ਬਰੈਂਪਟਨ: ਨਾਟਕ ਰਾਹੀਂ ਦਰਸਾਈ 35 ਵਰਿ੍ਹਆਂ ਬਾਅਦ ਪੰਜਾਬ ਪਰਤੇ ਭਰਾ ਦੀ ਕਹਾਣੀ

ਡਾ. ਚਰਨਦਾਸ ਸਿੱਧੂ ਦਾ ਲਿਖਿਆ ਨਾਟਕ 'ਹੌਂਸਲਾ ਵਤਨਾਂ ਵੱਲ ਫੇਰਾ

Update: 2024-10-22 16:21 GMT

21 ਅਕਤੂਬਰ, ਬਰੈਂਪਟਨ (ਗੁਰਜੀਤ ਕੌਰ)- ਬਰੈਂਪਟਨ 'ਚ ਬੀਤੇ ਦਿਨੀਂ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵੱਲੋਂ ਨਾਟਕ 'ਹੌਂਸਲਾ ਵਤਨਾਂ ਵੱਲ ਫੇਰਾ' ਕਰਵਾਇਆ ਗਿਆ। ਪਿਛਲੇ 32 ਸਾਲਾਂ ਤੋਂ ਇਹ ਐਸੋਸੀਏਸ਼ਨ ਵੱਖ-ਵੱਖ ਕਹਾਣੀਆਂ ਨਾਟਕਾਂ ਰਾਹੀਂ ਲੋਕਾਂ ਨਾਲ ਸਾਂਝੀਆਂ ਕਰਦੇ ਆ ਰਹੇ ਹਨ। 'ਹੌਂਸਲਾ ਵਤਨਾਂ ਵੱਲ ਫੇਰਾ' ਨਾਟਕ ਡਾਕਟਰ ਚਰਨਦਾਸ ਸਿੱਧੂ ਵੱਲੋਂ ਲਿਖੀ ਹੋਈ ਕਹਾਣੀ ਹੈ ਅਤੇ ਇਸ ਨੂੰ ਸਰਬਜੀਤ ਸਿੰਘ ਅਰੋੜਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਨਾਟਕ ਦੀ ਕਹਾਣੀ ਰੀਵਰਸ ਮਾਈਗ੍ਰੇਸ਼ਨ ਨਾਲ ਸਬੰਧਿਤ ਹੈ ਅਤੇ ਪੰਜਾਬ 'ਚ ਵਾਪਸ ਆ ਕੇ ਦੋ ਚਚੇਰੇ ਭਰਾਵਾਂ ਦੀ ਕਹਾਣੀ ਹੈ। ਵਿਦੇਸ਼ਾਂ 'ਚ ਬੈਠੇ ਲੋਕ ਪੰਜਾਬ ਦੀ ਭਲਾਈ ਲਈ ਅਨੇਕਾਂ ਯਤਨ ਕਰਨਾ ਚਾਹੁੰਦੇ ਪਰ ਪੰਜਾਬ 'ਚ ਭ੍ਰਿਸ਼ਟਾਚਾਰ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਦਾ। ਇਹੀ ਸਭ ਕੁੱਝ ਨਾਟਕ 'ਚ ਦਰਸਾਇਆ ਗਿਆ। 'ਹੌਂਸਲਾ ਵਤਨਾਂ ਵੱਲ ਫੇਰਾ' ਨਾਟਕ 'ਚ ਕੁੱਲ 13 ਕਲਾਕਾਰਾਂ ਵੱਲੋਂ ਵੱਖ-ਵੱਖ ਕਿਰਦਾਰ ਨਿਭਾਏ ਗਏ। ਸਿੰਗਰ ਹੁਸੈਨ ਅਕਬਰ ਵੀ ਨਾਟਕ ਦਾ ਹਿੱਸਾ ਸਨ। ਨਾਟਕ 'ਚ ਹਰ ਇੱਕ ਸੀਨ ਖਤਮ ਹੋਣ ਤੋਂ ਬਾਅਦ ਸਿੰਗਰ ਹੁਸੈਨ ਅਕਬਰ ਵੱਲੋਂ ਗੀਤ ਗਾਇਆ ਜਾਂਦਾ ਸੀ ਅਤੇ ਉਨ੍ਹਾਂ ਦਾ ਸਾਥ ਵਿਸ਼ਾਲ ਬੇਦੀ ਫਲੂਟ ਬਜਾ ਕੇ ਦੇ ਰਹੇ ਸਨ।

ਇਹ ਨਾਟਕ ਦੇਖਣ ਲਈ ਬਹੁਤ ਸਾਰੇ ਲੋਕ ਪਹੁੰਚੇ, ਇੱਥੋਂ ਤੱਕ ਕਿ ਬਰੈਂਪਟਨ ਨੌਰਥ ਤੋਂ ਐੱਮਪੀ ਰੂਬੀ ਸਹੋਤਾ ਵੀ ਪਹੁੰਚੇ। ਐੱਮਪੀ ਸਹੋਤਾ ਨੇ ਕਿਹਾ ਕਿ ਬਹੁਤ ਚੰਗਾ ਨਾਟਕ ਹੈ ਅਤੇ ਕਲਾਕਾਰਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਾਟਕਾਂ ਰਾਹੀਂ ਛੋਟੇ ਕਲਾਕਾਰਾਂ ਨੂੰ ਵੀ ਅੱਗੇ ਵੱਧਣ ਦਾ ਮੌਕਾ ਮਿਲਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਦੇ ਪ੍ਰਧਾਨ ਬਲਜਿੰਦਰ ਲਾਲਨਾ ਨੇ ਕਿਹਾ ਕਿ ਸਾਡੇ ਸਾਰੇ ਕਲਾਕਾਰਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ ਅਤੇ ਇਸੇ ਕਾਰਨ ਹੀ ਇਹ ਨਾਟਕ ਸਫਲ ਹੋ ਸਕਿਆ ਹੈ। ਨਾਟਕ ਦੇਖਣ ਪਹੁੰਚੇ ਦਰਸ਼ਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਾਟਕ ਬਹੁਤ ਪਸੰਦ ਆਇਆ ਹੈ। ਇਸ ਕਹਾਣੀ ਉੱਪਰ ਫਿਲਮ ਵੀ ਜ਼ਰੂਰ ਬਣਨੀ ਚਾਹੀਦੀ ਹੈ। ਦਰਸ਼ਕਾਂ ਨੇ ਕਿਹਾ ਕਿ ਸਾਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਕੋਈ ਨਾਟਕ ਦੇਖ ਰਹੇ ਹਾਂ, ਸਾਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਅਸਲੀਅਤ 'ਚ ਇਸ ਤਰ੍ਹਾਂ ਹੋ ਰਿਹਾ ਹੈ ਕਿਉਂਕਿ ਅਜੇ ਵੀ ਪੰਜਾਬ ਦੇ ਕਈ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਦਰਸ਼ਕਾਂ ਨੂੰ ਨਾਟਕ ਦਾ ਸੈੱਟ-ਅੱਪ, ਲਾਈਟਿੰਗ, ਮਿਊਜ਼ਿਕ, ਕਲਾਕਾਰਾਂ ਦੀ ਐਕਟਿੰਗ ਸਭ ਕੁੱਝ ਬਹੁਤ ਵਧੀਆ ਲੱਗਿਆ।

Tags:    

Similar News