ਕੈਨੇਡਾ ਦੇ ਸਿੱਖ ਪਰਵਾਰ ਨੇ ਐਲਾਨੇ ਲੱਖਾਂ ਡਾਲਰ ਦੇ ਵਜ਼ੀਫ਼ੇ

ਕੈਨੇਡਾ ਦੇ ਸਿੱਖ ਪਰਵਾਰ ਵੱਲੋਂ ਬਰੈਂਪਟਨ ਦੇ ਮੈਡੀਕਲ ਕਾਲਜ ਵਿਚ ਪੜ੍ਹਨ ਆਏ ਵਿਦਿਆਰਥੀਆਂ ਵਾਸਤੇ ਲੱਖਾਂ ਡਾਲਰ ਦੇ ਵਜ਼ੀਫਿਆਂ ਦਾ ਐਲਾਨ ਕੀਤਾ ਗਿਆ ਹੈ।

Update: 2025-07-11 11:44 GMT

ਬਰੈਂਪਟਨ : ਕੈਨੇਡਾ ਦੇ ਸਿੱਖ ਪਰਵਾਰ ਵੱਲੋਂ ਬਰੈਂਪਟਨ ਦੇ ਮੈਡੀਕਲ ਕਾਲਜ ਵਿਚ ਪੜ੍ਹਨ ਆਏ ਵਿਦਿਆਰਥੀਆਂ ਵਾਸਤੇ ਲੱਖਾਂ ਡਾਲਰ ਦੇ ਵਜ਼ੀਫਿਆਂ ਦਾ ਐਲਾਨ ਕੀਤਾ ਗਿਆ ਹੈ। ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਨੇ ਦੱਸਿਆ ਕਿ ਬੀ.ਵੀ.ਡੀ. ਗਰੁੱਪ ਦੇ ਮੁੱਖ ਕਾਰਜਕਾਰੀ ਅਫ਼ਸਰ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਵਾਰ ਵੱਲੋਂ ਬਰੈਂਪਟਨ ਦੇ ਸੂਕਲ ਆਫ਼ ਮੈਡੀਸਨ ਦੇ ਪੰਜ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ 50-50 ਹਜ਼ਾਰ ਡਾਲਰ ਦੇ ਵਜ਼ੀਫ਼ੇ ਦਿਤੇ ਜਾਣਗੇ ਜਦਕਿ ਮੈਡੀਕਲ ਸਾਇੰਸ ਦੀ ਪੜ੍ਹਾਈ ਵਿਚ ਹੁਸ਼ਿਆਰ ਪੰਜ ਹੋਰਨਾਂ ਵਿਦਿਆਰਥੀਆਂ ਨੂੰ ਹਰ ਸਾਲ ਸਿੱਖਿਆ ਖਰਚੇ ਵਜੋਂ 5-5 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਮਿਲੇਗੀ।

ਬਰੈਂਪਟਨ ਦੇ ਮੈਡੀਕਲ ਕਾਲਜ ਵਿਚ ਪੜ੍ਹਨ ਵਾਲਿਆਂ ਦੀ ਮਦਦ

ਇਥੇ ਦਸਣਾ ਬਣਦਾ ਹੈ ਕਿ ਭਵਿੱਖ ਦੇ ਡਾਕਟਰਾਂ ਦਾ ਪਹਿਲਾ ਬੈਚ ਇਸ ਮਹੀਨੇ ਦੇ ਸ਼ੁਰੂ ਵਿਚ ਹੀ 16 ਵੱਖ ਵੱਖ ਪੋਸਟ ਗ੍ਰੈਜੁਏਟ ਮੈਡੀਕਲ ਕੋਰਸ ਕਰਨ ਲਈ ਬਰੈਂਪਟਨ ਦੇ ਮੈਡੀਕਲ ਕਾਲਜ ਪੁੱਜਾ ਹੈ। ਮੈਡੀਕਲ ਸਾਇੰਸ ਦੀ ਪੜ੍ਹਾਈ ਵਿਚ ਹੋਣ ਵਾਲੇ ਖਰਚਿਆਂ ਨੂੰ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੈ ਜਿਸ ਦੇ ਮੱਦੇਨਜ਼ਰ ਢਿੱਲੋਂ ਪਰਵਾਰ ਦੇ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਵੱਲੋਂ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਵਾਰ ਦਾ ਸ਼ੁਕਰੀਆ ਅਦਾ ਕਰਦਿਆਂ ਮੈਡੀਕਲ ਲਾਇਬ੍ਰੇਰੀ ਨੂੰ ਬਿਕਰਮ ਸਿੰਘ ਢਿੱਲੋਂ ਐਂਡ ਫੈਮਿਲੀ ਮੈਡੀਕਲ ਲਾਇਬ੍ਰੇਰੀ ਦਾ ਨਾਂ ਦਿਤਾ ਗਿਆ ਹੈ। ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਦਾ ਨਵਾਂ ਮੈਡੀਕਲ ਸਕੂਲ ਬਰੈਂਪਟਨ ਦੀ ਇਕ ਵੱਡੀ ਪ੍ਰਾਪਤੀ ਹੈ ਅਤੇ ਇਥੋਂ ਦੇ ਵਿਦਿਆਰਥੀਆਂ ਵਾਸਤੇ ਢਿੱਲੋਂ ਪਰਵਾਰ ਦੇ ਇਤਿਹਾਸਕ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਬਿਕਰਮ ਸਿੰਘ ਢਿੱਲੋਂ ਅਤੇ ਪਰਵਾਰ ਵੱਲੋਂ ਮੁੜ ਵੱਡਾ ਯੋਗਦਾਨ

ਢਿੱਲੋਂ ਪਰਵਾਰ ਦੇ ਉਪਰਾਲੇ ਸਦਕਾ ਵਧੇਰੇ ਵਿਦਿਆਰਥੀਆਂ ਨੂੰ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ ਵਿਚ ਮਦਦ ਮਿਲੇਗੀ। ਇਸੇ ਦੌਰਾਨ ਬਿਕਰਮ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਕਮਿਊਨਿਟੀ ਨੂੰ ਮਜ਼ਬੂਤ ਬਣਾਉਣ ਵਿਚ ਯਕੀਨ ਰਖਦਾ ਹੈ। ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਦਾ ਮੈਡੀਕਲ ਕਾਲਜ ਬਰੈਂਪਟਨ ਵਾਸਤੇ ਮੀਲ ਦਾ ਪੱਥਰ ਸਾਬਤ ਹੋਇਆ ਹੈ ਅਤੇ ਢਿੱਲੋਂ ਪਰਵਾਰ ਇਸ ਅਦਾਰੇ ਦੀ ਮਦਦ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕਮਿਊਨਿਟੀ ਦੇ ਹੋਰ ਲੋਕ ਵੀ ਅੱਗੇ ਆਉਣਗੇ ਅਤੇ ਮੈਡੀਕਲ ਕਾਲਜ ਦੀ ਸਫ਼ਲਤਾ ਯਕੀਨੀ ਬਣਾਈ ਜਾ ਸਕੇਗੀ। ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟਅਤੇ ਵਾਇਸ ਚਾਂਸਲਰ ਮੁਹੰਮਦ ਲਾਚੇਮੀ ਵੱਲੋਂ ਢਿੱਲੋਂ ਪਰਵਾਰ ਦੇ ਇਸ ਵਡਮੁੱਲੇ ਯੋਗਦਾਨ ’ਤੇ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਢਿੱਲੋਂ ਪਰਵਾ ਦਾ ਤੋਹਫ਼ਾ ਮੈਡੀਕਲ ਸਾਇੰਸ ਦੇ ਬਿਹਤਰੀਨ ਵਿਦਿਆਰਥੀਆਂ ਦੀ ਕਾਬਲੀਅਤ ਹੋਰ ਨਿਖਾਰਨ ਵਿਚ ਮਦਦ ਕਰੇਗਾ।

Tags:    

Similar News