‘ਕੈਨੇਡੀਅਨ ਪਿਤਾ ਨੇ ਆਪਣੀ ਬੇਟੀ ਦਾ ਕਤਲ ਕਰ ਕੇ ਤਲਾਬ ’ਚ ਸੁੱਟੀ ਲਾਸ਼’

ਕੈਨੇਡੀਅਨ ਪਿਤਾ ਨੇ ਆਪਣੀ ਬੇਟੀ ਦਾ ਕਥਿਤ ਤੌਰ ’ਤੇ ਕਤਲ ਕਰਨ ਮਗਰੋਂ ਉਸ ਦੀ ਲਾਸ਼ ਇਕ ਤਲਾਬ ਵਿਚ ਸੁੱਟ ਦਿਤੀ ਅਤੇ ਰੌਲਾ ਪਾ ਦਿਤਾ ਕਿ ਦੋ ਜਣੇ ਉਸ ਨੂੰ ਅਗਵਾ ਕਰ ਕੇ ਲੈ ਗਏ।

Update: 2025-07-22 12:20 GMT

ਨਿਊ ਯਾਰਕ : ਕੈਨੇਡੀਅਨ ਪਿਤਾ ਨੇ ਆਪਣੀ ਬੇਟੀ ਦਾ ਕਥਿਤ ਤੌਰ ’ਤੇ ਕਤਲ ਕਰਨ ਮਗਰੋਂ ਉਸ ਦੀ ਲਾਸ਼ ਇਕ ਤਲਾਬ ਵਿਚ ਸੁੱਟ ਦਿਤੀ ਅਤੇ ਰੌਲਾ ਪਾ ਦਿਤਾ ਕਿ ਦੋ ਜਣੇ ਉਸ ਨੂੰ ਅਗਵਾ ਕਰ ਕੇ ਲੈ ਗਏ। ਨਿਊ ਯਾਰਕ ਸਟੇਟ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ 9 ਸਾਲਾ ਬੱਚੀ ਦੀ ਮੌਤ ਨਾਲ ਸਬੰਧਤ ਦਿਲ ਕੰਬਾਊ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 45 ਸਾਲ ਦੇ ਫਰੈਟੋਲਿਨ ਨੇ ਸ਼ਨਿੱਚਰਵਾਰ ਰਾਤ ਆਪਣੀ ਬੇਟੀ ਦਾ ਕਤਲ ਕੀਤਾ। ਉਹ ਆਪਣੀ ਬੇਟੀ ਨਾਲ ਛੁੱਟੀਆਂ ਮਨਾਉਣ 11 ਜੁਲਾਈ ਨੂੰ ਲੇਕ ਜਾਰਜ ਇਲਾਕੇ ਵਿਚ ਪੁੱਜਾ ਅਤੇ ਬੀਤੇ ਐਤਵਾਰ ਨੂੰ ਵਾਪਸੀ ਕਰਨੀ ਸੀ।

ਨਿਊ ਯਾਰਕ ਸਟੇਟ ਪੁਲਿਸ ਵੱਲੋਂ ਲੂਚੀਆਨੋ ਫਰੈਟੋਲਿਨ ਗ੍ਰਿਫ਼ਤਾਰ

ਸ਼ਨਿੱਚਰਵਾਰ ਰਾਤ ਫਰੈਟੋਲਿਨ ਨੇ ਪੁਲਿਸ ਨੂੰ ਫੋਨ ਕਰਦਿਆਂ ਆਪਣੀ ਬੇਟੀ ਦੇ ਅਗਵਾ ਹੋਣ ਦੀ ਇਤਲਾਹ ਦਿਤੀ ਅਤੇ ਇਹ ਵੀ ਕਿਹਾ ਕਿ ਉਸ ਨੂੰ ਬੱਚੀ ਦੀ ਜਾਨ ਖਤਰੇ ਵਿਚ ਮਹਿਸੂਸ ਹੋ ਰਹੀ ਹੈ। ਨਿਊ ਯਾਰਕ ਸਟੇਟ ਪੁਲਿਸ ਵੱਲੋਂ ਐਂਬਰ ਐਲਰਟ ਜਾਰੀ ਕਰ ਦਿਤਾ ਗਿਆ ਪਰ ਪੜਤਾਲ ਕਰ ਰਹੇ ਅਫ਼ਸਰਾਂ ਨੇ ਜਲਦ ਹੀ ਬੁੱਝ ਲਿਆ ਕਿ ਲੂਚੀਆਨੋ ਝੂਠ ਬੋਲ ਰਿਹਾ ਹੈ। ਐਤਵਾਰ ਨੂੰ ਮੈਲੀਨਾ ਦੀ ਲਾਸ਼ ਇਕ ਤਲਾਬ ਵਿਚੋਂ ਬਰਾਮਦ ਹੋ ਗਈ ਅਤੇ ਲੂਚੀਆਨੋ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਸਣੇ ਲਾਸ਼ ਲੁਕੋ ਕੇ ਰੱਖਣ ਦੇ ਦੋਸ਼ ਆਇਦ ਕਰ ਦਿਤੇ ਗਏ। ਨਿਊ ਯਾਰਕ ਸਟੇਟ ਪੁਲਿਸ ਮੁਤਾਬਕ ਮੈਲੀਨਾ ਦੀ ਮਾਂ 2019 ਵਿਚ ਹੀ ਫਰੈਟੋਲਿਨ ਤੋਂ ਵੱਖ ਹੋ ਗਈ ਸੀ ਅਤੇ ਬੇਟੀ ਹਮੇਸ਼ਾ ਉਸ ਦੇ ਕੋਲ ਹੀ ਰਹਿੰਦੀ। ਫਰੈਟੋਲਿਨ ਨੂੰ ਆਪਣੀ ਬੱਚੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਸੀ ਪਰ ਇਸ ਵਾਰ ਉਹ ਛੁੱਟੀਆਂ ਮਨਾਉਣ ਦੇ ਬਹਾਨੇ ਆਪਣੇ ਨਾਲ ਲੈ ਆਇਆ।

9 ਸਾਲ ਦੀ ਮੈਲੀਨਾ ਦੇ ਅਗਵਾ ਹੋਣ ਦਾ ਕੀਤਾ ਸੀ ਡਰਾਮਾ

ਮੈਲੀਨਾ ਨੂੰ ਆਖਰੀ ਵਾਰ ਆਪਣੇ ਪਿਤਾ ਨਾਲ ਸੈਰਾਟੋਗਾ ਸਪ੍ਰਿੰਗਜ਼ ਵਿਖੇ ਦੇਖਿਆ ਗਿਆ। ਪੁਲਿਸ ਮੁਤਾਬਕ ਮੈਲੀਨਾ ਦੀ ਮੌਤ ਦੇ ਕਾਰਨਾਂ ਬਾਰੇ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਲੂਚੀਆਨੋ ਫਰੈਟੋਲਿਨ ਇਕ ਔਰਗੈਨਿਕ ਕੌਫ਼ੀ ਕੰਪਨੀ ਦਾ ਮਾਲਕ ਹੈ ਅਤੇ ਕੰਪਨੀ ਦੀ ਵੈਬਸਾਈਟ ’ਤੇ ਉਸ ਨੇ ਮੈਲੀਨਾ ਨੂੰ ਆਪਣੀ ਜ਼ਿੰਦਗੀ ਦਾ ਚਾਨਣ ਦੱਸਿਆ ਹੈ। ਇਸ ਤੋਂ ਇਲਾਵਾ ਉਸ ਨੂੰ ਜ਼ਿੰਦਗੀ ਦੀ ਪ੍ਰੇਰਣਾ ਅਤੇ ਸਭ ਕੁਝ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ।

Tags:    

Similar News