ਜ਼ਮੀਨ-ਜਾਇਦਾਦ ਦੀ ਵਿਕਰੀ ਰਾਹੀਂ ਮੁਨਾਫੇ ’ਤੇ ਟੈਕਸ ਵਧਾਉਂਦਾ ਬਿਲ ਪਾਸ

ਕੰਜ਼ਰਵੇਟਿਵ ਪਾਰਟੀ ਵੱਲੋਂ ਕੈਪੀਟਲ ਗੇਨਜ਼ ਟੈਕਸ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਘੱਟ ਗਿਣਤੀ ਲਿਬਰਲ ਸਰਕਾਰ ਐਨ.ਡੀ.ਪੀ. ਅਤੇ ਬਲੌਕ ਕਿਊਬੈਕ ਦੀ ਮਦਦ ਨਾਲ ਬਿਲ ਪਾਸ ਕਰਵਾਉਣ ਵਿਚ ਸਫਲ ਰਹੀ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਦੋਸ਼ ਲਾਇਆ ਕਿ ਟਰੂਡੋ ਸਰਕਾਰ ਡਾਕਟਰਾਂ ’ਤੇ ਟੈਕਸ ਲਾ ਰਹੀ ਹੈ ਜਦੋਂ ਮੁਲਕ ਵਿਚ ਡਾਕਟਰਾਂ ਦੀ ਕਮੀ ਹੈ ਅਤੇ ਹੋਮਬਿਲਡਰਜ਼ ’ਤੇ ਟੈਕਸ ਲਾਇਆ ਜਾ ਰਿਹਾ ਹੈ ਜਦੋਂ ਮੁਲਕ ਵਿਚ ਮਕਾਨਾਂ ਦੀ ਵੱਡੀ ਕਿੱਲਤ ਹੈ।;

Update: 2024-06-12 09:54 GMT

ਔਟਵਾ : ਕੰਜ਼ਰਵੇਟਿਵ ਪਾਰਟੀ ਵੱਲੋਂ ਕੈਪੀਟਲ ਗੇਨਜ਼ ਟੈਕਸ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਘੱਟ ਗਿਣਤੀ ਲਿਬਰਲ ਸਰਕਾਰ ਐਨ.ਡੀ.ਪੀ. ਅਤੇ ਬਲੌਕ ਕਿਊਬੈਕ ਦੀ ਮਦਦ ਨਾਲ ਬਿਲ ਪਾਸ ਕਰਵਾਉਣ ਵਿਚ ਸਫਲ ਰਹੀ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਦੋਸ਼ ਲਾਇਆ ਕਿ ਟਰੂਡੋ ਸਰਕਾਰ ਡਾਕਟਰਾਂ ’ਤੇ ਟੈਕਸ ਲਾ ਰਹੀ ਹੈ ਜਦੋਂ ਮੁਲਕ ਵਿਚ ਡਾਕਟਰਾਂ ਦੀ ਕਮੀ ਹੈ ਅਤੇ ਹੋਮਬਿਲਡਰਜ਼ ’ਤੇ ਟੈਕਸ ਲਾਇਆ ਜਾ ਰਿਹਾ ਹੈ ਜਦੋਂ ਮੁਲਕ ਵਿਚ ਮਕਾਨਾਂ ਦੀ ਵੱਡੀ ਕਿੱਲਤ ਹੈ।

ਕਿਸਾਨ ਵੀ ਬਖਸ਼ੇ ਨਹੀਂ ਜਾ ਰਹੇ ਜਦੋਂ ਸਾਡੇ ਸਾਹਮਣੇ ਖੁਰਾਕ ਸੰਕਟ ਹੈ ਅਤੇ ਛੋਟੇ ਕਾਰੋਬਾਰੀ ਵੀ ਘੇਰੇ ਵਿਚ ਲਿਆਂਦੇ ਗਏ ਹਨ। ਉਨ੍ਹਾਂ ਅੱਗੇ ਕਿਹਾ, ‘‘ਸਭ ਤੋਂ ਵੱਡੀ ਖਬਰ ਇਹ ਹੈ ਕਿ ਜੇ ਤੁਸੀਂ ਕਰੋੜਪਤੀ ਹੋ ਤਾਂ ਤੁਹਾਨੂੰ ਇਹ ਟੈਕਸ ਦੇਣ ਦੀ ਕੋਈ ਲੋੜ ਨਹੀਂ। ਪ੍ਰਧਾਨ ਮੰਤਰੀ ਵੱਲੋਂ ਅਮੀਰਾਂ ਨੂੰ ਆਪਣੀ ਜਾਇਦਾਦ ਵੇਚਣ ਅਤੇ ਪੈਸਾ ਕੈਨੇਡਾ ਤੋਂ ਬਾਹਰ ਭੇਜਣ ਲਈ ਦੋ ਮਹੀਨੇ ਦਾ ਸਮਾਂ ਦਿਤਾ ਗਿਆ ਹੈ।’’ ਪਿਅਰੇ ਪੌਇਲੀਐਵ ਨੇ ਦੱਸਿਆ ਕਿ ਕੰਜ਼ਰਵੇਟਿਵ ਸਰਕਾਰ ਬਣਨ ਦੀ ਸੂਰਤ ਵਿਚ 60 ਦਿਨ ਦੇ ਅੰਦਰ ਟੈਕਸ ਸੁਧਾਰਾਂ ਬਾਰੇ ਟਾਸਕ ਫੋਰਸ ਗਠਤ ਕੀਤੀ ਜਾਵੇਗੀ ਅਤੇ ਟੈਕਸ ਦਰਾਂ ਘਟਾਈਆਂ ਜਾਣਗੀਆਂ। ਉਨ੍ਹਾਂ ਵਾਅਦਾ ਕੀਤਾ ਕਿ ਕੰਜ਼ਰਵੇਟਿਵ ਸਰਕਾਰ ਨਾ ਸਿਰਫ ਟੈਕਸ ਨਿਯਮਾਂ ਨੂੰ ਸੁਖਾਲਾ ਬਣਾਵੇਗੀ ਸਗਰੋਂ ਗਰੀਬਾਂ ਅਤੇ ਮੱਧ ਵਰਗੀ ਪਰਵਾਰਾਂ ’ਤੇ ਟੈਕਸਾਂ ਦਾ ਬੋਝ ਘਟਾਇਆ ਜਾਵੇਗਾ।

ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਮੋਟੀਆਂ ਰਕਮਾਂ ਜਮ੍ਹਾਂ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਿਉਂ ਹੀ ਵਿਰੋਧੀ ਧਿਰ ਦੇ ਆਗੂ ਨੇ ਆਪਣੀ ਗੱਲ ਖਤਮ ਕੀਤੀ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੇ ਅਮੀਰਾਂ ਦੇ ਹੱਕ ਵਿਚ ਵੋਟ ਪਾਉਂਦਿਆਂ ਆਪਣੇ ਦਿਲ ਦੀ ਗੱਲ ਸਾਫ ਕਰ ਦਿਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਮੁਲਕ ਦੇ ਅਮੀਰਾਂ ਵੱਲੋਂ ਕਮਾਏ ਜਾਣ ਵਾਲੇ ਮੁਨਾਫੇ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰ ਰਹੀ ਹੈ ਜਦਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਲਿਬਰਲ ਪਾਰਟੀ ਨੇ ਦਾਅਵਾ ਕੀਤਾ ਕਿ ਜ਼ਮੀਨ ਜਾਇਦਾਦ ਵਿਕਰੀ ਜਾਂ ਸ਼ੇਅਰ ਬਾਜ਼ਾਰ ਰਾਹੀਂ ਹੋਣ ਵਾਲੇ ਮੁਨਾਫੇ ਉਤੇ ਵਧਾਇਆ ਜਾ ਰਿਹਾ ਟੈਕਸ ਕੈਨੇਡਾ ਦੇ ਸਿਰਫ 50 ਹਜ਼ਾਰ ਅਮੀਰਾਂ ਅਤੇ ਤਕਰੀਬਨ 12 ਫੀ ਸਦੀ ਕਾਰਪੋਰੇਸ਼ਨਾਂ ਨੂੰ ਪ੍ਰਭਾਵਤ ਕਰੇਗਾ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਅੱਜ ਮੁਲਕ ਦੇ ਲੋਕਾਂ ਵਾਸਤੇ ਅਹਿਮ ਦਿਨ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਪਲੰਬਰਜ਼, ਵੈਲਡਰਜ਼, ਟੀਚਰਜ਼ ਜਾਂ ਨਰਸਿਜ਼ ਦੇ ਹੱਕ ਵਿਚ ਖੜ੍ਹੇ ਹੋਣ ਦੀ ਬਜਾਏ ਕਰੋੜ ਪਤੀਆਂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ।

Tags:    

Similar News