Canada : ਹਥਿਆਰਬੰਦ ਲੁੱਟ ਦੇ ਮਾਮਲੇ ਵਿਚ 2 Indian ਕਾਬੂ
ਕੈਨੇਡਾ ਦੇ ਸਟੋਰਾਂ ’ਤੇ ਡਾਕੇ ਮਾਰਨ ਵਾਲੇ ਦੋ ਜਣਿਆਂ ਦੀ ਕਥਿਤ ਸ਼ਨਾਖ਼ਤ 22 ਸਾਲ ਦੇ ਵਨੁਸ਼ ਪ੍ਰਾਸ਼ਰ ਅਤੇ 27 ਸਾਲ ਦੇ ਗੁਰਲੀਨ ਸਿੰਘ ਵਜੋਂ ਕੀਤੀ ਗਈ ਹੈ
ਸਸਕਾਟੂਨ : ਕੈਨੇਡਾ ਦੇ ਸਟੋਰਾਂ ’ਤੇ ਡਾਕੇ ਮਾਰਨ ਵਾਲੇ ਦੋ ਜਣਿਆਂ ਦੀ ਕਥਿਤ ਸ਼ਨਾਖ਼ਤ 22 ਸਾਲ ਦੇ ਵਨੁਸ਼ ਪ੍ਰਾਸ਼ਰ ਅਤੇ 27 ਸਾਲ ਦੇ ਗੁਰਲੀਨ ਸਿੰਘ ਵਜੋਂ ਕੀਤੀ ਗਈ ਹੈ। ਸਸਕਾਟੂਨ ਪੁਲਿਸ ਅਤੇ ਮੂਜ਼ ਜਾਅ ਪੁਲਿਸ ਵੱਲੋਂ ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਬਾਰੇ ਸਾਂਝੇ ਤੌਰ ’ਤੇ ਕੀਤੀ ਗਈ ਪੜਤਾਲ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਸ਼ੱਕੀਆਂ ਦੀ ਪੈੜ ਨੱਪੀ ਗਈ। ਲੁੱਟ ਦੀ ਆਖਰੀ ਵਾਰਦਾਤ 4 ਦਸੰਬਰ 2025 ਨੂੰ ਮੂਜ਼ ਜਾਅ ਦੇ ਵੁਡ ਲਿਲੀ ਡਰਾਈਵ ਇਲਾਕੇ ਵਿਚ ਵਾਪਰੀ ਅਤੇ ਪੁਲਿਸ ਨੇ ਦੋਹਾਂ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ।
ਵਨੁਸ਼ ਪ੍ਰਾਸ਼ਰ ਅਤੇ ਗੁਰਲੀਨ ਸਿੰਘ ਵਜੋਂ ਕੀਤੀ ਗਈ ਸ਼ਨਾਖ਼ਤ
ਸਮੇਂ ਦੇ ਨਾਲ-ਨਾਲ ਸ਼ੱਕੀਆਂ ਬਾਰੇ ਜਾਣਕਾਰੀ ਇਕੱਤਰ ਹੋਣ ਲੱਗੀ ਅਤੇ ਆਖਰਕਾਰ ਵਨੁਸ਼ ਪ੍ਰਾਸ਼ਰ ਤੇ ਗੁਰਲੀਨ ਸਿੰਘ ਨੂੰ ਸਸਕਾਟੂਨ ਤੋਂ ਕਾਬੂ ਕਰ ਲਿਆ ਗਿਆ। ਦੋਹਾਂ ਵਿਰੁੱਧ ਹਥਿਆਰਬੰਦ ਲੁੱਟ ਅੰਜਾਮ ਦੇਣ ਅਤੇ ਭੇਖ ਬਦਲਣ ਦੇ ਦੋਸ਼ ਆਇਦ ਕੀਤੇ ਗਏ ਹਨ। ਮੂਜ਼ ਜਾਅ ਦੀ ਪ੍ਰੋਵਿਨਸ਼ੀਅਲ ਕੋਰਟ ਵਿਚ 5 ਜਨਵਰੀ ਨੂੰ ਗੁਰਲੀਨ ਸਿੰਘ ਨੂੰ ਪੇਸ਼ ਕੀਤਾ ਗਿਆ ਜਦਕਿ ਵਨੁਸ਼ ਪ੍ਰਾਸ਼ਰ ਦੀ ਪੇਸ਼ ਅੱਜ ਹੋਣੀ ਹੈ। ਦੱਸ ਦੇਈਏ ਕਿ ਸਸਕੈਚਵਨ ਸੂਬੇ ਵਿਚ ਹਿੰਸਕ ਅਪਰਾਧਾਂ ਦੀ ਦਰ ਕੈਨੇਡਾ ਦੀ ਕੌਮੀ ਔਸਤ ਤੋਂ ਕਿਤੇ ਜ਼ਿਆਦਾ ਬਣਦੀ ਹੈ। ਕੈਨੇਡਾ ਵਿਚ ਇਕ ਲੱਖ ਦੀ ਵਸੋਂ ਪਿੱਛੇ 1,042 ਹਿੰਸਕ ਅਪਰਾਧ ਹੁੰਦੇ ਹਨ ਪਰ ਸਸਕੈਚਵਨ ਵਿਚ ਇਹ ਅੰਕੜਾ 1,863 ਬਣਦਾ ਹੈ।