ਬਰੈਂਪਟਨ ਅਤੇ ਮਿਸੀਸਾਗਾ ’ਚ ਧਾਰਮਿਕ ਥਾਵਾਂ ਨੇੜੇ ਮੁਜ਼ਾਹਰਿਆਂ ’ਤੇ ਪਾਬੰਦੀ

ਬਰੈਂਪਟਨ ਅਤੇ ਮਿਸੀਸਾਗਾ ਵਿਖੇ ਧਾਰਮਿਕ ਥਾਵਾਂ ਦੇ 100 ਮੀਟਰ ਦੇ ਘੇਰੇ ਵਿਚ ਕੋਈ ਰੋਸ ਵਿਖਾਵਾ ਨਹੀਂ ਕੀਤਾ ਜਾ ਸਕੇਗਾ ਅਤੇ ਅਜਿਹਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਦੇ ਹਨ।

Update: 2024-11-14 11:57 GMT

ਬਰੈਂਪਟਨ : ਬਰੈਂਪਟਨ ਅਤੇ ਮਿਸੀਸਾਗਾ ਵਿਖੇ ਧਾਰਮਿਕ ਥਾਵਾਂ ਦੇ 100 ਮੀਟਰ ਦੇ ਘੇਰੇ ਵਿਚ ਕੋਈ ਰੋਸ ਵਿਖਾਵਾ ਨਹੀਂ ਕੀਤਾ ਜਾ ਸਕੇਗਾ ਅਤੇ ਅਜਿਹਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਦੇ ਹਨ। 16 ਅਤੇ17 ਨਵੰਬਰ ਨੂੰ ਦੋਹਾਂ ਸ਼ਹਿਰਾਂ ਵਿਚ ਮੰਦਰਾਂ ਦੇ ਬਾਹਰ ਰੋਸ ਵਿਖਾਵੇ ਦਾ ਐਲਾਨ ਸਾਹਮਣੇ ਆਉਣ ਮਗਰੋਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਮਿਸੀਸਾਗਾ ਦੀ ਮੇਅਰ ਕੈਰੋਲਿਨ ਪੈਰਿਸ਼ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਬਰੈਂਪਟਨ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਪੇਸ਼ ਮਤੇ ਨੂੰ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿਤੀ। ਦੂਜੇ ਪਾਸੇ ਮਿਸੀਸਾਗਾ ਸਿਟੀ ਕੌਂਸਲ ਦੀ ਮੀਟਿੰਗ ਵਿਚ ਕੌਂਸਲਰ ਦੀਪਿਕ ਦਮੇਰਲਾ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਅਤੇ ਕੌਂਸਲਰ ਨੈਟਲੀ ਹਾਰਟ ਵੱਲੋਂ ਇਸ ਦੀ ਤਾਈਦ ਕੀਤੀ ਗਈ। ਫਿਲਹਾਲ ਇਹ ਰਿਪੋਰਟ ਭਾਰਤੀ ਮੀਡੀਆ ਵਿਚ ਪ੍ਰਕਾਸ਼ਤ ਹੋਈ ਹੈ ਅਤੇ ਕੈਨੇਡੀਅਨ ਮੀਡੀਆ ਵੱਲੋਂ ਇਸ ਬਾਰੇ ਖੁਲਾਸਾ ਕੀਤਾ ਜਾਣਾ ਬਾਕੀ ਹੈ।

ਦੋਹਾਂ ਸ਼ਹਿਰਾਂ ਦੀਆਂ ਸਿਟੀ ਕੌਂਸਲਾਂ ਨੇ ਪਾਸਤ ਕੀਤੇ ਮਤੇ

ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਧਾਰਮਿਕ ਥਾਵਾਂ, ਸਕੂਲਾਂ, ਚਾਈਲਡ ਕੇਅਰ ਸੈਂਟਰਾਂ ਜਾਂ ਹਸਪਤਾਲਾਂ ਦੇ 100 ਮੀਟਰ ਦਾਇਰੇ ਵਿਚ ਵਿਖਾਵਾ ਕਰਨ ’ਤੇ ਪਾਬੰਦੀ ਲਾਉਂਦਾ ਉਪ ਕਾਨੂੰਨ ਪਾਸ ਵੀ ਕੀਤਾ ਜਾ ਚੁੱਕਾ ਹੈ। ਵੌਅਨ ਦੇ ਮੇਅਰ ਸਟੀਵਨ ਡੈਲ ਡੁਕਾ ਨੇ ਦਾਅਵਾ ਕੀਤਾ ਹੈ ਕਿ ਇਹ ਕਾਨੂੰਨ ਲਾਗੂ ਕਰਨ ਵਾਲਾ ਵੌਅਨ, ਕੈਨੇਡਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਜਥੇਬੰਦੀ ਜਾਂ ਲੋਕਾਂ ਦਾ ਸਮੂਹ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰਨਾ ਚਾਹੁੰਦਾ ਹੈ ਤਾਂ ਕਿਸੇ ਨੂੰ ਵੀ ਜ਼ਬਰਦਸਤੀ ਰੋਕਿਆ ਨਹੀਂ ਜਾਵੇਗਾ। ਸਟੀਵਨ ਡੈਲ ਡੁਕਾ ਨੇ ਅੱਗੇ ਕਿਹਾ ਕਿ ਜੂਨ ਵਿਚ ਨਵਾਂ ਬਾਇਲਾਅ ਲਿਆਂਦੇ ਜਾਣ ਮਗਰੋਂ ਸ਼ਹਿਰ ਵਿਚ ਕੋਈ ਵੱਡਾ ਰੋਸ ਵਿਖਾਵਾ ਨਹੀਂ ਹੋਇਆ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਨਵਾਂ ਬਾਇਲਾਅ ਵਰਤਣ ਦੀ ਕਦੇ ਜ਼ਰੂਰਤ ਹੀ ਨਾ ਪਵੇ। ਦੱਸ ਦੇਈਏ ਕਿ ਔਟਵਾ ਸਿਟੀ ਕੌਂਸਲ ਵੀ ਇਸੇ ਕਿਸਮ ਦੇ ਬਾਇਲਾਅ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਹੀ ਹੈ। 

Tags:    

Similar News