ਕੈਨੇਡਾ : ਗੁਰਦਵਾਰੇ ’ਚ ਬੇਅਦਬੀ ਕਰਨ ਵਾਲਿਆਂ ਦੀ ਸ਼ਨਾਖਤ
ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਗੁਰਦਵਾਰਾ ਸਾਹਿਬ ਦੀਆਂ ਕੰਧਾਂ ’ਤੇ ਕਾਲਖ ਪੋਤਣ ਅਤੇ ਨਾਹਰੇ ਲਿਖਣ ਵਾਲੇ ਸ਼ੱਕੀਆਂ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕਰ ਦਿਤੀਆਂ ਹਨ।
ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਗੁਰਦਵਾਰਾ ਸਾਹਿਬ ਦੀਆਂ ਕੰਧਾਂ ’ਤੇ ਕਾਲਖ ਪੋਤਣ ਅਤੇ ਨਾਹਰੇ ਲਿਖਣ ਵਾਲੇ ਸ਼ੱਕੀਆਂ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕਰ ਦਿਤੀਆਂ ਹਨ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਚ ਵਾਰਦਾਤ ਨੂੰ ਅੰਜਾਮ ਦੇਣ ਲਈ ਚਿੱਟੇ ਰੰਗ ਦਾ ਪਿਕਅੱਪ ਟਰੱਕ ਵਰਤਿਆ ਗਿਆ। ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਖਾਲਸਾ ਦੀਵਾਨ ਸੋਸਾਇਟੀ ਗੁਰਦਵਾਰਾ ਸਾਹਿਬ ਵਿਚ 19 ਅਪ੍ਰੈਲ ਨੂੰ ਸਵੇਰੇ ਤਕਰੀਬਨ ਸਵਾ ਚਾਰ ਵਜੇ ਵਾਰਦਾਤ ਹੋਈ ਅਤੇ ਪਿਕਅੱਪ ਟਰੱਕ ਵਿਚ ਦੋ ਜਣੇ ਸਵਾਰ ਸਨ।
ਵੈਨਕੂਵਰ ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ
ਸ਼ੱਕੀਆਂ ਨੂੰ ਗੁਰਦਵਾਰਾ ਸਾਹਿਬ ਦੇ ਚਾਰ-ਚੁਫੇਰੇ ਗੇੜੇ ਲਾਉਂਦਿਆਂ ਵੀ ਦੇਖਿਆ ਗਿਆ ਅਤੇ ਇਸੇ ਦੌਰਾਨ ਕੰਧਾਂ ’ਤੇ ਕਾਲੇ ਰੰਗ ਨਾਲ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ। ਸ਼ੱਕੀਆਂ ਵੱਲੋਂ ਨਾਹਰਿਆਂ ਵਿਚ ਮੌਤ ਸ਼ਬਦ ਦੀ ਵਰਤੋਂ ਵੀ ਕੀਤੀ ਗਈ ਹੈ ਅਤੇ ਵੈਨਕੂਵਰ ਪੁਲਿਸ ਇਸ ਮਾਮਲੇ ਵਿਚ ਸਰੀ ਪੁਲਿਸ ਨਾਲ ਤਾਲਮੇਲ ਤਹਿਤ ਕੰਮ ਕਰ ਰਹੀ ਹੈ ਜਿਥੇ ਹਿੰਦੂ ਮੰਦਰ ਵਿਚ ਬਿਲਕੁਲ ਇਸੇ ਕਿਸਮ ਦੀ ਵਾਰਦਾਤ ਵਾਪਰੀ।
ਚਿੱਟੇ ਪਿਕਅੱਪ ਟਰੱਕ ਦੀ ਕੀਤੀ ਗਈ ਵਰਤੋਂ
ਵੈਨਕੂਵਰ ਪੁਲਿਸ ਨੇ ਅੱਗੇ ਕਿਹਾ ਕਿ ਇਕ ਸ਼ੱਕੀ ਨੇ ਪੀਲੇ ਰੰਗ ਦੀ ਟੋਪੀ ਪਾਈ ਹੋਈ ਸੀ ਅਤੇ ਜੈਕਟ ਦਾ ਰੰਗ ਵੀ ਪੀਲਾ ਹੀ ਨਜ਼ਰ ਆÇ ਰਹਾ ਹੈ ਜਦਕਿ ਕਾਲੀ ਪੈਂਟ ਪਹਿਨੀ ਨਜ਼ਰ ਆਈ। ਦੂਜੇ ਸ਼ੱਕੀ ਨੇ ਗਰੇਅ ਹੂਡੀ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ। ਵੈਨਕੂਵਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਮੇਜਰ ਕ੍ਰਾਈਮ ਸੈਕਸ਼ਨ ਨਾਲ 604 717 2541 ’ਤੇ ਸੰਪਰਕ ਕੀਤਾ ਜਾਵੇ।