ਕੈਨੇਡੀਅਨ ਚੋਣਾਂ ਵਿਚ ਸਾਈਨ ਤੋੜਨ ਦੇ ਮਾਮਲੇ ਵਧੇ
ਕੈਨੇਡਾ ਚੋਣਾਂ ਵਿਚ ਵਿਰੋਧੀਆਂ ਦੇ ਸਾਈਨ ਤੋੜਨ ਦੇ ਮਾਮਲੇ ਕੁਝ ਜ਼ਿਆਦਾ ਹੀ ਸਾਹਮਣੇ ਆ ਰਹੇ ਹਨ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਇਹ ਰੁਝਾਨ ਸਭ ਤੋਂ ਵੱਧ ਨਜ਼ਰ ਆ ਰਿਹਾ ਹੈ।
ਟੋਰਾਂਟੋ : ਕੈਨੇਡਾ ਚੋਣਾਂ ਵਿਚ ਵਿਰੋਧੀਆਂ ਦੇ ਸਾਈਨ ਤੋੜਨ ਦੇ ਮਾਮਲੇ ਕੁਝ ਜ਼ਿਆਦਾ ਹੀ ਸਾਹਮਣੇ ਆ ਰਹੇ ਹਨ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਇਹ ਰੁਝਾਨ ਸਭ ਤੋਂ ਵੱਧ ਨਜ਼ਰ ਆ ਰਿਹਾ ਹੈ। ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਨਿੰਦਰ ਸਿੱਧੂ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ੱਕੀ ਉਨ੍ਹਾਂ ਦਾ ਸਾਈਨ ਪੁੱਟ ਕੇ ਲੈ ਜਾਂਦਾ ਹੈ ਅਤੇ ਫਿਰ ਉਸ ਦੇ ਟੁਕੜੇ ਕਰਨ ਲਗਦਾ ਹੈ। ਇਸੇ ਦੌਰਾਨ ਇਕ ਸੜਕ ਦੇ ਪਾਰ ਇਕ ਸ਼ਖਸ ਆਪਣੀ ਕਾਰ ਦੀ ਡਿੱਕੀ ਖੋਲ੍ਹਦਾ ਹੈ ਤਾਂ ਸ਼ੱਕੀ ਮੌਕੇ ਤੋਂ ਫਰਾਰ ਹੁੰਦਾ ਦੇਖਿਆ ਜਾ ਸਕਦਾ ਹੈ।
ਮਨਿੰਦਰ ਸਿੱਧੂ ਨੇ ਸਾਂਝੀ ਕੀਤੀ ਵੀਡੀਓ
ਇਸ ਤੋਂ ਪਹਿਲਾਂ ਕਈ ਹੋਰਨਾਂ ਉਮੀਦਵਾਰਾਂ ਦੇ ਸਾਈਨ ਤੋੜਨ ਜਾਂ ਚੋਰੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸੇਂਟ ਥੌਮਸ ਦੀ ਪੁਲਿਸ ਮੁਤਾਬਕ 18 ਅਪ੍ਰੈਲ ਨੂੰ ਤਕਰੀਬਨ 8 ਘਰਾਂ ਦੇ ਬਾਹਰ ਲੱਗੇ ਸਾਈਨ ਗਾਇਬ ਹੋ ਗਏ ਜੋ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਸਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 20-25 ਸਾਲ ਦਾ ਇਕ ਨੌਜਵਾਨ ਸਾਈਨ ਪੁੱਟ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਦੱਸ ਦੇਈਏ ਕਿ ਬਰੈਂਪਟਨ ਦੀਆਂ ਕਈ ਰਾਈਡਿੰਗਜ਼ ਵਿਚ ਇਲੈਕਸ਼ਨ ਸਾਈਨ ਤੋੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।