ਕੈਨੇਡਾ : ਪੰਜਾਬੀ ਨੌਜਵਾਨ ਦੇ ਕਾਤਲਾਂ ਦੀ ਨੱਪੀ ਗਈ ਪੈੜ

ਸਰੀ ਦੇ ਜਸਕਰਨ ਸਿੰਘ ਮਿਨਹਾਸ ਕਤਲਕਾਂਡ ਦੀ ਪੜਤਾਲ ਕਰ ਰਹੀ ਆਈ ਹਿਟ ਦਾ ਮੰਨਣਾ ਹੈ ਕਿ ਲਾਲ ਰੰਗ ਦੀ ਕਾਰ ਕਾਤਲਾਂ ਦੀ ਪੈੜ ਨੱਪਣ ਵਿਚ ਮਦਦ ਕਰ ਸਕਦੀ ਹੈ

Update: 2025-08-12 12:19 GMT

ਸਰੀ : ਸਰੀ ਦੇ ਜਸਕਰਨ ਸਿੰਘ ਮਿਨਹਾਸ ਕਤਲਕਾਂਡ ਦੀ ਪੜਤਾਲ ਕਰ ਰਹੀ ਆਈ ਹਿਟ ਦਾ ਮੰਨਣਾ ਹੈ ਕਿ ਲਾਲ ਰੰਗ ਦੀ ਕਾਰ ਕਾਤਲਾਂ ਦੀ ਪੈੜ ਨੱਪਣ ਵਿਚ ਮਦਦ ਕਰ ਸਕਦੀ ਹੈ ਜਿਸ ਨੂੰ ਸ਼ੱਕੀਆਂ ਵੱਲੋਂ ਵਾਰਦਾਤ ਤੋਂ ਪਹਿਲਾਂ ਵੀ ਲਗਾਤਾਰ ਵਰਤਿਆ ਗਿਆ। ਜਾਂਚਕਰਤਾਵਾਂ ਮੁਤਾਬਕ ਸਰੀ ਦੀ 120 ਸਟ੍ਰੀਟ ਦੇ 7900 ਬਲਾਕ ਨੇੜੇ 3 ਮਾਰਚ ਨੂੰ ਵਾਪਰੀ ਵਾਰਦਾਤ ਵਿਚ ਕਈ ਜਣੇ ਸ਼ਾਮਲ ਸਨ ਜਿਨ੍ਹਾਂ ਵੱਲੋਂ ਕਤਲ ਦੀ ਯੋਜਨਾਬੰਦੀ ਕਰਦਿਆਂ ਜਸਕਰਨ ਸਿੰਘ ਮਿਨਹਾਸ ਨੂੰ ਗੋਲੀਆਂ ਮਾਰ ਕੇ ਹਲਾਕ ਕੀਤਾ ਗਿਆ। ਸ਼ੱਕੀਆਂ ਵੱਲੋਂ ਵਰਤੀ ਲਾਲ ਰੰਗ ਦੀ ਡੌਜ ਚਾਰਜਰ ਡੈਲਟਾ ਵਿਖੇ ਸੜਦੀ ਹੋਈ ਮਿਲੀ ਪਰ ਇਹ ਗੱਡੀ ਗੋਲੀਬਾਰੀ ਦੀ ਵਾਰਦਾਤ ਤੋਂ ਕਈ ਹਫ਼ਤੇ ਪਹਿਲਾਂ ਸ਼ੱਕੀਆਂ ਵੱਲੋਂ ਲਗਾਤਾਰ ਵਰਤੀ ਜਾ ਰਹੀ ਸੀ।

ਪੁਲਿਸ ਨੇ ਲੋਕਾਂ ਤੋਂ ਲਾਲ ਕਾਰ ਬਾਰੇ ਮੰਗੀ ਜਾਣਕਾਰੀ

ਆਈ ਹਿਟ ਵੱਲੋਂ ਲਾਲ ਗੱਡੀ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਮਦਦ ਵਾਸਤੇ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਮਾਮਲੇ ਦੀ ਪੜਤਾਲ ਵਿਚ ਆਈ ਹਿਟ ਦੀ ਮਦਦ ਕਰ ਰਹੀ ਇੰਟੈਗਰੇਟਡ ਗੈਂਗ ਹੌਮੀਸਾਈਡ ਟੀਮ ਵੱਲੋਂ ਕਈ ਜਣਿਆਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਵਾਰਦਾਤ ਵਿਚ ਸ਼ਾਮਲ ਹੋ ਸਕਦੇ ਹਨ। ਹੁਣ ਤੱਕ ਇਕੱਤਰ ਕੀਤੇ ਸਬੂਤਾਂ ਮੁਤਾਬਕ ਲਾਲ ਰੰਗ ਦੀ ਡੌਜ ਚਾਰਜਰ ਗੋਲੀਬਾਰੀ ਤੋਂ ਪਹਿਲਾਂ ਐਬਸਫੋਰਡ ਵਿਖੇ ਅਮਰੀਕਾ ਦੇ ਬਾਰਡਰ ਨੇੜਲੇ ਇਲਾਕੇ ਅਤੇ ਸਰੀ ਦੇ ਫਲੀਟਵੁੱਡ ਇਲਾਕੇ ਵਿਚ ਦੇਖੀ ਗਈ। ਆਈ ਹਿਟ ਦੇ ਕਾਰਪੋਰਲ ਸੁੱਖੀ ਢੇਸੀ ਦਾ ਕਹਿਣਾ ਸੀ ਕਿ ਗੱਡੀ ਅਣਗਿਣਤ ਲੋਕਾਂ ਦੀਆਂ ਅੱਖਾਂ ਅੱਗੋਂ ਲੰਘੀ ਹੋਵੇਗੀ ਅਤੇ ਇਸ ਵਿਚ ਸਵਾਰ ਕਿਸੇ ਨਾ ਕਿਸੇ ਸ਼ੱਕੀ ਬਾਰੇ ਵੀ ਕੋਈ ਜ਼ਰੂਰ ਜਾਣਦਾ ਹੋਵੇਗਾ। ਉਧਰ ਜਸਕਰਨ ਦੇ ਪਰਵਾਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਅਸੀਂ ਆਪਣੇ ਪੁੱਤ ਨਾਲ ਵਾਪਰੇ ਘਟਨਾਕ੍ਰਮ ਬਾਰੇ ਜਾਣਨਾ ਚਾਹੁੰਦੇ ਹਾਂ। ਉਸ ਨੂੰ ਗਿਰੋਹਾਂ ਨਾਲ ਸਬੰਧਤ ਵਾਰਦਾਤ ਦੌਰਾਨ ਕਤਲ ਕਰ ਦਿਤਾ ਗਿਆ ਅਤੇ ਉਸੇ ਦਿਨ ਤੋਂ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।

ਜਸਕਰਨ ਮਿਨਹਾਸ ਦਾ 3 ਮਾਰਚ 2025 ਨੂੰ ਹੋਇਆ ਸੀ ਕਤਲ

ਅਸੀਂ ਹੁਣ ਵੀ ਸਵਾਲਾਂ ਦੇ ਜਵਾਬ ਤਲਾਸ਼ ਰਹੇ ਹਾਂ। ਜੇ ਕੋਈ ਮੌਕਾ ਏ ਵਾਰਦਾਤ ’ਤੇ ਮੌਜੂਦ ਸੀ ਜਾਂ ਕਿਸੇ ਨੇ ਕੁਝ ਸੁਣਿਆ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ। ਤੁਹਾਡੇ ਵੱਲੋਂ ਕੀਤੀ ਮਦਦ ਸਾਨੂੰ ਇਹ ਦੱਸਣ ਵਿਚ ਸਹਾਈ ਸਾਬਤ ਹੋਵੇਗੀ ਕਿ ਆਖਰਕਾਰ ਜਸਕਰਨ ਨਾਲ ਇਹ ਸਭ ਕਿਉਂ ਹੋਇਆ। ਭਾਵੇਂ ਜਸਕਰਨ ਕਦੇ ਵਾਪਸ ਨਹੀਂ ਆਵੇਗਾ ਪਰ ਅਸੀਂ ਸੱਚਾਈ ਤੋਂ ਪਰਦਾ ਚੁੱਕਣਾ ਚਾਹੁੰਦੇ ਹਾਂ ਕਿ ਆਖਰਕਾਰ ਇਸ ਸਭ ਤੋਂ ਜ਼ਿੰਮੇਵਾਰ ਕੌਣ ਹੈ? ਕਿਸੇ ਦਾ ਬੱਚੇ ਇਸ ਤਰੀਕੇ ਨਾਲ ਉਨ੍ਹਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਜਿਵੇਂ ਸਾਡੇ ਨਾਲ ਵਾਪਰਿਆ।’’ ਇਸੇ ਦੌਰਾਨ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਸਕਰਨ ਮਿਨਹਾਸ ਕਤਲਕਾਂਡ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ ਆਈ ਹਿਟ ਦੀ ਇਨਫ਼ਰਮੇਸ਼ਨ ਲਾਈਨ 1877 551 ਆਈ ਹਿਟ 4448 ’ਤੇ ਸੰਪਰਕ ਕਰੇ।

Tags:    

Similar News