ਕੈਨੇਡਾ : 3 ਪੰਜਾਬਣਾਂ ਦੀ ਮੌਤ ਦੇ ਮਾਮਲੇ ’ਚ ਘਿਰਿਆ ਜੋਗਪ੍ਰੀਤ ਸਿੰਘ ਫਰਾਰ
ਕੈਨੇਡਾ ਵਿਚ ਤਿੰਨ ਪੰਜਾਬਣਾਂ ਦੀ ਮੌਤ ਦਾ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਵਿਚ ਘਿਰਿਆ ਜੋਗਪ੍ਰੀਤ ਸਿੰਘ ਫਰਾਰ ਹੈ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਮੰਨਣਾ ਹੈ ਕਿ ਉਹ ਬਰੈਂਪਟਨ ਵਿਚ ਹੋ ਸਕਦਾ ਹੈ।;
ਕਿੰਗਸਟਨ : ਕੈਨੇਡਾ ਵਿਚ ਤਿੰਨ ਪੰਜਾਬਣਾਂ ਦੀ ਮੌਤ ਦਾ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਵਿਚ ਘਿਰਿਆ ਜੋਗਪ੍ਰੀਤ ਸਿੰਘ ਫਰਾਰ ਹੈ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਮੰਨਣਾ ਹੈ ਕਿ ਉਹ ਬਰੈਂਪਟਨ ਵਿਚ ਹੋ ਸਕਦਾ ਹੈ। ਉਨਟਾਰੀਓ ਦੇ ਪੈਰੀ ਸਾਊਂਡ ਨੇੜੇ ਇਕ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਤਿੰਨ ਕੁੜੀਆਂ ਦੀ ਮੌਤ ਮਗਰੋਂ 24 ਸਾਲ ਦੇ ਜੋਗਪ੍ਰੀਤ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ।
ਉਨਟਾਰੀਓ ਦੇ ਪੈਰੀ ਸਾਊਂਡ ਨੇੜੇ ਵਾਪਰਿਆ ਸੀ ਹੌਲਨਾਕ ਹਾਦਸਾ
ਵੈਸਟ ਪੈਰੀ ਸਾਊਂਡ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 20 ਜੁਲਾਈ ਨੂੰ ਰਾਤ ਤਕਰੀਬਨ 11 ਵਜੇ ਇਕ ਕਾਰ ਹਾਦਸਾਗ੍ਰਸਤ ਹੋਣ ਦੀ ਇਤਲਾਹ ਮਿਲੀ। ਹਾਦਸੇ ਦੌਰਾਨ ਤਿੰਨ ਜਾਨਾਂ ਗਈਆਂ ਅਤੇ ਇਕ ਜਣਾ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਜੋਗਪ੍ਰੀਤ ਸਿੰਘ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਂਦਿਆਂ ਤਿੰਨ ਜਣਿਆਂ ਦੀ ਮੌਤ ਦਾ ਕਾਰਨ ਬਣਨ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ। ਜੋਗਪ੍ਰੀਤ ਸਿੰਘ ਨੇ 29 ਜੁਲਾਈ ਨੂੰ ਪੈਰੀ ਸਾਊਂਡ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਪੇਸ਼ ਹੋਣਾ ਸੀ ਪਰ ਅਦਾਲਤ ਵਿਚ ਨਾ ਪੁੱਜਾ। ਕਿੰਗਸਟਨ ਦਾ ਵਸਨੀਕ ਜੋਗਪ੍ਰੀਤ ਸਿੰਘ ਅਕਸਰ ਹੀ ਬਰੈਂਪਟਨ ਦੇ ਗੇੜੇ ਲਾਉਂਦਾ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜੋਗਪ੍ਰੀਤ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਵੈਸਟ ਪੈਰੀ ਸਾਊਂਡ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਦੌਰਾਨ ਜਾਨ ਗਵਾਉਣ ਵਾਲੀਆਂ ਕੁੜੀਆਂ ਵਿਚੋਂ ਇਕ ਦੀ ਸ਼ਨਾਖਤ ਬਟਾਲਾ ਨੇੜਲੇ ਪਿੰਡ ਸੁੱਖਾ ਚਿੜਾ ਨਾਲ ਸਬੰਧਤ ਲਖਵਿੰਦਰ ਕੌਰ ਵਜੋਂ ਕੀਤੀ ਗਈ ਜੋ ਸਿਰਫ 10 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਸੀ।
ਜੋਗਪ੍ਰੀਤ ਨੇ 29 ਜੁਲਾਈ ਨੂੰ ਅਦਾਲਤ ਵਿਚ ਹੋਣਾ ਸੀ ਪੇਸ਼
ਲਖਵਿੰਦਰ ਕੌਰ ਦੇ ਚਾਚਾ ਨਰਿੰਦਰ ਸਿੰਘ ਮੁਤਾਬਕ ਉਨ੍ਹਾਂ ਦੀ ਭਤੀਜੀ ਵੀਕਐਂਡ ’ਤੇ ਆਪਣੇ ਦੋਸਤਾਂ ਨਾਲ ਕਾਰ ਵਿਚ ਜਾ ਰਹੀ ਸੀ ਜਦੋਂ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਦਰੱਖਤਾਂ ਨਾਲ ਟਕਰਾਉਣ ਮਗਰੋਂ 8 ਫੁੱਟ ਡੂੰਘੇ ਟੋਏ ਵਿਚ ਜਾ ਡਿੱਗੀ। ਹਾਦਸੇ ਦੌਰਾਨ ਲਖਵਿੰਦਰ ਕੌਰ ਨਾਲ ਮੌਜੂਦ ਕੁੜੀਆਂ ਵੀ ਦਮ ਤੋੜ ਗਈਆਂ ਜਦਕਿ ਦੋ ਮੁੰਡੇ ਜ਼ਖਮੀ ਹੋ ਗਏ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਦਾ ਸਪੈਸ਼ਲ ਵਿਕਟਿਮਜ਼ ਯੂਨਿਟ ਸੈਕਸ਼ੁਆਲ ਅਸਾਲਟ ਦੇ ਦੋ ਮਾਮਲਿਆਂਵਿਚ ਲੋੜੀਂਦੇ ਸ਼ੱਕੀ ਦੀ ਭਾਲ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤਾਂ 2 ਸਤੰਬਰ ਅਤੇ 22 ਸਤੰਬਰ ਨੂੰ ਵਾਪਰੀਆਂ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 20 ਤੋਂ 30 ਸਾਲ ਦਰਮਿਆਨ ਅਤੇ ਕੱਦ ਤਕਰੀਬਨ 5 ਫੁੱਟ 10 ਇੰਚ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 905 453 2121 ਐਕਸਟੈਨਸ਼ਨ 3460 ’ਤੇ ਸੰਪਰਕ ਕਰੇ।