ਕੈਨੇਡਾ ਵਾਲੇ ਚਾਹੁੰਦੇ ਨੇ ਜਲਦ ਤੋਂ ਜਲਦ ਚੋਣਾਂ
ਕੈਨੇਡਾ ਦੇ ਜ਼ਿਆਦਾਤਰ ਲੋਕ ਜਲਦ ਤੋਂ ਜਲਦ ਚੋਣਾਂ ਚਾਹੁੰਦੇ ਹਨ। ਜੀ ਹਾਂ, ਇਹ ਦਾਅਵਾ ਇਕ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ
ਟੋਰਾਂਟੋ : ਕੈਨੇਡਾ ਦੇ ਜ਼ਿਆਦਾਤਰ ਲੋਕ ਜਲਦ ਤੋਂ ਜਲਦ ਚੋਣਾਂ ਚਾਹੁੰਦੇ ਹਨ। ਜੀ ਹਾਂ, ਇਹ ਦਾਅਵਾ ਇਕ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਅਤੇ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਕੈਬਨਿਟ ਵਿਚ ਰੱਦੋ ਬਦਲ ਕੀਤਾ ਗਿਆ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਦਾ ਸਹਾਰਾ ਬਣਦੇ ਆਏ ਜਗਮੀਤ ਸਿੰਘ ਹੁਣ ਬੇਵਿਸਾਹੀ ਮਤਾ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਸਰਵੇਖਣ ਮੁਤਾਬਕ 53 ਫੀ ਸਦੀ ਲੋਕਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਲਿਬਰਲ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਪਾਸ ਕਰਵਾਉਣਾ ਚਾਹੀਦਾ ਹੈ ਤਾਂਕਿ ਚੋਣਾਂ ਦਾ ਰਾਹ ਪੱਧਰਾ ਹੋ ਸਕੇ। ਦੂਜੇ ਪਾਸੇ 46 ਫੀ ਸਦੀ ਲੋਕਾਂ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਟਾਲਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਨਾਲ ਤਾਲਮੇਲ ਅਧੀਨ ਕੰਮ ਕਰਨਾ ਚਾਹੀਦਾ ਹੈ।
ਇਪਸੌਸ ਦੇ ਤਾਜ਼ਾ ਸਰਵੇਖਣ ਵਿਚ ਹੋਇਆ ਪ੍ਰਗਟਾਵਾ
ਚੇਤੇ ਰਹੇ ਕਿ ਕ੍ਰਿਸਟੀਆ ਫ਼ਰੀਲੈਂਡ ਦੇ ਅਸਤੀਫ਼ੇ ਤੋਂ ਪਹਿਲਾਂ ਜ਼ਿਆਦਾਤਰ ਲੋਕ ਕਹਿ ਰਹੇ ਸਨ ਕਿ ਸਮੇਂ ਤੋਂ ਪਹਿਲਾਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਅੰਕੜਾ ਬਦਲ ਚੁੱਕਾ ਹੈ। ਇਸੇ ਦੌਰਾਨ ਪਾਰਟੀਆਂ ਨੂੰ ਮਿਲ ਰਹੀ ਹਮਾਇਤ ਦਾ ਜ਼ਿਕਰ ਕੀਤਾ ਜਾਵੇ ਤਾਂ ਦੇਖਿਆ ਜਾ ਸਕਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਮਜ਼ਬੂਤ ਲੀਡ ਨਾਲ ਅੱਗੇ ਚੱਲ ਪਰ ਲਿਬਰਲ ਪਾਰਟੀ ਦਾ ਗ੍ਰਾਫ਼ ਲਗਾਤਾਰ ਡਿਗਦਾ ਜਾ ਰਿਹਾ ਹੈ। ਸਰਵੇਖਣ ਮੁਤਾਬਕ 73 ਫੀ ਸਦੀ ਲੋਕਾਂ ਨੇ ਕਿਹਾ ਕਿ ਟਰੂਡੋ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਦਕਿ 27 ਫੀ ਸਦੀ ਦਾ ਮੰਨਣਾ ਹੈ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨ।
ਜਗਮੀਤ ਸਿੰਘ ਦਾ ਨਵਾਂ ਪੈਂਤੜਾ ਆਇਆ ਸਾਹਮਣੇ
ਦੱਸ ਦੇਈਏ ਕਿ ਲਿਬਰਲ ਪਾਰਟੀ ਨੂੰ ਆਪਣੇ ਇਤਿਹਾਸ ਵਿਚ ਸਭ ਤੋਂ ਵੱਡੀ ਹਾਰ 2011 ਵਿਚ ਝੱਲਣੀ ਪਈ ਜਦੋਂ ਮਾਈਕੀ ਇਗਨਾਟਿਫ਼ ਪਾਰਟੀ ਦੀ ਅਗਵਾਈ ਕਰ ਰਹੇ ਸਨ। ਉਸ ਵੇਲੇ ਲਿਬਰਲ ਪਾਰਟੀ ਤੋਂ ਮੁੱਖ ਵਿਰੋਧੀ ਧਿਰ ਦਾ ਦਰਜਾ ਵੀ ਖੋਹਿਆ ਗਿਆ ਅਤੇ ਜੈਕ ਲੇਟਨ ਦੀ ਅਗਵਾਈ ਵਾਲੀ ਐਨ.ਡੀ.ਪੀ. ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ।