ਕੈਨੇਡਾ ਵੱਲੋਂ ਠੱਗ ਭਾਰਤੀਆਂ ਵਿਰੁੱਧ ਵੱਡੀ ਕਾਰਵਾਈ

ਕੈਨੇਡਾ ਦੀ ਪੀ.ਆਰ. ਲਈ ਠੱਗੀ-ਠੋਰੀ ਦਾ ਰਾਹ ਅਖਤਿਆਰ ਕਰਨ ਵਾਲੇ ਭਾਰਤੀਆਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਧੜਾ-ਧੜ ਅਰਜ਼ੀਆਂ ਰੱਦ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ

Update: 2025-08-06 13:07 GMT

ਟੋਰਾਂਟੋ : ਕੈਨੇਡਾ ਦੀ ਪੀ.ਆਰ. ਲਈ ਠੱਗੀ-ਠੋਰੀ ਦਾ ਰਾਹ ਅਖਤਿਆਰ ਕਰਨ ਵਾਲੇ ਭਾਰਤੀਆਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਧੜਾ-ਧੜ ਅਰਜ਼ੀਆਂ ਰੱਦ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਜੀ ਹਾਂ, ਐਕਸਪ੍ਰੈਸ ਐਂਟਰੀ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਵਾਸਤੇ ਉਚੇ ਸੀ.ਆਰ.ਐਸ. ਸਕੋਰ ਦੀ ਜ਼ਰੂਰਤ ਪੈਂਦੀ ਹੈ ਅਤੇ ਛੜਾ ਹੋਣ ਦੀ ਸੂਰਤ ਵਿਚ ਸਕੋਰ ਮਜ਼ਬੂਤ ਹੋ ਜਾਂਦਾ ਹੈ ਜਿਸ ਮੱਦੇਨਜ਼ਰ ਵੱਡੀ ਗਿਣਤੀ ਵਿਚ ਬਿਨੈਕਾਰਾਂ ਨੇ ਵਿਆਹੇ ਹੋਣ ਦੇ ਬਾਵਜੂਦ ਅਰਜ਼ੀਆਂ ਵਿਚ ਲਿਖ ਦਿਤਾ ਕਿ ਉਨ੍ਹਾਂ ਦਾ ਜੀਵਨ ਸਾਥੀ ਕੈਨੇਡਾ ਪ੍ਰਵਾਸ ਨਹੀਂ ਕਰ ਰਿਹਾ। ਦੂਜੇ ਪਾਸੇ ਜ਼ਿਆਦਾਤਰ ਬਿਨੈਕਾਰਾਂ ਦੇ ਪਤੀ ਜਾਂ ਪਤਨੀਆਂ ਪਹਿਲਾਂ ਹੀ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ’ਤੇ ਕੈਨੇਡਾ ਵਿਚ ਮੌਜੂਦ ਹਨ ਅਤੇ ਇੰਮੀਗ੍ਰੇਸ਼ਨ ਵਾਲਿਆਂ ਨੂੰ ਇਸ ਦੀ ਭਿਣਕ ਲੱਗ ਗਈ। ‘ਦਾ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਸਲਾਹਕਾਰ ਕੁਬੇਰ ਕਮਲ ਨੇ ਦੱਸਿਆ ਕਿ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀ ਦਾਖਲ ਕਰਨ ਵੇਲੇ ਇਕਹਿਰਾ ਬਿਨੈਕਾਰ ਹੋਣ ਦੀ ਸੂਰਤ ਵਿਚ 40 ਵਾਧੂ ਅੰਕ ਮਿਲ ਸਕਦੇ ਹਨ ਕਿਉਂਕਿ ਜੀਵਨ ਸਾਥੀ ਨਾਲ ਸਬੰਧਤ ਅਸਰਾਂ ਨੂੰ ਇਕ ਪਾਸੇ ਰੱਖ ਦਿਤਾ ਜਾਂਦਾ ਹੈ।

ਪੀ.ਆਰ. ਅਰਜ਼ੀਆਂ ਧੜਾ-ਧੜ ਕੀਤੀਆਂ ਰੱਦ

ਜੀਵਨ ਸਾਥੀ ਦੀ ਵਿਦਿਅਕ ਯੋਗਤਾ ਜਾਂ ਭਾਸ਼ਾਈ ਮੁਹਾਰਤ ਕਮਜ਼ੋਰ ਹੋਣ ਦੀ ਸੂਰਤ ਵਿਚ ਕੋਈ ਵੀ ਬਿਨੈਕਾਰ ਉਸ ਨੂੰ ਅਰਜ਼ੀ ਵਿਚ ਸ਼ਾਮਲ ਨਹੀਂ ਕਰਨਾ ਚਾਹੁੰਦਾ। ਇਹ ਰੁਝਾਨ ਐਨਾ ਵਧਿਆ ਕਿ ਪੀ.ਆਰ. ਦੀਆਂ ਜ਼ਿਆਦਾਤਰ ਅਰਜ਼ੀਆਂ ਛੜਿਆਂ ਦੇ ਰੂਪ ਵਿਚ ਆਉਣ ਲੱਗੀਆਂ। ਉਧਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦਾ ਮੰਨਣਾ ਹੈ ਕਿ ਜੇ ਬਿਨੈਕਾਰ ਦਾ ਜੀਵਨ ਸਾਥੀ ਪਹਿਲਾਂ ਹੀ ਕੈਨੇਡਾ ਵਿਚ ਮੌਜੂਦ ਹੈ ਤਾਂ ਪੱਕੇ ਤੌਰ ’ਤੇ ਮੁਲਕ ਵਿਚ ਰਹਿਣ ਦੇ ਇਰਾਦੇ ਸਾਫ਼ ਨਜ਼ਰ ਆ ਰਹੇ ਹਨ। ਅਜਿਹੇ ਵਿਚ ਇੰਮੀਗ੍ਰੇਸ਼ਨ ਵਾਲਿਆਂ ਨੇ ਬਗੈਰ ਜੀਵਨ ਸਾਥੀ ਤੋਂ ਕੈਨੇਡਾ ਪ੍ਰਵਾਸ ਕਰਨ ਦਾ ਇਰਾਦਾ ਜ਼ਾਹਰ ਕਰਨ ਵਾਲਿਆਂ ਨੂੰ ਵੱਖਰੀ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਦਲੀਲ ਨੂੰ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਐਕਟ ਦੀ ਧਾਰਾ 16(1) ਅਤੇ 40(1) ਅਧੀਨ ਗੁੰਮਰਾਹਕੁਨ ਮੰਨਿਆ ਜਾਣ ਲੱਗਾ। ਇਨ੍ਹਾਂ ਵਿਚੋਂ ਕੁਝ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਜਦਕਿ ਕੁਝ ਨੂੰ ਪ੍ਰੋਸੀਜਰਲ ਫੇਅਰਨੈਸ ਲੈਟਰਜ਼ ਭੇਜ ਕੇ ਸਫਾਈ ਮੰਗੀ ਜਾ ਰਹੀ ਹੈ। ਕੁਬੇਰ ਕਮਲ ਨੇ ਸੰਭਾਵਤ ਪ੍ਰਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਜੇ ਉਨ੍ਹਾਂ ਦਾ ਜੀਵਨ ਸਾਥੀ ਸਹੀ ਅਰਥਾਂ ਵਿਚ ਕੈਨੇਡਾ ਤੋਂ ਬਾਹਰ ਹੈ ਤਾਂ ਨੌਨ-ਅਕੰਪਨਿੰਗ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ ਇੰਮੀਗ੍ਰੇਸ਼ਨ ਵਾਲਿਆਂ ਨੂੰ ਦੱਸਿਆ ਜਾ ਸਕਦਾ ਹੈ ਕਿ ਬੱਚਿਆਂ ਦੀ ਜ਼ਿੰਮੇਵਾਰੀ ਜਾਂ ਨੌਕਰੀ ਨਾਲ ਸਬੰਧਤ ਕੁਝ ਕਾਰਨਾਂ ਕਰ ਕੇ ਫ਼ਿਲਹਾਲ ਪਤੀ ਜਾਂ ਪਤਨੀ ਕੈਨੇਡਾ ਨਹੀਂ ਆ ਸਕਦੀ ਪਰ ਇਹ ਗੱਲ ਦੀ ਧਿਆਨ ਰੱਖਣੀ ਹੋਵੇਗੀ ਕਿ ਕੈਨੇਡਾ ਪੁੱਜਣ ਤੋਂ ਤੁਰਤ ਬਾਅਦ ਆਪਣੇ ਜੀਵਨ ਸਾਥੀ ਨੂੰ ਸਪੌਂਸਰ ਕਰਨ ਦਾ ਯਤਨ ਨਾ ਕੀਤਾ ਜਾਵੇ।

ਓਹਲਾ ਰੱਖਣ ਵਾਲੇ ਕੈਨੇਡਾ ਵਿਚ ਨਹੀਂ ਹੋ ਸਕਣਗੇ ਪੱਕੇ

ਅਜਿਹੀਆਂ ਸਪੌਂਸਰਸ਼ਿਪ ਅਰਜ਼ੀਆਂ ਵੀ ਸਮੱਸਿਆ ਵਿਚ ਘਿਰਨ ਲੱਗੀਆਂ ਹਨ ਅਤੇ ਮਾਮਲੇ ਅਦਾਲਤਾਂ ਤੱਕ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਪ੍ਰਵਾਸ ਕਰਨ ਵਾਲਿਆਂ ਵਿਚ ਭਾਰਤੀ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ 2023 ਦੌਰਾਨ 52 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਭੇਜੇ ਗਏ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਵੇਲੇ ਫਰੈਂਚ ਭਾਸ਼ਾ ਵਿਚ ਮੁਹਾਰਤ, ਕੈਨੇਡੀਅਨ ਤਜਰਬਾ ਸ਼੍ਰੇਣੀ, ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਜਾਂ ਹੈਲਥ ਕੇਅਰ, ਐਜੁਕੇਸ਼ਨ ਅਤੇ ਵੱਖ ਵੱਖ ਟਰੇਡਜ਼ ਦੇ ਆਧਾਰ ’ਤੇ ਪੀ.ਆਰ. ਦੇ ਸੱਦੇ ਭੇਜੇ ਜਾ ਰਹੇ ਹਨ ਅਤੇ ਨੌਕਰੀ ਦੀ ਪੇਸ਼ਕਸ਼ ਦੇ ਵਾਧੂ ਅੰਕਾਂ ਦਾ ਸਿਲਸਿਲਾ 25 ਮਾਰਚ ਤੋਂ ਬੰਦ ਕੀਤਾ ਜਾ ਚੁੱਕਾ ਹੈ।

Tags:    

Similar News