ਬਰੈਂਪਟਨ : ਸੁਖਦੇਵ ਸਿੰਘ ਦੀ ਟੈਕਸੀ ’ਚ ਸਫ਼ਰ ਕਰ ਰਹੀ ਔਰਤ ਨੇ ਵੀ ਦਮ ਤੋੜਿਆ
ਬਰੈਂਪਟਨ ਵਿਖੇ ਬੀਤੇ ਸ਼ਨਿੱਚਰਵਾਰ ਨੂੰ ਵਾਪਰੇ ਹੌਲਨਾਕ ਹਾਦਸੇ ਦੌਰਾਨ ਸੁਖਦੇਵ ਸਿੰਘ ਦੀ ਟੈਕਸੀ ਵਿਚ ਸਫ਼ਰ ਕਰ ਰਹੀ ਔਰਤ ਨੇ ਵੀ ਹਸਪਤਾਲ ਵਿਚ ਦਮ ਤੋੜ ਦਿਤਾ
ਬਰੈਂਪਟਨ : ਬਰੈਂਪਟਨ ਵਿਖੇ ਬੀਤੇ ਸ਼ਨਿੱਚਰਵਾਰ ਨੂੰ ਵਾਪਰੇ ਹੌਲਨਾਕ ਹਾਦਸੇ ਦੌਰਾਨ ਸੁਖਦੇਵ ਸਿੰਘ ਦੀ ਟੈਕਸੀ ਵਿਚ ਸਫ਼ਰ ਕਰ ਰਹੀ ਔਰਤ ਨੇ ਵੀ ਹਸਪਤਾਲ ਵਿਚ ਦਮ ਤੋੜ ਦਿਤਾ। 20 ਸਾਲਾ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਕੁਈਨ ਸਟ੍ਰੀਟ ਅਤੇ ਚਿੰਗਕੂਜ਼ੀ ਰੋਡ ਦੇ ਇੰਟਰਸੈਕਸ਼ਨ ’ਤੇ ਵਾਪਰੇ ਹਾਦਸੇ ਮਗਰੋਂ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੱਲੋਂ ਇਕ ਨਾਬਾਲਗ ਵਿਰੁੱਧ ਖਤਰਨਾਕ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
ਪੀਲ ਪੁਲਿਸ ਵੱਲੋਂ ਨਾਬਾਲਗ ਡਰਾਈਵਰ ਵਿਰੁੱਧ ਦੋਸ਼ ਆਇਦ
ਇਥੇ ਦਸਣਾ ਬਣਦਾ ਹੈ ਕਿ 31 ਸਾਲ ਦਾ ਸੁਖਦੇਵ ਸਿੰਘ ਸ਼ਨਿੱਚਰਵਾਰ ਸਵੇਰੇ ਤਕਰੀਬਨ ਸਵਾ ਚਾਰ ਵਜੇ ਇਕ ਮਹਿਲਾ ਮੁਸਾਫ਼ਰ ਨੂੰ ਉਸ ਦੀ ਮੰਜ਼ਿਲ ਵੱਲ ਲਿਜਾ ਰਿਹਾ ਸੀ ਜਦੋਂ ਇੰਟਰਸੈਕਸ਼ਨ ’ਤੇ ਮੋੜ ਮੁੜਦਿਆਂ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ। ਟੱਕਰ ਮਾਰਨ ਵਾਲੀ ਔਡੀ ਵਿਚ ਸਵਾਰ ਤਿੰਨ ਜਣਿਆਂ ਨੂੰ ਕੋਈ ਗੰਭੀਰ ਸੱਟ ਨਾ ਵੱਜੀ ਅਤੇ ਹੁਣ ਜ਼ਖਮੀ ਔਰਤ ਦੀ ਮੌਤ ਮਗਰੋਂ ਪੁਲਿਸ ਨੇ ਦੋਸ਼ ਆਇਦ ਕਰ ਦਿਤੇ। ਉਧਰ ਸੁਖਦੇਵ ਸਿੰਘ ਦੇ ਦੋਸਤ ਦਿਲਰਾਜ ਸਿੰਘ ਨੇ ਦੱਸਿਆ ਕਿ ਔਡੀ ਵਿਚ ਸਵਾਰ ਅੱਲ੍ਹੜਾਂ ਵੱਲੋਂ ਲਾਲ ਬੱਤੀ ਦੀ ਉਲੰਘਣਾ ਅਤੇ ਓਵਰਸਪੀਡਿੰਗ ਕਾਰਨ ਹਾਦਸਾ ਵਾਪਰਿਆ। ਸੁਖਦੇਵ ਸਿੰਘ ਉਰਫ਼ ਜੇ.ਪੀ. ਆਪਣੇ ਪਿੱਛੇ ਪਤਨੀ ਅਤੇ ਤਿੰਨ ਮਹੀਨੇ ਦੀ ਬੱਚੀ ਛੱਡ ਗਿਆ ਹੈ।