ਨਿਊਜ਼ੀਲੈਂਡ ਵਿਚ 4 ਮੌਤਾਂ ਦਾ ਦੋਸ਼ ਕੈਨੇਡੀਅਨ ਸਿਰ ਲੱਗਾ

ਦੁਨੀਆਂ ਦੇ 40 ਤੋਂ ਵੱਧ ਮੁਲਕਾਂ ਵਿਚ ਜ਼ਹਿਰੀਲਾ ਪਦਾਰਥ ਭੇਜਣ ਅਤੇ ਦਰਜਨਾਂ ਮੌਤਾਂ ਦੇ ਜ਼ਿੰਮੇਵਾਰ ਉਨਟਾਰੀਓ ਦੇ ਕੈਨੇਥ ਲਾਅ ਨੂੰ ਨਿਊਜ਼ੀਲੈਂਡ ਵਿਚ ਹੋਈਆਂ ਚਾਰ ਮੌਤਾਂ ਦਾ ਜ਼ਿੰਮੇਵਾਰ ਵੀ ਠਹਿਰਾਇਆ ਜਾ ਰਿਹਾ ਹੈ।

Update: 2024-07-24 11:47 GMT

ਮਿਸੀਸਾਗਾ : ਦੁਨੀਆਂ ਦੇ 40 ਤੋਂ ਵੱਧ ਮੁਲਕਾਂ ਵਿਚ ਜ਼ਹਿਰੀਲਾ ਪਦਾਰਥ ਭੇਜਣ ਅਤੇ ਦਰਜਨਾਂ ਮੌਤਾਂ ਦੇ ਜ਼ਿੰਮੇਵਾਰ ਉਨਟਾਰੀਓ ਦੇ ਕੈਨੇਥ ਲਾਅ ਨੂੰ ਨਿਊਜ਼ੀਲੈਂਡ ਵਿਚ ਹੋਈਆਂ ਚਾਰ ਮੌਤਾਂ ਦਾ ਜ਼ਿੰਮੇਵਾਰ ਵੀ ਠਹਿਰਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਵਿਚ ਇਹ ਮੌਤਾਂ 2022 ਤੋਂ 2023 ਦਰਮਿਆਨ ਹੋਈਆਂ ਅਤੇ ਮਰਨ ਵਾਲਿਆਂ ਵਿਚੋਂ ਦੋ ਵਿਦਿਆਰਥੀ ਸਨ। 58 ਸਾਲ ਦੇ ਕੈਨੇਥ ਲਾਅ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ 14 ਦੋਸ਼ ਲੱਗ ਚੁੱਕੇ ਹਨ ਪਰ ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਗੁਨਾਹ ਕਬੂਲ ਨਹੀਂ ਕਰੇਗਾ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਕੈਨੇਥ ਲਾਅ ਨੇ ਕਈ ਵੈਬਸਾਈਟਸ ਰਾਹੀਂ ਸੋਡੀਅਮ ਨਾਇਟ੍ਰਾਈਟ ਵੇਚਿਆ ਅਤੇ ਕੈਨੇਡਾ ਸਣੇ ਵੱਖ ਵੱਖ ਮੁਲਕਾਂ ਵਿਚ ਜ਼ਿੰਦਗੀ ਤੋਂ ਮਾਯੂਸ ਲੋਕਾਂ ਵੱਲੋਂ ਇਸ ਦੀ ਵਰਤੋਂ ਖੁਦਕੁਸ਼ੀ ਵਾਸਤੇ ਕੀਤੀ ਗਈ।

ਉਨਟਾਰੀਓ ਦੇ ਕੈਨੇਥ ਲਾਅ ਵਿਰੁੱਧ ਲੱਗ ਚੁੱਕੇ ਨੇ ਕਤਲ ਦੇ 14 ਦੋਸ਼

ਨਿਊਜ਼ੀਲੈਂਡ ਸਰਕਾਰ ਵੱਲੋਂ ਪੇਸ਼ ਚਾਰ ਰਿਪੋਰਟਾਂ ਮੁਤਾਬਕ ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ ਲਾਸ਼ਾਂ ਨੇੜਿਉਂ ਕੈਨੇਥ ਲਾਅ ਵੱਲੋਂ ਭੇਜੇ ਪੈਕੇਟ ਮਿਲੇ ਜਾਂ ਇਸ ਗੱਲ ਦਾ ਪ੍ਰਤੱਖ ਸਬੂਤ ਸਾਹਮਣੇ ਆਇਆ ਕਿ ਖੁਦਕੁਸ਼ੀ ਤੋਂ ਪਹਿਲਾਂ ਸਬੰਧਤ ਸ਼ਖਸ ਨੇ ਕੈਨੇਥ ਲਾਅ ਨਾਲ ਸੰਪਰਕ ਕੀਤਾ। ਇਥੇ ਦਸਣਾ ਬਣਦਾ ਹੈ ਕਿ ਸੋਡੀਅਮ ਨਾਇਟ੍ਰਾਈਟ ਦੀ ਵਰਤੋਂ ਮੀਟ ਪ੍ਰੋਸੈਸਿੰਗ ਦੌਰਾਨ ਕੀਤੀ ਜਾਂਦੀ ਹੈ ਅਤੇ ਜ਼ਿਆਦਾ ਮਾਤਰਾ ਵਿਚ ਨਿਗਲਣ ’ਤੇ ਸਰੀਰ ਵਿਚ ਆਕਸੀਜਨ ਦਾ ਪੱਧਰ ਘਟਣ ਲਗਦਾ ਹੈ। ਇਸ ਮਗਰੋਂ ਸਾਹ ਆਉਣੇ ਔਖੇ ਹੋ ਜਾਂਦੇ ਹਨ ਅਤੇ ਬੰਦੇ ਦੀ ਮੌਤ ਹੋ ਜਾਂਦੀ ਹੈ। ਪੀਲ ਰੀਜਨਜਲ ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੈਨੇਥ ਲਾਅ ਵੱਲੋਂ ਕਥਿਤ ਤੌਰ ’ਤੇ 160 ਪੈਕਟ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿਚ ਭੇਜੇ ਗਏ ਜਦਕਿ 40 ਮੁਲਕਾਂ ਵਿਚ 1200 ਤੋਂ ਵੱਧ ਪੈਕਟ ਭੇਜੇ। ਅਮਰੀਕਾ, ਯੂ.ਕੇ., ਇਟਲੀ ਅਤੇ ਆਸਟ੍ਰੇਲੀਆ ਵਿਚ ਇਸ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਗਈ।

40 ਮੁਲਕਾਂ ਵਿਚ ਜ਼ਹਿਰੀਲਾ ਪਦਾਰਥ ਭੇਜਣ ਦੇ ਦੋਸ਼ ਵੀ ਸ਼ਾਮਲ

ਕੈਨੇਥ ਲਾਅ ਨੂੰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਹੋਈਆਂ 129 ਖੁਦਕੁਸ਼ੀਆਂ ਨਾਲ ਜੋੜਿਆ ਜਾ ਰਿਹਾ ਹੈ। ਉਨਟਾਰੀਓ ਵਿਚ ਉਸ ਵਿਰੁੱਧ ਕੁਲ 28 ਦੋਸ਼ ਆਇਦ ਕੀਤੇ ਗਏ ਹਨ ਅਤੇ ਸੂਬੇ ਵਿਚ ਜਾਨ ਗਵਾਉਣ ਵਾਲਿਆਂ ਦੀ ਉਮਰ 16 ਸਾਲ ਤੋਂ 36 ਸਾਲ ਤੱਕ ਦਰਜ ਕੀਤੀ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਦੀ ਉਮਰ 18 ਸਾਲ ਤੋਂ ਘੱਟ ਸੀ। ਇਥੇ ਦਸਣਾ ਬਣਦਾ ਹੈ ਕਿ ਕੈਨੇਥ ਲਾਅ ਮਿਸੀਸਾਗਾ ਵਿਚ ਸ਼ੈਫ ਵਜੋਂ ਕੰਮ ਕਰਦਾ ਸੀ ਅਤੇ ਇਸ ਵੇਲੇ ਜੇਲ ਵਿਚ ਬੰਦ ਹੈ। ਮਾਮਲੇ ਦੀ ਸ਼ੁਰੂਆਤ ਅਕਤੂਬਰ 2022 ਵਿਚ ਹੋਈ ਜਦੋਂ ਯੂ.ਕੇ. ਦੇ ਕੌਰੋਨਰ ਦੀ ਰਿਪੋਰਟ ਵਿਚ ਇਕ ਔਰਤ ਵੱਲੋਂ ਖੁਦਕੁਸ਼ੀ ਦੇ ਮਾਮਲੇ ਨੂੰ ਮਿਸੀਸਾਗਾ ਦੇ ਡਾਕ ਬਕਸੇ ਨਾਲ ਜੋੜਿਆ ਗਿਆ। 

Tags:    

Similar News