ਸਕੂਲ ਬੱਸ ਨੇ 6 ਸਾਲ ਦਾ ਬੱਚਾ ਦਰੜਿਆ

ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਇਕ ਸਕੂਲ ਬੱਸ ਨੇ 6 ਸਾਲ ਦੇ ਬੱਚੇ ਨੂੰ ਦਰੜ ਦਿਤਾ। ਯਾਰਕ ਰੀਜਨਲ ਪੁਲਿਸ ਹਾਦਸੇ ਦੇ ਕਾਰਨਾਂ ਪੜਤਾਲ ਕਰ ਰਹੀ ਹੈ ਅਤੇ ਫਿਲਹਾਲ ਬੱਸ ਡਰਾਈਵਰ ਵਿਰੁੱਧ ਕੋਈ ਅਪਰਾਧਕ ਦੋਸ਼ ਆਇਦ ਨਹੀਂ ਕੀਤਾ ਗਿਆ।;

Update: 2024-06-20 12:06 GMT

ਟੋਰਾਂਟੋ : ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਇਕ ਸਕੂਲ ਬੱਸ ਨੇ 6 ਸਾਲ ਦੇ ਬੱਚੇ ਨੂੰ ਦਰੜ ਦਿਤਾ। ਯਾਰਕ ਰੀਜਨਲ ਪੁਲਿਸ ਹਾਦਸੇ ਦੇ ਕਾਰਨਾਂ ਪੜਤਾਲ ਕਰ ਰਹੀ ਹੈ ਅਤੇ ਫਿਲਹਾਲ ਬੱਸ ਡਰਾਈਵਰ ਵਿਰੁੱਧ ਕੋਈ ਅਪਰਾਧਕ ਦੋਸ਼ ਆਇਦ ਨਹੀਂ ਕੀਤਾ ਗਿਆ। ਦੂਜੇ ਪਾਸੇ ਹਾਈਵੇਅ 401 ’ਤੇ ਇਕ ਟ੍ਰੈਕਟਰ-ਟ੍ਰੇਲਰ ਬੈਰੀਅਰ ਨਾਲ ਟਕਰਾਉਣ ਮਗਰੋਂ ਅੱਗ ਦੀਆਂ ਲਾਟਾਂ ਵਿਚ ਘਿਰ ਗਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਡਰਾਈਵਰ ਦੀ ਜਾਨ ਬਚ ਗਈ ਪਰ ਹਾਦਸੇ ਦੇ ਮੱਦੇਨਜ਼ਰ ਪੱਛਮ ਵੱਲ ਜਾਣ ਵਾਲੀਆਂ ਲੇਨਜ਼ ਨੂੰ ਕਈ ਘੰਟੇ ਬੰਦ ਰੱਖਣਾ ਪਿਆ। ਸਿਟੀ ਨਿਊਜ਼ ਵੱਲੋਂ ਇਕ ਡੈਸ਼ਕੈਮ ਵੀਡੀਓ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਟਰੱਕ ਦੇ ਬੈਰੀਅਰ ਨਾਲ ਟਕਰਾਉਣ ਕਾਰਨ ਵੱਡਾ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਕਿਸੇ ਹੋਰ ਗੱਡੀ ਦੇ ਹਾਦਸੇ ਵਿਚ ਸ਼ਾਮਲ ਹੋਣ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ।

ਹਾਈਵੇਅ 401 ’ਤੇ ਟ੍ਰੈਕਟਰ ਟ੍ਰੇਲਰ ਨੂੰ ਲੱਗੀ ਅੱਗ

ਅੱਗ ਐਨੀ ਜ਼ੋਰਦਾਰ ਸੀ ਕਿ ਹਾਈਵੇਅ ਦਾ ਵੀ ਨੁਕਸਾਨ ਹੋਇਆ ਹੈ ਅਤੇ ਮੁਰੰਮਤ ਦਾ ਕੰਮ ਜਾਰੀ ਰਿਹਾ। ਉਧਰ ਵੌਅਨ ਦੇ ਕਲੀਨਬਰਗ ਇਲਾਕੇ ਵਿਚ ਵਾਪਰੇ ਦਰਦਨਾਕ ਹਾਦਸੇ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ ਜਦੋਂ ਬੱਸ ਵਿਚ ਸਵਾਰ ਬੱਚਿਆਂ ਦੀਆਂ ਚੀਕਾਂ ਸੁਣੀਆਂ। ਉਹ ਦੌੜ ਕੇ ਸੜਕ ਵੱਲ ਗਿਆ ਜਿਥੇ ਇਕ ਬੱਚਾ ਗੰਭੀਰ ਜ਼ਖਮੀ ਹਾਲਤ ਵਿਚ ਪਿਆ ਸੀ। ਮਹਿਲਾ ਬੱਸ ਡਰਾਈਵਰ ਨੂੰ ਉਦੋਂ ਤੱਕ ਪਤਾ ਹੀ ਨਾ ਲੱਗਾ ਕਿ ਉਸ ਨੇ ਕੀ ਕਰ ਦਿਤਾ ਹੈ। ਇਸੇ ਦੌਰਾਨ ਮੌਕੇ ’ਤੇ ਲੋਕ ਇਕੱਠੇ ਹੋ ਗਏ ਅਤੇ ਸ਼ਿਕਾਇਤ ਕੀਤੀ ਕਿ ਪੁਲਿਸ ਹਾਦਸੇ ਤੋਂ 20 ਮਿੰਟ ਬਾਅਦ ਪੁੱਜੀ। ਹਾਦਸੇ ਵੇਲੇ ਸਕੂਲ ਬੱਸ ਵਿਚ ਪੰਜ ਬੱਚੇ ਸਵਾਰ ਸਨ ਅਤੇ ਜਾਨ ਗਵਾਉਣ ਬੱਚਾ ਸੰਭਾਵਤ ਤੌਰ ’ਤੇ ਬੱਸ ਦੀ ਉਡੀਕ ਕਰ ਰਿਹਾ ਸੀ। ਯਾਰਕ ਰੀਜਨਲ ਪੁਲਿਸ ਦੇ ਕਾਂਸਟੇਬਲ ਜੇਮਜ਼ ਡਿਕਸਨ ਨੇ ਦੱਸਿਆ ਕਿ ਬੱਚਾ ਮੌਕੇ ’ਤੇ ਹੀ ਦਮ ਤੋੜ ਗਿਆ ਅਤੇ ਜਾਨਲੇਵਾ ਹਾਦਸੇ ਲਈ ਜ਼ਿੰਮੇਵਾਰ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਰਹਿੰਦੇ ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਜਾਣਕਾਰੀ ਇਕੱਤਰ ਕੀਤੀ ਗਈ ਹੈ।

Tags:    

Similar News