ਅਰਸ਼ ਡੱਲਾ ਬਾਰੇ ਕੈਨੇਡੀਅਨ ਵਿਦੇਸ਼ ਮੰਤਰੀ ਨੇ ਕੀਤੀ ਅਹਿਮ ਟਿੱਪਣੀ
ਅਰਸ਼ ਡੱਲਾ ਦੀ ਹਵਾਲਗੀ ਬਾਰੇ ਭਾਰਤ ਸਰਕਾਰ ਵੱਲੋਂ ਕੀਤੀ ਕਿਸੇ ਗੁਜ਼ਾਰਿਸ਼ ਬਾਰੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਨੂੰ ਕੋਈ ਜਾਣਕਾਰੀ ਨਹੀਂ।;
ਲੀਮਾ : ਅਰਸ਼ ਡੱਲਾ ਦੀ ਹਵਾਲਗੀ ਬਾਰੇ ਭਾਰਤ ਸਰਕਾਰ ਵੱਲੋਂ ਕੀਤੀ ਕਿਸੇ ਗੁਜ਼ਾਰਿਸ਼ ਬਾਰੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਨੂੰ ਕੋਈ ਜਾਣਕਾਰੀ ਨਹੀਂ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੈਲਨੀ ਜੌਲੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੋਣ ਕਾਰਨ ਉਹ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਅਤੇ ਇਸ ਦੇ ਨਾਲ ਜੇ ਕੋਈ ਗੁਜ਼ਾਰਿਸ਼ ਆਉਂਦੀ ਹੈ ਤਾਂ ਕੈਨੇਡਾ ਸਰਕਾਰ, ਭਾਰਤੀ ਡਿਪਲੋਮੈਟਸ ਦੇ ਲਗਾਤਾਰ ਸੰਪਰਕ ਵਿਚ ਰਹੇਗੀ। ਪੱਤਰਕਾਰ ਵੱਲੋਂ ਅਰਸ਼ ਡੱਲਾ ਦਾ ਨਾਂ ਲਏ ਬਗੈਰ ਪੁੱਛਿਆ ਗਿਆ ਸੀ ਕਿ ਭਾਰਤ ਸਰਕਾਰ ਵੱਲੋਂ ਇਕ ਅਤਿਵਾਦੀ ਦੀ ਹਵਾਲਗੀ ਮੰਗੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਇਸ ਬਾਰੇ ਕੈਨੇਡਾ ਸਰਕਾਰ ਹੁੰਗਾਰਾ ਕੀ ਰਹੇਗਾ।
ਕਿਹਾ, ਭਾਰਤ ਤੋਂ ਹਵਾਲਗੀ ਦੀ ਗੁਜ਼ਾਰਿਸ਼ ਬਾਰੇ ਕੋਈ ਜਾਣਕਾਰੀ ਨਹੀਂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਵਿਚ ਸ਼ਾਮਲ ਹੋਣ ਪੇਰੂ ਦੀ ਰਾਜਧਾਨੀ ਲੀਮਾ ਪੁੱਜੀ ਮੈਲਨੀ ਜੌਲੀ ਨੇ ਕਿਹਾ ਕਿ ਤੁਹਾਡੇ ਵੱਲੋਂ ਪੁੱਛੇ ਸਵਾਲ ਬਾਰੇ ਮੁਕੰਮਲ ਜਾਣਕਾਰੀ ਮੌਜੂਦ ਨਹੀਂ ਪਰ ਵਿਦੇਸ਼ ਮੰਤਰਾਲਿਆਂ ਦੇ ਪੱਧਰ ’ਤੇ ਅਸੀਂ ਗੱਲਬਾਤ ਜਾਰੀ ਰੱਖਾਂਗੇ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡੀਅਨ ਧਰਤੀ ’ਤੇ ਹੋਈ ਹਿੰਸਾ ਮਗਰੋਂ ਯਕੀਨੀ ਬਣਾਉਣਾ ਹੋਵੇਗਾ ਕਿ ਦੋਵੇਂ ਮੁਲਕ ਅੱਗੇ ਵਧਣ ਦਾ ਰਾਹ ਤਲਾਸ਼ ਕਰ ਸਕਣ। ਮੈਲਨੀ ਜੌਲੀ ਨੇ ਦੱਸਿਆ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਦੇ ਸੰਪਰਕ ਵਿਚ ਹਨ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੀ ਅਦਾਲਤ ਵੱਲੋਂ ਅਰਸ਼ ਡੱਲਾ ਦੇ ਮੁਕੱਦਮੇ ਦੀ ਮੀਡੀਆ ਕਵਰੇਜ ’ਤੇ ਰੋਕ ਲਾਈ ਜਾ ਚੁੱਕੀ ਹੈ ਪਰ ਮੈਲਨੀ ਜੌਲੀ ਵੱਲੋਂ ਪੜਤਾਲ ਦਾ ਹਵਾਲਾ ਦਿੰਦਿਆਂ ਅਸਿੱਧੇ ਤੌਰ ’ਤੇ ਅਰਸ਼ ਡੱਲਾ ਦੀ ਗ੍ਰਿਫ਼ਤਾਰੀ ਦੀ ਤਸਦੀਕ ਕਰ ਦਿਤੀ ਗਈ। ਹਾਲਟਨ ਰੀਜਨ ਦੇ ਮਿਲਟਨ ਸ਼ਹਿਰ ਵਿਚ ਗੋਲੀਬਾਰੀ ਦੀ ਵਾਰਦਾਤ ਮਗਰੋਂ ਅਰਸ਼ ਡੱਲਾ ਅਤੇ ਗੁਰਜੰਟ ਸਿੰਘ ਜੰਟਾ ਦੀ ਗ੍ਰਿਫ਼ਤਾਰੀ ਬਾਰੇ ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਮਗਰੋਂ ਸੀ.ਟੀ.ਵੀ. ਵੱਲੋਂ ਸਭ ਤੋਂ ਪਹਿਲਾਂ ਇਸ ਦੀ ਤਸਦੀਕ ਕੀਤੀ ਗਈ। ਇਸੇ ਦੌਰਾਨ ਇਹ ਵੀ ਪਤਾ ਲੱਗਾ ਕਿ ਅਰਸ਼ ਡੱਲਾ ਦੇ ਗੋਲੀ ਵੱਜੀ ਅਤੇ ਗੋਲੀ ਚਲਾਉਣ ਵਾਲਾ ਉਸ ਦਾ ਹੀ ਕੋਈ ਸਾਥੀ ਸੀ।