ਉਨਟਾਰੀਓ ਵਿਚ ਸਿਨੇਮਾ ਹਾਲ ’ਤੇ ਮੁੜ ਗੋਲੀਬਾਰੀ

ਕੈਨੇਡਾ ਵਿਚ ਕਾਰੋਬਾਰੀ ਅਦਾਰਿਆਂ ਅਤੇ ਘਰਾਂ ’ਤੇ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ ਅਤੇ ਯਾਰਕ ਰੀਜਨ ਦੇ ਰਿਚਮੰਡ ਹਿਲ ਵਿਖੇ ਸਿਨੇਮਾ ਹਾਲ ’ਤੇ ਗੋਲੀਆਂ ਚਲਾਉਣ ਦੀ ਚੌਥੀ ਵਾਰਦਾਤ ਸਾਹਮਣੇ ਆਈ ਹੈ।

Update: 2024-07-04 11:33 GMT

ਰਿਚਮੰਡ ਹਿਲ : ਕੈਨੇਡਾ ਵਿਚ ਕਾਰੋਬਾਰੀ ਅਦਾਰਿਆਂ ਅਤੇ ਘਰਾਂ ’ਤੇ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ ਅਤੇ ਯਾਰਕ ਰੀਜਨ ਦੇ ਰਿਚਮੰਡ ਹਿਲ ਵਿਖੇ ਸਿਨੇਮਾ ਹਾਲ ’ਤੇ ਗੋਲੀਆਂ ਚਲਾਉਣ ਦੀ ਚੌਥੀ ਵਾਰਦਾਤ ਸਾਹਮਣੇ ਆਈ ਹੈ। ਯਾਰਕ ਰੀਜਨਲ ਪੁਲਿਸ ਨੇ ਵਾਰਦਾਤ ਦੀ ਵੀਡੀਓ ਜਾਰੀ ਕਰਦਿਆਂ ਸ਼ੱਕੀ ਦੀ ਪਛਾਣ ਵਾਸਤੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਈਸਟ ਬੀਵਰ ਕ੍ਰੀਕ ਅਤੇ ਹਾਈਵੇਅ 7 ਇਲਾਕੇ ਵਿਚ 29 ਜੂਨ ਨੂੰ ਵੱਡੇ ਤੜਕੇ ਤਕਰੀਬਨ ਸਵਾ ਤਿੰਨ ਵਜੇ ਵਾਪਰੀ।

ਰਿਚਮੰਡ ਹਿਲ ਵਿਖੇ ਸਾਹਮਣੇ ਆਈ ਚੌਥੀ ਵਾਰਦਾਤ

ਕਾਂਸਟੇਬਲ ਲਿਜ਼ਾ ਮੌਸਕਾਲੁਕ ਨੇ ਕਿਹਾ ਕਿ ਗੋਲੀਆਂ ਚੱਲਣ ਵੇਲੇ ਸਿਨੇਮਾ ਹਾਲ ਬੰਦ ਸੀ ਅਤੇ ਸ਼ੱਕੀਆਂ ਵੱਲੋਂ ਫਰੰਟ ਐਂਟਰੈਂਸ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਉਸ ਵੇਲੇ ਵਾਪਰੀਆਂ ਜਦੋਂ ਸਿਨੇਮਾ ਹਾਲ ਖੁੱਲ੍ਹਾ ਸੀ। ਪੁਲਿਸ ਵੱਲੋਂ ਗੋਲੀਬਾਰੀ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਲਿਜ਼ਾ ਮੌਸਕਾਲੁਕ ਮੁਤਾਬਕ ਗੋਲੀਬਾਰੀ ਦੀ ਹਰ ਵਾਰਦਾਤ ਦੌਰਾਨ ਵੱਖਰੀ ਗੱਡੀ ਦੀ ਵਰਤੋਂ ਕੀਤੀ ਗਈ ਅਤੇ ਪਿਛਲੀਆਂ ਵਾਰਦਾਤਾਂ ਦੌਰਾਨ ਆਰੰਭੀ ਪੜਤਾਲ ਨੂੰ ਹੀ ਅੱਗੇ ਵਧਾਇਆ ਜਾ ਰਿਹਾ ਹੈ। ਤਾਜ਼ਾ ਵਾਰਦਾਤ ਵਿਚ ਨੀਲੇ ਰੰਗ ਦੀ ਗੱਡੀ ਦੇਖੀ ਜਾ ਸਕਦੀ ਹੈ ਜਦਕਿ 24 ਮਈ ਨੂੰ ਸ਼ੱਕੀਆਂ ਵੱਲੋਂ ਗੂੜ੍ਹੇ ਨੀਲੇ ਰੰਗ ਦੀ ਗੱਡੀ ਵਰਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਸੇ ਗੱਡੀ ਦੀ ਵਰਤੋਂ ਟੋਰਾਂਟੋ ਦੇ ਇਕ ਸਿਨੇਮਾ ’ਤੇ ਗੋਲੀਆਂ ਚਲਾਉਣ ਲਈ ਕੀਤੀ ਗਈ। ਰਿਚਮੰਡ ਹਿਲ ਦੇ ਥਿਏਟਰ ਵਿਚ ਗੋਲੀਬਾਰੀ ਦੀ ਪਹਿਲੀ ਵਾਰਦਾਤ 17 ਮਈ ਨੂੰ ਸਾਹਮਣੇ ਆਈ ਜਦਕਿ 19 ਮਈ ਨੂੰ ਦੂਜੀ ਵਾਰ ਗੋਲੀਆਂ ਚੱਲੀਆਂ।

ਸਾਊਥ ਇੰਡੀਅਨ ਫਿਲਮ ਦੀ ਸਕ੍ਰੀਨਿੰਗ ਦੌਰਾਨ ਨਿਸ਼ਾਨਾ ਬਣੇ ਸਨ ਕਈ ਥਿਏਟਰ

ਹੁਣ ਤੱਕ ਚਾਰ ਵਾਰਦਾਤਾਂ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ। ਇਥੇ ਦਸਣਾ ਬਣਦਾ ਹੈ ਕਿ ਇਕ ਸਾਊਥ ਇੰਡੀਅਨ ਫਿਲਮ ਦਿਖਾ ਕੇ ਸਿਨੇਮਾ ਘਰਾਂ ਨੂੰ ਇਸ ਸਾਲ ਜਨਵਰੀ ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਬਰੈਂਪਟਨ, ਸਕਾਰਬ੍ਰੋਅ, ਵੌਅਨ ਅਤੇ ਰਿਚਮੰਡ ਹਿਲ ਦੇ ਸਿਨੇਮਾ ਘਰਾਂ ਵਿਚ ਫਿਲਮ ਪ੍ਰਦਰਸ਼ਤ ਕੀਤੀ ਗਈ। ਐਨੀਆਂ ਵਾਰਦਾਤਾਂ ਮਗਰੋਂ ਸਿਨੇਪਲੈਕਸ ਨੇ ਫਿਲਮ ਦੀ ਮੁੜ ਸਕ੍ਰੀਨਿੰਗ ਬੰਦ ਕਰ ਦਿਤੀ। ਇਨ੍ਹਾਂ ਵਾਰਦਾਤਾਂ ਪੜਤਾਲ ਕਰਦਿਆਂ ਮਾਰਖਮ ਦੇ 27 ਸਾਲ ਨੌਜਵਾਨ ਨੂੰ ਗ੍ਰਿਫ਼ਤਾਰਕੀਤਾ ਗਿਆ ਜਦਕਿ ਕੁਝ ਹਫਤੇ ਬਾਅਦ ਦੂਜੀ ਗ੍ਰਿਫ਼ਤਾਰੀ ਕੀਤੀ ਗਈ। ਯਾਰਕ ਰੀਜਨਲ ਪੁਲਿਸ ਵੱਲੋਂ ਫਿਲਹਾਲ ਜਨਵਰੀ ਮਹੀਨੇ ਦੀਆਂ ਵਾਰਦਾਤਾਂ ਨੂੰ ਹਾਲ ਹੀ ਵਿਚ ਹੋਈਆਂ ਵਾਰਦਾਤਾਂ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।

Tags:    

Similar News