ਕੈਨੇਡਾ : ਜਤਿੰਦਰ ਸੰਧੂ ਕਤਲਕਾਂਡ ਦੇ ਦੋਸ਼ੀਆਂ ਦੀ ਭਾਲ ਵਿਚ ਪੁਲਿਸ
ਕੈਨੇਡਾ ਵਿਚ 9 ਸਾਲ ਪਹਿਲਾਂ ਵਾਪਰੇ ਜਤਿੰਦਰ ‘ਮਾਈਕਲ’ ਸੰਧੂ ਕਤਲ ਕਾਂਡ ਦੇ ਦੋਸ਼ੀ ਅੱਜ ਤੱਕ ਆਜ਼ਾਦ ਘੁੰਮ ਰਹੇ ਹਨ
ਸਰੀ : ਕੈਨੇਡਾ ਵਿਚ 9 ਸਾਲ ਪਹਿਲਾਂ ਵਾਪਰੇ ਜਤਿੰਦਰ ‘ਮਾਈਕਲ’ ਸੰਧੂ ਕਤਲ ਕਾਂਡ ਦੇ ਦੋਸ਼ੀ ਅੱਜ ਤੱਕ ਆਜ਼ਾਦ ਘੁੰਮ ਰਹੇ ਹਨ ਅਤੇ ਮਾਮਲੇ ਦੀ ਲਗਾਤਾਰ ਪੜਤਾਲ ਕਰ ਰਹੀ ਆਈ ਹਿਟ ਵੱਲੋਂ ਕਤਲ ਦੀ ਗੁੱਥੀ ਸੁਲਝਾਉਣ ਲਈ ਲੋਕਾਂ ਤੋਂ ਮੁੜ ਮਦਦ ਮੰਗੀ ਗਈ ਹੈ। 23 ਜੁਲਾਈ 2016 ਨੂੰ ਸਰੀ ਦੇ 90 ਏ ਐਵੇਨਿਊ ਦੇ 14300 ਬਲਾਕ ਵਿਚ ਗੋਲੀਬਾਰੀ ਦੀ ਇਤਲਾਹ ਮਿਲਣ ’ਤੇ ਪੁੱਜੇ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਦੀ ਜਾਨ ਬਚ ਗਈ ਪਰ 28 ਸਾਲ ਦਾ ਜਤਿੰਦਰ ਸੰਧੂ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਹਸਪਤਾਲ ਵਿਚ ਦਮ ਤੋੜ ਗਿਆ। ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ 9 ਸਾਲ ਤੋਂ ਕਾਤਲਾਂ ਦੀ ਭਾਲ ਕਰ ਰਹੀ ਹੈ ਪਰ ਸਫ਼ਲ ਨਹੀਂ ਹੋ ਸਕੀ।
ਸਰੀ ਵਿਖੇ ਜੁਲਾਈ 2016 ਵਿਚ ਵਾਪਰੀ ਸੀ ਵਾਰਦਾਤ
ਆਈ ਹਿਟ ਦੇ ਵੈਬਪੇਜ ’ਤੇ ਜਤਿੰਦਰ ਸੰਧੂ ਕਤਲ ਕਾਂਡ ਨੂੰ ਅਣਸੁਲਝੇ ਮਾਮਲਿਆਂ ਦੀ ਸੂਚੀ ਵਿਚ ਪਾਉਂਦਿਆਂ ਮੂਹਰਲੀ ਕਤਾਰ ਵਿਚ ਰੱਖਿਆ ਗਿਆ ਹੈ ਤਾਂਕਿ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ ਅਤੇ ਕੋਈ ਨਾ ਕੋਈ ਜਾਣਕਾਰੀ ਮਿਲ ਸਕੇ। ਹੁਣ ਤੱਕ ਇਕੱਤਰ ਸਬੂਤਾਂ ਮੁਤਾਬਕ ਗੋਲੀਬਾਰੀ ਦੀ ਇਹ ਵਾਰਦਾਤ ਬੀ.ਸੀ. ਵਿਚ ਗਿਰੋਹਾਂ ਦਰਮਿਆਨ ਟਕਰਾਅ ਦਾ ਨਤੀਜਾ ਸੀ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜਤਿੰਦਰ ਸੰਧੂ ਅਤੇ ਉਸ ਦਾ ਸਾਥੀ ਸ਼ੂਟਰਾਂ ਦਾ ਅਸਲ ਨਿਸ਼ਾਨਾ ਨਹੀਂ ਸਨ ਕਿਉਂਕਿ ਇਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ। ਉਧਰ ਜਤਿੰਦਰ ਸੰਧੂ ਦੇ ਪਰਵਾਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ ਉਨ੍ਹਾਂ ਦਾ ਪੁੱਤ 37 ਸਾਲ ਦਾ ਹੋ ਜਾਂਦਾ।
ਪਰਵਾਰ ਵੱਲੋਂ ਵੀ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ
ਮਾਈਕਲ ਨੂੰ ਜਨਮ ਦਿਨ ਮਨਾਉਣਾ ਬਹੁਤ ਪਸੰਦ ਸੀ ਪਰ ਪਿਛਲੇ ਵਰਿ੍ਹਆਂ ਦੌਰਾਨ ਕੋਈ ਖੁਸ਼ੀ ਨਾ ਮਨਾਈ ਜਾ ਸਕੀ। ਪਰਵਾਰ ਨੇ ਅੱਗੇ ਕਿਹਾ ਕਿ ਮਾਈਕਲ ਨੂੰ ਸਾਡੇ ਤੋਂ ਵਿਛੜਿਆਂ 9 ਸਾਲ ਹੋ ਚੁੱਕੇ ਹਨ ਅਤੇ ਉਸ ਦਾ ਯਾਦਾਂ ਅੱਜ ਵੀ ਦਿਲ ਵਿਚ ਤਾਜ਼ਾ ਹਨ। ਬਿਨਾਂ ਸ਼ੱਕ ਕੁਝ ਲੋਕਾਂ ਨੂੰ ਉਸ ਕਾਲੀ ਰਾਤ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹੋਵੇਗੀ। ਜੇ ਅਜਿਹਾ ਹੈ ਤਾਂ ਪਰਵਾਰ ਨੂੰ ਇਨਸਾਫ਼ ਦਿਵਾਉਣ ਵਿਚ ਮਦਦ ਕੀਤੀ ਜਾਵੇ। ਦੂਜੇ ਪਾਸੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸੰਧੂ ਕਤਲਕਾਂਡ ਬਾਰੇ ਕੋਈ ਜਾਣਕਾਰੀ ਹੈ ਤਾਂ ਆਈ ਹਿਟ ਦੀ ਇਨਫ਼ਰਮੇਸ਼ਨ ਲਾਈਨ 1877 551 ਆਈ ਹਿਟ 4448 ’ਤੇ ਸੰਪਰਕ ਕੀਤਾ ਜਾਵੇ।