ਜਸਟਿਨ ਟਰੂਡੋ ਨੂੰ ਇਕ ਹੋਰ ਵੱਡਾ ਝਟਕਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਜੈਰੇਮੀ ਬਰੌਡਹਰਸਟ ਨੇ ਅਸਤੀਫ਼ਾ ਦੇ ਦਿਤਾ।

Update: 2024-09-06 11:54 GMT

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਜੈਰੇਮੀ ਬਰੌਡਹਰਸਟ ਨੇ ਅਸਤੀਫ਼ਾ ਦੇ ਦਿਤਾ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲਏ ਜਾਣ ਤੋਂ ਸਿਰਫ ਇਕ ਦਿਨ ਬਾਅਦ ਜੈਰੇਮੀ ਬਰੌਡਹਰਸਟ ਦੇ ਅਸਤੀਫੇ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿਤੀ। ਜੈਰੇਮੀ ਵੱਲੋਂ ਭਾਵੇਂ ਆਪਣੇ ਫੈਸਲੇ ਲਈ ਪਰਵਾਰਕ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਮਾਹਰ ਇਹ ਦਲੀਲ ਮੰਨਣ ਨੂੰ ਤਿਆਰ ਨਹੀਂ। 2015 ਵਿਚ ਲਿਬਰਲ ਪਾਰਟੀ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਜੈਰੇਮੀ ਬਰੌਡਹਰਸਟ 2019 ਦੀਆਂ ਚੋਣਾਂ ਦੌਰਾਨ ਵੀ ਕੈਂਪੇਨ ਡਾਇਰੈਕਟਰ ਰਹੇ ਅਤੇ ਇਸ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਦੀ ਸੇਵਾ ਵੀ ਨਿਭਾਈ।

ਲਿਬਰਲ ਪਾਰਟੀ ਦੇ ਕੈਂਪੇਨ ਡਾਇਰੈਕਟਰ ਦਾ ਅਸਤੀਫ਼ਾ

ਪਿਛਲੇ ਸਾਲ ਉਨ੍ਹਾਂ ਨੂੰ ਚੋਣ ਤਿਆਰੀਆਂ ਦੇ ਮੱਦੇਨਜ਼ਰ ਮੁੜ ਪ੍ਰਚਾਰ ਮੁਹਿੰਮ ਦਾ ਡਾਇਰੈਕਟਰ ਥਾਪ ਦਿਤਾ ਗਿਆ। ਅਚਨਚੇਤ ਵਾਪਰੇ ਇਸ ਘਟਨਾਕ੍ਰਮ ਬਾਰੇ ਕੋਈ ਵੀ ਸਪੱਸ਼ਟ ਤੌਰ ’ਤੇ ਗੱਲ ਕਰਨ ਨੂੰ ਤਿਆਰ ਨਹੀਂ। ਵਿਦੇਸ਼ ਮੰਤਰੀ ਮੈਲਨੀ ਜੌਲੀ ਨੂੰ ਜਦੋਂ ਜੈਰੇਮੀ ਦੇ ਅਸਤੀਫ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿਰਫ ਐਨਾ ਕਿਹਾ ਕਿ ਜੈਰੇਮੀ ਦੀ ਵਿਦਾਈ ਇਕ ਨਵੀਂ ਸ਼ੁਰੂਆਤ ਦਾ ਮੌਕਾ ਬਣ ਕੇ ਆਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਲੋਕ, ਨਵੀਂ ਸੋਚ ਲੈ ਕੇ ਆਉਣਗੇ। ਦੂਜੇ ਪਾਸੇ ਜੈਰੇਮੀ ਨੇ ਲਿਬਰਲ ਪਾਰਟੀ ਲਈ ਦਰਵਾਜ਼ੇ ਬਿਲਕੁਲ ਬੰਦ ਨਹੀਂ ਕੀਤੇ ਅਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਲਿਬਰਲ ਪਾਰਟੀ ਵਿਚ ਸ਼ਮੂਲੀਅਤ ਨੂੰ ਖਤਮ ਨਹੀਂ ਕਰਦਾ ਪਰ ਹੋਰਨਾਂ ਵਾਸਤੇ ਰਾਹ ਛੱਡਣ ਅਤੇ ਮਦਦ ਦੇ ਨਵੇਂ ਤਰੀਕੇ ਤਲਾਸ਼ ਕਰਨ ਦਾ ਸਮਾਂ ਆ ਗਿਆ ਹੈ। ਜੈਰੇਮੀ ਦਾ ਅਸਤੀਫ਼ਾ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੇ ਐਲਾਨ ਤੋਂ ਇਕ ਦਿਨ ਬਾਅਦ ਆਇਆ ਹੈ। ਉਧਰ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੀਰਵਾਰ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਲਿਆਂਦੇ ਜਾਣ ’ਤੇ ਲਿਬਰਲ ਪਾਰਟੀ ਦੇ ਵਿਰੁੱਧ ਭੁਗਤਣਗੇ ਤਾਂ ਜਗਮੀਤ ਸਿੰਘ ਨੇ ਆਖਿਆ ਕਿ ਕੈਨੇਡਾ ਵਾਸੀਆਂ ਦੇ ਬਿਹਤਰ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਫੈਸਲਾ ਲਿਆ ਜਾਵੇਗਾ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਜੈਰੇਮੀ ਬਰੌਡਹਰਸਟ ਦੇ ਅਸਤੀਫ਼ੇ ਨਾਲ ਲਿਬਰਲ ਪਾਰਟੀ ਦੀ ਚੋਣ ਰਣਨੀਤੀ ਪ੍ਰਭਾਵਤ ਹੋ ਸਕਦੀ ਹੈ ਪਰ ਇਸ ਤੋਂ ਪਹਿਲਾਂ ਦੋ ਪਾਰਲੀਮਾਨੀ ਹਲਕਿਆਂ ਵਿਚ ਜ਼ਿਮਨੀ ਚੋਣ ਹੋਣੀ ਹੈ। ਵਿੰਨੀਪੈਗ ਦੀ ਸੀਟ ’ਤੇ ਲਿਬਰਲ ਪਾਰਟੀ ਮੁਕਾਬਲੇ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦੀ ਪਰ ਮੌਂਟਰੀਅਲ ਸੀਟ ’ਤੇ ਤਿਕੋਣਾ ਮੁਕਾਬਲਾ ਮਹਿਸੂਸ ਹੋ ਰਿਹਾ ਹੈ। ਸਾਬਕਾ ਨਿਆਂ ਮੰਤਰੀ ਡੇਵਿਡ ਲਾਮੇਟੀ ਦੇ ਅਸਤੀਫ਼ਾ ਮਗਰੋਂ ਖਾਲੀ ਹੋਈ ਲਾਸਾਲ-ਇਮਾਰਡ-ਵਰਡਨ ਸੀਟ 1988 ਤੋਂ 2011 ਤੱਕ ਲਿਬਰਲ ਪਾਰਟੀ ਕੋਲ ਰਹੀ ਅਤੇ 2011 ਵਿਚ ਐਨ.ਡੀ.ਪੀ. ਨੇ ਸੀਟ ਜਿੱਤ ਲਈ ਪਰ 2015 ਵਿਚ ਮੁੜ ਲਿਬਰਲ ਪਾਰਟੀ ਕਾਬਜ਼ ਹੋ ਗਈ ਅਤੇ ਹੁਣ ਤੱਕ ਲਿਬਰਲ ਪਾਰਟੀ ਦਾ ਹੀ ਦਬਦਬਾ ਰਿਹਾ। ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਿਨ ਵੀ ਇਸੇ ਸੀਟ ਤੋਂ ਐਮ.ਪੀ. ਰਹੇ ਪਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ਦਾ ਨਤੀਜਾ ਸਭ ਜਾਣਦੇ ਹਨ ਜੋ ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਸੀ।

Tags:    

Similar News