ਬਰੈਂਪਟਨ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 7 ਪੰਜਾਬੀ ਗ੍ਰਿਫ਼ਤਾਰ
ਬਰੈਂਪਟਨ ਦੇ ਇਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਸੱਤ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ;
ਬਰੈਂਪਟਨ : ਬਰੈਂਪਟਨ ਦੇ ਇਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਸੱਤ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਧਰਮਪ੍ਰੀਤ ਸਿੰਘ, ਮਨਪ੍ਰਤਾਪ ਸਿੰਘ, ਆਤਮਜੀਤ ਸਿੰਘ ਅਤੇ ਅਰਵਿੰਦਰਪਾਲ ਸਿੰਘ ਵਜੋਂ ਕੀਤੀ ਗਈ ਹੈ। ਇਹ ਗ੍ਰਿਫ਼ਤਾਰੀਆਂ ਬਰੈਂਪਟਨ ਦੇ ਵੱਖ ਵੱਖ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 30 ਨਵੰਬਰ 2024 ਨੂੰ ਵੱਡੇ ਤੜਕੇ 2 ਵਜੇ ਤੋਂ ਪਹਿਲਾਂ ਬਰੈਂਪਟਨ ਦੇ ਮਾਊਂਟਨਬੈਰੀ ਰੋਡ ਅਤੇ ਮਾਊਂਟਨਐਸ਼ ਰੋਡ ਇਲਾਕੇ ਵਿਚ ਦੋ ਸ਼ੱਕੀਆਂ ਵੱਲੋਂ ਇਕ ਘਰ ’ਤੇ ਗੋਲੀਆਂ ਚਲਾਈਆਂ ਗਈਆਂ।
ਇਕ ਵਾਰ ਨਹੀਂ ਸਗੋਂ ਦੋ ਵਾਰ ਹੋਈ ਵਾਰਦਾਤ
ਗੋਲੀਬਾਰੀ ਦੀ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿਤੀ। 1 ਦਸੰਬਰ ਨੂੰ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਬਰੈਂਪਟਨ ਦੇ ਇਕ ਘਰ ’ਤੇ ਛਾਪਾ ਮਾਰਿਆ ਗਿਆ ਜਿਥੋਂ ਭਰੀ ਹੋਈ ਪਸਤੌਲ ਅਤੇ ਗੋਲੀਆਂ ਬਰਾਮਦ ਕਰਦਿਆਂ 27 ਸਾਲ ਦੇ ਮਨਪ੍ਰੀਤ ਸਿੰਘ, 23 ਸਾਲ ਦੇ ਦਿਲਪ੍ਰੀਤ ਸਿੰਘ ਅਤੇ 23 ਸਾਲ ਦੇ ਹਰਸ਼ਦੀਪ ਸਿੰਘ ਵਿਰੁੱਧ ਜਾਣਬੁੱਝ ਕੇ ਗੋਲੀਆਂ ਚਲਾਉਣ, ਰਿਹਾਈ ਸ਼ਰਤਾਂ ਦੀ ਪਾਲਣਾ ਨਾ ਕਰਨ ਅਤੇ ਲਾਪ੍ਰਵਾਹੀ ਨਾਲ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ। ਇਸ ਮਗਰੋਂ 2 ਜਨਵਰੀ ਨੂੰ ਸਵੇਰੇ ਤਕਰੀਬਨ 9 ਵਜੇ ਬਰੈਂਪਟਨ ਦੇ ਮਾਊਂਟਨਬੈਰੀ ਰੋਡ ਅਤੇ ਮਾਊਂਟਨਐਸ਼ ਰੋਡ ਇਲਾਕੇ ਦੇ ਉਸੇ ਘਰ ਨੂੰ ਮੁੜ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ। ਇਸ ਵਾਰ ਵੀ ਘਰ ਵਿਚ ਰਹਿਣ ਵਾਲਾ ਕੋਈ ਸ਼ਖਸ ਜ਼ਖਮੀ ਨਹੀਂ ਹੋਇਆ ਅਤੇ 4 ਜਨਵਰੀ ਨੂੰ ਜਾਂਚਕਰਤਾਵਾਂ ਵੱਲੋਂ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਬਰੈਂਪਟਨ ਦੇ ਇਕ ਘਰ ’ਤੇ ਛਾਪਾ ਮਾਰਿਆ ਗਿਆ ਜਿਥੋਂ ਇਕ ਭਰੀ ਹੋਈ ਪਸਤੌਲ ਅਤੇ ਗੋਲੀਆਂ ਬਰਾਮਦ ਕਰਦਿਆਂ 25 ਸਾਲ ਦੇ ਧਰਮਪ੍ਰੀਤ ਸਿੰਘ, 27 ਸਾਲ ਦੇ ਮਨਪ੍ਰਤਾਪ ਸਿੰਘ, 30 ਸਾਲ ਦੇ ਆਤਮਜੀਤ ਸਿੰਘ ਅਤੇ 21 ਸਾਲ ਦੇ ਅਰਵਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚਾਰੇ ਜਣਿਆਂ ਵਿਰੁੱਧ ਅਣਅਧਿਕਾਰਤ ਤੌਰ ’ਤੇ ਹਥਿਆਰ ਰੱਖਣ, ਅਣਅਧਿਕਾਰਤ ਹਥਿਆਰ ਦੀ ਮੌਜੂਦਗੀ ਬਾਰੇ ਜਾਣਕਾਰੀ ਹੋਣ, ਭਰੀ ਹੋਈ ਪਸਤੌਲ ਰੱਖਣ, ਲਾਪ੍ਰਵਾਹੀ ਨਾਲ ਹਥਿਆਰ ਰੱਖਣ ਅਤੇ ਲਾਪ੍ਰਵਾਹੀ ਨਾਲ ਪਸਤੌਲ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਇਹ ਪੁਲਿਸ ਹਿਰਾਸਤ ਵਿਚ ਹੀ ਰਹਿਣਗੇ।
ਮਨਪ੍ਰੀਤ, ਦਿਲਪ੍ਰੀਤ, ਹਰਸ਼ਦੀਪ, ਧਰਮਪ੍ਰੀਤ, ਮਨਪ੍ਰਤਾਪ, ਆਤਮਜੀਤ ਤੇ ਅਰਵਿੰਦਰਪਾਲ ਵਜੋਂ ਹੋਈ ਸ਼ਨਾਖਤ
ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਦੇ ਰਿਹਾਇਸ਼ੀ ਇਲਾਕਿਆਂ ਵਿਚ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵਿਚ ਤੇਜ਼ ਵਾਧਾ ਹੋਇਆ ਹੈ। ਦਸੰਬਰ ਦੇ ਪਹਿਲੇ ਹਫ਼ਤੇ ਅਣਪਛਾਤੇ ਸ਼ੱਕੀਆਂ ਵੱਲੋਂ ਬਰੈਂਪਟਨ ਦੇ ਘਰ ’ਤੇ ਗੋਲੀਬਾਰੀ ਕਰਦਿਆਂ ਪੰਜਾਬੀ ਨੌਜਵਾਨ ਪ੍ਰਿਤਪਾਲ ਸਿੰਘ ਦਾ ਕਤਲ ਕਰ ਦਿਤਾ ਗਿਆ ਜਦਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਇਹ ਵਾਰਦਾਤ ਜ਼ਬਰੀ ਵਸੂਲੀ ਦੇ ਮਾਮਲਿਆਂ ਨਾਲ ਸਬੰਧਤ ਦੱਸੀ ਗਈ ਅਤੇ ਪਛਾਣ ਦੇ ਭੁਲੇਖੇ ਕਾਰਨ ਕਿਰਾਏਦਾਰ ਭਰਾ ਨਿਸ਼ਾਨਾ ਬਣ ਗਏ। ਭਾਰਤੀ ਲੋਕਾਂ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ।