ਕੈਨੇਡਾ : ਆਰਜ਼ੀ ਕਾਮਿਆਂ ਦੇ ਵੀਜ਼ੇ ਨੇ ਭਖਾਈ ਸਿਆਸਤ
ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 33,722 ਨਵੇਂ ਕਾਮਿਆਂ ਨੂੰ ਵੀਜ਼ੇ ਦਿਤੇ ਗਏ
ਟੋਰਾਂਟੋ : ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 33,722 ਨਵੇਂ ਕਾਮਿਆਂ ਨੂੰ ਵੀਜ਼ੇ ਦਿਤੇ ਗਏ। ਇਹ ਗਿਣਤੀ ਫੈਡਰਲ ਸਰਕਾਰ ਵੱਲੋਂ 2025 ਲਈ ਤੈਅ ਟੀਚੇ ਦਾ 42 ਫੀ ਸਦੀ ਬਣਦੀ ਹੈ ਜਦਕਿ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਦਾਅਵਾ ਕਰ ਰਹੇ ਹਨ ਕਿ ਸਾਲ ਦੇ ਪਹਿਲੇ 6 ਮਹੀਨੇ ਦੌਰਾਨ 1 ਲੱਖ 5 ਹਜ਼ਾਰ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੀਜ਼ੇ ਜਾਰੀ ਕੀਤੇ ਗਏ। ਇੰਮੀਗ੍ਰੇਸ਼ਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਵਰਕ ਵੀਜ਼ਾ ਅਤੇ ਪਹਿਲਾਂ ਤੋਂ ਮੌਜੂਦ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਰੀਨਿਊ ਕੀਤੇ ਵੀਜ਼ਿਆਂ ਨੂੰ ਰਲਾ ਕੇ ਅੰਕੜਾ ਇਕ ਲੱਖ ਤੋਂ ਟੱਪਦਾ ਹੈ ਜਿਵੇਂ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ।
ਸਰਕਾਰ ਦਾ ਦਾਅਵਾ, ਸਿਰਫ਼ 33,722 ਵੀਜ਼ੇ ਜਾਰੀ ਕੀਤੇ
ਇਸ ਤੋਂ ਇਲਾਵਾ ਜਨਵਰੀ ਤੋਂ ਜੂਨ ਦਰਮਿਆਨ 3 ਲੱਖ 2 ਹਜ਼ਾਰ ਵਰਕ ਪਰਮਿਟ ਜਾਰੀ ਕਰਨ ਦਾ ਅੰਕੜਾ ਵੀ ਨਵੇਂ ਅਤੇ ਰੀਨਿਊ ਕੀਤੇ ਵੀਜ਼ਿਆਂ ਨੂੰ ਜੋੜ ਕੇ ਬਣਦਾ ਹੈ। ਇਥੇ ਦਸਣਾ ਬਣਦਾ ਹੈ ਕਿ ਦੋਹਾਂ ਇੰਮੀਗ੍ਰੇਸ਼ਨ ਯੋਜਨਾਵਾਂ ਅਧੀਨ 2025 ਦੌਰਾਨ 3 ਲੱਖ 68 ਹਜ਼ਾਰ ਆਰਜ਼ੀ ਵਿਦੇਸ਼ੀ ਕਾਮੇ ਸੱਦਣ ਦਾ ਟੀਚਾ ਤੈਅ ਕੀਤਾ ਗਿਆ ਹੈ ਜਦਕਿ ਅਗਲੇ ਸਾਲ ਸਿਰਫ਼ 2 ਲੱਖ 11 ਹਜ਼ਾਰ ਕਾਮੇ ਹੀ ਸੱਦੇ ਜਾਣਗੇ। ਦੂਜੇ ਪਾਸੇ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੀ ਇਕ ਤਰਜਮਾਨ ਨੇ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਪੁੱਜੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ ਅਤੇ ਪਹਿਲੇ 6 ਮਹੀਨੇ ਦੌਰਾਨ 1 ਲੱਖ 19 ਹਜ਼ਾਰ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਜਦਕਿ ਪਿਛਲੇ ਸਾਲ 2 ਲੱਖ 45 ਹਜ਼ਾਰ ਕਾਮਿਆਂ ਨੇ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਸੀ। ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ 86 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ ਅਤੇ 2 ਲੱਖ 55 ਅਰਜ਼ੀਆਂ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਹਨ। ਦੂਜੇ ਪਾਸੇ ਪਰਮਾਨੈਂਟ ਰੈਜ਼ੀਡੈਂਸੀ ਦੀਆਂ 2 ਲੱਖ 66 ਹਜ਼ਾਰ 800 ਅਰਜ਼ੀਆਂ ਦਾ ਨਿਪਟਾਰਾ 31 ਜੁਲਾਈ ਤੱਕ ਕੀਤਾ ਜਾ ਚੁੱਕਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਕੈਨੇਡਾ ਪੁੱਜ ਰਹੇ ਹਨ ਜਾਂ ਪਹਿਲਾਂ ਹੀ ਮੁਲਕ ਵਿਚ ਮੌਜੂਦ ਹਨ। 31 ਜੁਲਾਈ ਤੱਕ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲਾਗ ਵਧ ਕੇ 9 ਲੱਖ ਹੋ ਗਿਆ ਅਤੇ 22 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਵਿਚਾਰ ਅਧੀਨ ਸਨ।
ਵਿਰੋਧੀ ਧਿਰ ਨੇ ਮੁੜ ਨੌਜਵਾਨਾਂ ਤੋਂ ਰੁਜ਼ਗਾਰ ਖੋਹਣ ਦਾ ਦੋਸ਼ ਲਾਇਆ
ਸਟੱਡੀ ਵੀਜ਼ਾ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲ ਦੇ ਪਹਿਲੇ 7 ਮਹੀਨੇ ਦੌਰਾਨ 3 ਲੱਖ 17 ਹਜ਼ਾਰ 800 ਅਰਜ਼ੀਆਂ ਦਾ ਨਿਪਟਾਰਾ ਕਰ ਦਿਤਾ ਗਿਆ ਅਤੇ ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਅਰਜ਼ੀਆਂ ਰੱਦ ਹੋਣ ਦੀ ਦਰ 60 ਫ਼ੀ ਸਦੀ ਤੋਂ ਟੱਪ ਚੁੱਕੀ ਹੈ। ਸਟੱਡੀ ਵੀਜ਼ਾ ਸ਼੍ਰੇਣੀ ਵਿਚ ਬੈਕਲਾਗ ਤੇਜ਼ੀ ਨਾਲ ਹੇਠਾਂ ਆਉਣ ਦਾਅਵਾ ਕੀਤਾ ਗਿਆ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਵਿਚ 45 ਫੀ ਸਦੀ ਅਰਜ਼ੀਆਂ ਬੈਕਲਾਗ ਵਿਚ ਸਨ ਪਰ ਹੁਣ ਇਹ ਅੰਕੜਾ 15 ਫ਼ੀ ਸਦੀ ਦੇ ਨੇੜੇ ਤੇੜੇ ਆ ਗਿਆ ਹੈ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਮਾਮਲੇ ਵਿਚ ਕੁਲ 10 ਲੱਖ 80 ਹਜ਼ਾਰ ਅਰਜ਼ੀਆਂ ਵਿਚੋਂ 38 ਫ਼ੀ ਸਦੀ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ। ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਵਿਚੋਂ 14 ਫੀ ਸਦੀ ਬੈਕਲਾਗ ਵਿਚ ਚੱਲ ਰਹੀਆਂ ਹਨ ਜਦਕਿ ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਬੈਕਲਾਗ 53 ਫੀ ਸਦੀ ਦੱਸਿਆ ਜਾ ਰਿਹਾ ਹੈ ਜੋ ਕਿਸੇ ਵੀ ਸ਼੍ਰੇਣੀ ਵਿਚ ਸਭ ਤੋਂ ਵੱਧ ਬਣਦਾ ਹੈ।