ਬਰੈਂਪਟਨ ਵਿਖੇ ਕਤਲ ਦੇ ਮਾਮਲੇ ਵਿਚ ਇਕ ਹੋਰ ਪੰਜਾਬੀ ਗ੍ਰਿਫ਼ਤਾਰ
ਬਰੈਂਪਟਨ ਵਿਖੇ ਦੋ ਮਹੀਨੇ ਪਹਿਲਾਂ ਹੋਏ ਕਤਲ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਰੈਂਪਟਨ : ਬਰੈਂਪਟਨ ਵਿਖੇ ਦੋ ਮਹੀਨੇ ਪਹਿਲਾਂ ਹੋਏ ਕਤਲ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 21 ਸਾਲ ਦੇ ਮਨਵੀਰ ਖਬਰਾ ਵਿਰੁੱਧ ਮੈਨਸਲੌਟਰ ਦੇ ਦੋਸ਼ ਆਇਦ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਬੀਤੀ 30 ਅਗਸਤ ਨੂੰ ਬਰੈਂਪਟਨ ਦੇ ਮਾਈਲਸਟੋਨ ਡਰਾਈਵ ਇਲਾਕੇ ਵਿਚ ਇਕ ਘਰ ਦੇ ਬਾਹਰ ਖੜ੍ਹੀ ਗੱਡੀ ਵਿਚੋਂ ਇਕ ਸ਼ਖਸ ਦੀ ਲਾਸ਼ ਬਰਾਮਦ ਕੀਤੀ ਗਈ। ਸਬੰਧਤ ਪਰਵਾਰ ਦੇ ਗੁਜ਼ਾਰਿਸ਼ ’ਤੇ ਮਰਨ ਵਾਲੇ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਵਾਰਦਾਤ ਵਾਲੇ ਦਿਨ ਹੀ ਪੁਲਿਸ ਨੇ ਪਰਮਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ।
21 ਸਾਲ ਦੇ ਮਨਵੀਰ ਖਬਰਾ ਵਜੋਂ ਹੋਈ ਸ਼ਨਾਖਤ
ਪਰਮਵੀਰ ਸਿੰਘ ਤੋਂ ਇਲਾਵਾ ਬਰੈਂਪਟਨ ਦੇ ਹੀ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਉਮਰ ਗ੍ਰਿਫ਼ਤਾਰੀ ਵੇਲੇ 18 ਸਾਲ ਤੋਂ ਘੱਟ ਬਣਦੀ ਸੀ ਅਤੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕੀ। ਦੋਹਾਂ ਜਣਿਆਂ ਨੂੰ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਹੌਮੀਸਾਈਡ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3205 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।