੁਲਕ ਵਿਚ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਵੱਡੇ ਪੱਧਰ ’ਤੇ ਸਰਗਰਮ ਹਨ ਅਤੇ ਬੰਦਰਗਾਹਾਂ ਰਾਹੀਂ ਇਨ੍ਹਾਂ ਨੂੰ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ। ਸੀ.ਬੀ.ਐਸ.ਏ. ਵੱਲੋਂ ਮੌਜੂਦਾ ਵਰ੍ਹੇ ਦੌਰਾਨ 788 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੇ ਵਰ੍ਹੇ ਦੌਰਾਨ ਅੰਕੜਾ 2,277 ਦਰਜ ਕੀਤਾ ਗਿਆ। ਦੂਜੇ ਪਾਸੇ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਜੂਨ ਮਹੀਨੇ ਦੌਰਾਨ 374 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਹੈ ਅਤੇ ਲਗਾਤਾਰ ਤੀਜੇ ਮਹੀਨੇ ਅੰਕੜਾ 300 ਤੋਂ ਉਤੇ ਰਿਹਾ। ਇਸ ਤੋਂ ਪਹਿਲਾਂ ਜਨਵਰੀ ਤੋਂ ਮਾਰਚ ਦੇ ਅੰਤ ਤੱਕ ਬਰੈਂਪਟਨ ਅਤੇ ਮਿਸੀਸਾਗਾ ਵਿਖੇ 1200 ਤੋਂ ਵੱਧ ਗੱਡੀਆਂ ਚੋਰੀ ਹੋਣ ਦਾ ਅੰਕੜਾ ਸਾਹਮਣੇ ਆਇਆ ਸੀ। ਪੀਲ ਰੀਜਨਲ ਪੁਲਿਸ ਦੇ ਉਪ ਮੁਖੀ ਨਿਕ ਮਿਲੀਨੋਵਿਚ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗੱਡੀ ਚੋਰੀ ਦੀਆਂ ਵਾਰਦਾਤਾਂ ਵਿਚ 45 ਫੀ ਸਦੀ ਕਮੀ ਆਈ ਹੈ ਅਤੇ ਲੋਕਾਂ ਦਾ 6 ਕਰੋੜ ਡਾਲਰ ਦਾ ਨੁਕਸਾਨ ਬਚ ਗਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ੱਕੀ ਨੂੰ ਗ੍ਰਿਫ਼ਤਾਰ ਕਰਦਿਆਂ 26 ਮਿਲੀਅਨ ਡਾਲਰ ਮੁੱਲ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ।
ਬਰੈਂਪਟਨ ਅਤੇ ਮਿਸੀਸਾਗਾ ਵਿਚ ਜੂਨ ਦੌਰਾਨ 374 ਗੱਡੀਆਂ ਚੋਰੀ
ਪੁਲਿਸ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਪੀਲ ਰੀਜਨ ਵਿਚੋਂ ਚੋਰੀ ਹੋਈਆਂ ਗੱਡੀਆਂ ਵਿਚੋਂ ਤਕਰੀਬਨ ਅੱਧੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਵੱਲੋਂ ਮੌਜੂਦਾ ਵਰ੍ਹੇ ਦੇ ਪਹਿਲੇ ਚਾਰ ਮਹੀਨੇ ਦੌਰਾਨ 257 ਸ਼ੱਕੀਆਂ ਨੂੰ ਕਾਬੂ ਕਰਦਿਆਂ 479 ਦੋਸ਼ ਆਇਦ ਕੀਤੇ ਗਏ ਜਦਕਿ 2023 ਮਗਰੋਂ ਪੀਲ ਪੁਲਿਸ 543 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਦਿਆਂ 1,110 ਤੋਂ ਵੱਧ ਦੋਸ਼ ਆਇਦ ਕਰ ਚੁੱਕੀ ਹੈ। 2024 ਦੌਰਾਨ ਮਿਸੀਸਾਗਾ ਅਤੇ ਬਰੈਂਪਟਨ ਵਿਚੋਂ ਕੁਲ 7,231 ਗੱਡੀਆਂ ਚੋਰੀ ਹੋਈਆਂ ਜਦਕਿ 2023 ਵਿਚ ਇਹ ਅੰਕੜਾ 8,322 ਦਰਜ ਕੀਤਾ ਗਿਆ।