Canada ਨੇ ਤੇਜ਼ ਕੀਤੇ visitor visas ਅਤੇ ਸਟੱਡੀ ਪਰਮਿਟ

ਕੈਨੇਡਾ ਦਾ ਜਹਾਜ਼ ਚੜ੍ਹਨ ਦੇ ਇੱਛਕ ਪੰਜਾਬੀਆਂ ਦਾ ਰਾਹ ਹੋਰ ਸੁਖਾਲਾ ਕਰਦਿਆਂ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਿਜ਼ਟਰ ਵੀਜ਼ਾ ਸਿਰਫ਼ 28 ਦਿਨ ਵਿਚ ਜਾਰੀ ਕੀਤੇ ਜਾ ਰਹੇ ਹਨ

Update: 2026-04-09 12:26 GMT

ਟੋਰਾਂਟੋ : ਕੈਨੇਡਾ ਦਾ ਜਹਾਜ਼ ਚੜ੍ਹਨ ਦੇ ਇੱਛਕ ਪੰਜਾਬੀਆਂ ਦਾ ਰਾਹ ਹੋਰ ਸੁਖਾਲਾ ਕਰਦਿਆਂ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਿਜ਼ਟਰ ਵੀਜ਼ਾ ਸਿਰਫ਼ 28 ਦਿਨ ਵਿਚ ਜਾਰੀ ਕੀਤੇ ਜਾ ਰਹੇ ਹਨ ਅਤੇ ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਤਿੰਨ ਹਫ਼ਤੇ ਅੰਦਰ ਕੀਤਾ ਜਾ ਰਿਹਾ ਹੈ ਜਦਕਿ ਪਹਿਲਾਂ ਚਾਰ ਹਫ਼ਤੇ ਲੱਗ ਰਹੇ ਸਨ। ਜੀ ਹਾਂ, ਸੁਪਰ ਵੀਜ਼ਾ ਵਾਲਿਆਂ ਦਾ ਉਡੀਕ ਸਮਾਂ ਘਟ ਕੇ 190 ਦਿਨ ਰਹਿ ਗਿਆ ਹੈ ਜੋ ਮਾਰਚ ਵਿਚ 200 ਦਿਨ ਤੋਂ ਉਤੇ ਚੱਲ ਰਿਹਾ ਸੀ। ਇੰਮੀਗ੍ਰੇਸ਼ਨ, ਰਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ 12 ਮਹੀਨੇ ਵਿਚ ਕੀਤੀ ਜਾ ਰਹੀ ਹੈ ਜੋ ਪਹਿਲਾਂ 13 ਮਹੀਨੇ ਹੋ ਰਹੀ ਸੀ।

ਭਾਰਤੀ ਲੋਕਾਂ ਨੂੰ ਸਿਰਫ਼ 28 ਦਿਨ ਵਿਚ ਮਿਲ ਰਿਹਾ ਵੀਜ਼ਾ

ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ 3 ਲੱਖ 15 ਹਜ਼ਾਰ ਬਣਦੀ ਹੈ ਅਤੇ ਇਸ ਅੰਕੜੇ ਵਿਚ ਮਾਮੂਲੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਨਵਾਂ ਪੀ.ਆਰ. ਕਾਰਡ ਹੁਣ 51 ਦਿਨ ਦੇ ਅੰਦਰ ਮਿਲ ਰਿਹਾ ਹੈ ਜਿਸ ਵਾਸਤੇ ਮਾਰਚ ਵਿਚ 60 ਦਿਨ ਤੋਂ ਵੱਧ ਉਡੀਕ ਕਰਨੀ ਪੈ ਰਹੀ ਸੀ। ਦੂਜੇ ਪਾਸੇ ਸਪਾਊਜ਼ ਵੀਜ਼ਾ ਲਈ ਉਡੀਕ ਸਮਾਂ 15 ਮਹੀਨੇ ਚੱਲ ਰਿਹਾ ਹੈ ਅਤੇ ਸਪਾਊਜ਼ ਵੀਜ਼ਾ ਅਰਜ਼ੀਆਂ ਦਾ ਬੈਕਲਾਗ 49 ਹਜ਼ਾਰ ਤੋਂ ਉਤੇ ਦੱਸਿਆ ਗਿਆ ਹੈ। ਪਹਿਲਾਂ ਤੋਂ ਕੈਨੇਡਾ ਵਿਚ ਮੌਜੂਦ ਜੀਵਨ ਸਾਥੀ ਵਾਸਤੇ ਵੀਜ਼ਾ ਦਾ ਉਡੀਕ ਸਮਾਂ 24 ਮਹੀਨੇ ਦੱਸਿਆ ਗਿਆ ਹੈ ਅਤੇ ਇਸ ਵਿਚ 3 ਮਹੀਨੇ ਦਾ ਵਾਧਾ ਹੋਇਆ ਹੈ। ਵਿਜ਼ਟਰ ਵੀਜ਼ਾ ਲਈ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ 42 ਦਿਨ ਦੇ ਅੰਦਰ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਮਾਰਚ ਦੌਰਾਨ ਨਿਪਟਾਰਾ ਕਰਨ ਵਾਸਤੇ ਔਸਤਨ 48 ਦਿਨ ਲੱਗ ਰਹੇ ਸਨ।

ਸੁਪਰ ਵੀਜ਼ਾ ਦਾ ਉਡੀਕ ਸਮਾਂ ਘਟ ਕੇ 190 ਦਿਨ ਹੋਇਆ

ਸੁਪਰ ਵੀਜ਼ਾ ਦੇ ਮਾਮਲੇ ਵਿਚ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 126 ਦਿਨ ਹੋ ਗਿਆ ਪਰ ਮਾਰਚ ਵਿਚ ਇਨ੍ਹਾਂ ਅਰਜ਼ੀਆਂ ਦੀ ਪ੍ਰੋਸੈਸਿੰਗ 122 ਦਿਨ ਵਿਚ ਕੀਤੀ ਜਾ ਰਹੀ ਸੀ। ਵਰਕ ਪਰਮਿਟ ਦੇ ਮਾਮਲੇ ਵਿਚ ਪਾਕਿਸਤਾਨ ਤੋਂ ਆ ਰਹੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ 26 ਹਫ਼ਤੇ ਵਿਚ ਕੀਤੀ ਜਾ ਰਹੀ ਹੈ ਅਤੇ ਮਾਰਚ ਦੇ ਮੁਕਾਬਲੇ ਪ੍ਰੋਸੈਸਿੰਗ ਸਮੇਂ ਵਿਚ ਤਿੰਨ ਹਫ਼ਤੇ ਦੀ ਕਮੀ ਆਈ ਹੈ। ਉਧਰ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਨਿਪਟਾਰਾ ਸੱਤ ਹਫ਼ਤੇ ਦੇ ਅੰਦਰ ਕੀਤਾ ਜਾ ਰਿਹਾ ਹੈ। ਕੈਨੇਡਾ ਵਾਲਿਆਂ ਨੇ ਖੁਦ ਦਫ਼ਤਰ ਜਾ ਕੇ ਪਾਸਪੋਰਟ ਹਾਸਲ ਕਰਨਾ ਹੋਵੇ ਤਾਂ ਇਸ ਪ੍ਰਕਿਰਿਆ ਵਿਚ ਸਿਰਫ਼ 10 ਦਿਨ ਦਾ ਸਮਾਂ ਲੱਗ ਰਿਹਾ ਹੈ ਜਦਕਿ ਡਾਕ ਰਾਹੀਂ ਪਾਸਪੋਰਟ ਤਿਆਰ ਕਰਵਾਉਣ ਦਾ ਸਮਾਂ 20 ਦਿਨ ਦੱਸਿਆ ਗਿਆ ਹੈ।

Tags:    

Similar News