ਉਨਟਾਰੀਓ ਵਿਚ ਧੜਾ-ਧੜ ਹੋਣ ਲੱਗੇ ਚੋਣਾਂ ਨਾਲ ਸਬੰਧਤ ਐਲਾਨ
ਉਨਟਾਰੀਓ ਵਿਚ ਸਮੇਂ ਪਹਿਲਾਂ ਚੋਣਾਂ ਦਾ ਇਕ ਹੋਰ ਸੰਕੇਤ ਸਾਹਮਣੇ ਆਇਆ ਜਦੋਂ ਲਿਬਰਲ ਆਗੂ ਬੌਨੀ ਕਰੌਂਬੀ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਸੂਬੇ ਦੇ ਲੋਕਾਂ ਨੂੰ ਟੈਕਸ ਕਟੌਤੀਆਂ ਦੇ ਰੂਪ ਵਿਚ 2.8 ਅਰਬ ਡਾਲਰ ਦੀ ਰਾਹਤ ਦਿਤੀ ਜਾਵੇਗੀ।
ਟੋਰਾਂਟੋ : ਉਨਟਾਰੀਓ ਵਿਚ ਸਮੇਂ ਪਹਿਲਾਂ ਚੋਣਾਂ ਦਾ ਇਕ ਹੋਰ ਸੰਕੇਤ ਸਾਹਮਣੇ ਆਇਆ ਜਦੋਂ ਲਿਬਰਲ ਆਗੂ ਬੌਨੀ ਕਰੌਂਬੀ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਸੂਬੇ ਦੇ ਲੋਕਾਂ ਨੂੰ ਟੈਕਸ ਕਟੌਤੀਆਂ ਦੇ ਰੂਪ ਵਿਚ 2.8 ਅਰਬ ਡਾਲਰ ਦੀ ਰਾਹਤ ਦਿਤੀ ਜਾਵੇਗੀ। ਬੌਨੀ ਕਰੌਂਬੀ ਨੇ ਪ੍ਰੀਮੀਅਰ ਡਗ ਫੋਰਡ ਨੂੰ ਘੇਰਦਿਆਂ ਕਿਹਾ ਕਿ ਪੀ.ਸੀ. ਪਾਰਟੀ ਵੱਲੋਂ ਅਜਿਹਾ ਵਾਅਦਾ 2018 ਦੀਆਂ ਚੋਣਾਂ ਵਿਚ ਕੀਤਾ ਗਿਆ ਸੀ ਪਰ ਕਦੇ ਪੂਰਾ ਨਾ ਕੀਤਾ। ਬੌਨੀ ਕਰੌਂਬੀ ਤੋਂ ਪਹਿਲਾਂ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਵੀ ਕਈ ਮੌਕਿਆਂ ’ਤੇ ਚੋਣ ਮਨੋਰਥ ਪੱਤਰ ਵਰਗੇ ਐਲਾਨ ਕਰ ਚੁੱਕੇ ਹਨ ਜਿਨ੍ਹਾਂ ਵਿਚ ਸਸਤੇ ਘਰਾਂ ਦੀ ਉਸਾਰੀ, ਯੂਨੀਵਰਸਲ ਮੈਂਟਲ ਹੈਲਥ ਕੇਅਰ ਅਤੇ ਅਰਜੈਂਟ ਕੇਅਰ ਸੈਂਟਰਜ਼ ਵਿਚ ਸੇਵਾਵਾਂ ਦੀ ਬਹਾਲੀ ਵਰਗੇ ਮੁੱਦੇ ਸ਼ਾਮਲ ਰਹੇ।
ਬੌਨੀ ਕਰੌਂਬੀ ਵੱਲੋਂ 2.8 ਅਰਬ ਡਾਲਰ ਦੀਆਂ ਟੈਕਸ ਰਿਆਇਤਾਂ ਦਾ ਵਾਅਦਾ
ਉਨਟਾਰੀਓ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਜੂਨ 2026 ਵਿਚ ਹੋਣੀਆਂ ਹਨ ਪਰ ਡਗ ਫੋਰਡ 2025 ਦੀ ਬਸੰਤ ਰੁੱਤ ਵਿਚ ਚੋਣਾਂ ਕਰਵਾਉਣ ਦੇ ਇੱਛਕ ਨਜ਼ਰ ਆ ਰਹੇ ਹਨ। ਬੌਨੀ ਕਰੌਂਬੀ ਨੇ ਅੱਗੇ ਕਿਹਾ ਕਿ ਡਗ ਫੋਰਡ ਇਕ ਵਾਰ 200 ਡਾਲਰ ਦਾ ਚੈਕ ਦੇ ਕੇ ਉਸ ਸਮੱਸਿਆ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਜੋ ਖੁਦ ਉਨ੍ਹਾਂ ਨੇ ਪੈਦਾ ਕੀਤੀ ਹੈ। ਲਿਬਰਲ ਆਗੂ ਨੇ ਦੱਸਿਆ ਕਿ 51,446 ਡਾਲਰ ਤੋਂ 75 ਹਜ਼ਾਰ ਡਾਲਰ ਦੀ ਟੈਕਸਯੋਗ ਆਮਦਨ ’ਤੇ ਟੈਕਸ ਦਰਾਂ ਵਿਚ 22 ਫ਼ੀ ਸਦੀ ਤੱਕ ਕਮੀ ਕੀਤੀ ਜਾਵੇਗੀ। ਸਿਰਫ ਐਨਾ ਹੀ ਨਹੀਂ ਹੋਮ ਹੀਟਿੰਗ ਅਤੇ ਹਾਇਡਰੋ ਬਿਲਾਂ ਤੋਂ ਸੇਲਜ਼ ਟੈਕਸ ਹਟਾ ਦਿਤਾ ਜਾਵੇਗਾ ਜਿਸ ਨਾਲ ਆਮ ਲੋਕਾਂ ਨੂੰ 2.8 ਅਰਬ ਡਾਲਰ ਦਾ ਫ਼ਾਇਦਾ ਹੋਵੇਗਾ।