ਬਰੈਂਪਟਨ-ਮਿਸੀਸਾਗਾ ’ਚ 911 ’ਤੇ ਕਾਲ ਕਰਨ ਵਾਲਿਆਂ ਦਾ ਉਡੀਕ ਸਮਾਂ 78 ਫੀ ਸਦੀ ਘਟਿਆ
ਬਰੈਂਪਟਨ ਅਤੇ ਮਿਸੀਸਾਗਾ ਵਿਖੇ 911 ’ਤੇ ਕਾਲ ਕਰਨ ਵਾਲਿਆਂ ਦੇ ਉਡੀਕ ਸਮੇਂ ਵਿਚ 78 ਫੀ ਸਦੀ ਕਮੀ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।;
ਬਰੈਂਪਟਨ : ਬਰੈਂਪਟਨ ਅਤੇ ਮਿਸੀਸਾਗਾ ਵਿਖੇ 911 ’ਤੇ ਕਾਲ ਕਰਨ ਵਾਲਿਆਂ ਦੇ ਉਡੀਕ ਸਮੇਂ ਵਿਚ 78 ਫੀ ਸਦੀ ਕਮੀ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੇਅਰ ਪੈਟ੍ਰਿਕ ਬ੍ਰਾਊਨ ਨੇ ਦੱਸਿਆ ਕਿ ਨੈਕਸਟ ਜੈਨਰੇਸ਼ਨ 911 ਦੀ ਸ਼ੁਰੂਆਤ 21 ਫਰਵਰੀ ਨੂੰ ਕੀਤੀ ਗਈ ਅਤੇ ਇਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਨਵੀਂ ਤਕਨੀਕ ਰਾਹੀਂ ਜਿਥੇ 911 ਦੀ ਦੁਰਵਰਤੋਂ ਰੋਕਣ ਵਿਚ ਮਦਦ ਮਿਲੀ ਹੈ, ਉਥੇ ਹੀ 15 ਸੈਕਿੰਡ ਦੇ ਅੰਦਰ ਜਵਾਬ ਹਾਸਲ ਕਰਨ ਵਾਲੀਆਂ ਕਾਲਜ਼ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 92 ਫੀ ਸਦੀ ਵਧ ਗਈ। ਹੁਣ 911 ’ਤੇ ਕਾਲ ਕਰਨ ਵਾਲਿਆਂ ਦਾ ਔਸਤ ਉਡੀਕ ਸਮਾਂ ਸਿਰਫ 14 ਸੈਕਿੰਡ ਰਹਿ ਗਿਆ ਹੈ।
ਨੈਕਸਟ ਜੈਨਰੇਸ਼ਨ 911 ਨਾਲ ਹਾਸਲ ਹੋਈ ਸਫ਼ਲਤਾ
ਪੀਲ ਪੁਲਿਸ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਔਸਤ ਉਡੀਕ ਸਮੇਂ ਵਿਚ ਕਮੀ ਦੇਖ ਕੇ ਬੇਹੱਦ ਤਸੱਲੀ ਮਿਲਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿਚ ਨੈਕਸਟ ਜੈਨਰੇਸ਼ਨ 911 ਲਾਗੂ ਕਰਨ ਵਾਲਾ ਪੀਲ ਰੀਜਨ ਮੁਲਕ ਦਾ ਪਹਿਲਾ ਇਲਾਕਾ ਹੈ। ਇਸੇ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਪੀਲ ਰੀਜਨ ਵਿਚ 911 ਦਾ ਸੰਕਟ ਖਤਮ ਹੋ ਚੁੱਕਾ ਹੈ। ਨਵੀਂ ਤਕਨੀਕ ਰਾਹੀਂ ਉਡੀਕ ਸਮੇਂ ਵਿਚ 78 ਫੀ ਸਦੀ ਕਮੀ ਦਰਸਾਉਂਦੀ ਹੈ ਕਿ ਅਸੀਂ ਸਹੀ ਰਾਹ ’ਤੇ ਜਾ ਰਹੇ ਹਾਂ ਪਰ ਇਸ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪੀਲ ਰੀਜਨਲ ਕੌਂਸਲ ਵੱਲੋਂ 911 ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਹੁਣ ਨੈਕਸਟ ਜੈਨਰੇਸ਼ਨ 911 ਰਾਹੀਂ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਗਈ ਹੈ। 911 ’ਤੇ ਬੇਵਜ੍ਹਾ ਆਉਣ ਵਾਲੀਆਂ ਕਾਲਾਂ ਦੀ ਗਿਣਤੀ ਵਿਚ 30 ਫੀ ਸਦੀ ਕਮੀ ਆਈ ਹੈ ਅਤੇ ਲੋਕਾਂ ਨੂੰ ਕਈ ਮਿੰਟ ਫੋਨ ਲੈ ਕੇ ਬੈਠਣਾ ਨਹੀਂ ਪੈਂਦਾ।