Canada : ਮਿਸੀਸਾਗਾ ਅਤੇ ਬਰੈਂਪਟਨ ’ਚੋਂ ਚੋਰੀ ਹੋਈਆਂ 4,722 ਗੱਡੀਆਂ
ਸਾਲ 2025 ਖ਼ਤਮ ਹੋ ਰਿਹਾ ਹੈ ਅਤੇ ਕੈਨੇਡਾ ਵਿਚ ਵੱਖ ਵੱਖ ਅਪਰਾਧਕ ਵਾਰਦਾਤਾਂ ਦੇ ਅੰਕੜੇ ਉਭਰ ਕੇ ਸਾਹਮਣੇ ਆ ਰਹੇ ਹਨ
ਬਰੈਂਪਟਨ : ਸਾਲ 2025 ਖ਼ਤਮ ਹੋ ਰਿਹਾ ਹੈ ਅਤੇ ਕੈਨੇਡਾ ਵਿਚ ਵੱਖ ਵੱਖ ਅਪਰਾਧਕ ਵਾਰਦਾਤਾਂ ਦੇ ਅੰਕੜੇ ਉਭਰ ਕੇ ਸਾਹਮਣੇ ਆ ਰਹੇ ਹਨ। ਗੱਡੀ ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਸੀਸਾਗਾ ਅਤੇ ਬਰੈਂਪਟਨ ਵਿਚ 21 ਦਸੰਬਰ ਤੱਕ ਸਾਂਝੇ ਤੌਰ ’ਤੇ 4,722 ਗੱਡੀਆਂ ਚੋਰੀ ਹੋਈਆਂ ਅਤੇ 2024 ਦੇ ਮੁਕਾਬਲੇ ਲੋਕਾਂ ਨੇ ਮਾਮੂਲੀ ਤੌਰ ’ਤੇ ਸੁਖ ਦਾ ਸਾਹ ਲਿਆ ਜਦੋਂ 6,500 ਤੋਂ ਵੱਧ ਗੱਡੀਆਂ ਚੋਰੀ ਹੋਈਆਂ ਸਨ। ਪੀਲ ਰੀਜਨਲ ਪੁਲਿਸ ਦੇ ਅੰਕੜਿਆਂ ਮੁਤਾਬਕ ਮਿਸੀਸਾਗਾ ਵਿਚੋਂ 2,838 ਅਤੇ ਬਰੈਂਪਟਨ ਵਿਚੋਂ 1,867 ਕਾਰਾਂ ਚੋਰੀ ਹੋਈਆਂ ਪਰ ਇਸ ਦੇ ਨਾਲ ਹੀ ਪੀਲ ਪੁਲਿਸ ਨਾਲ ਸਬੰਧਤ 9 ਵਾਰਦਾਤਾਂ ਟੋਰਾਂਟੋ, ਦੋ ਕੈਲੇਡਨ, ਤਿੰਨ ਓਕਵਿਲ ਅਤੇ ਇਕ-ਇਕ ਬਰÇਲੰਗਟਨ ਤੇ ਮਾਰਖਮ ਵਿਖੇ ਵਾਪਰੀ।
ਪੀਲ ਰੀਜਨਲ ਪੁਲਿਸ ਵੱਲੋਂ 21 ਦਸੰਬਰ ਤੱਕ ਦੇ ਅੰਕੜੇ ਜਾਰੀ
ਗੱਡੀ ਚੋਰੀ ਦੇ ਕੁਲ ਮਾਮਲਿਆਂ ਵਿਚੋਂ ਪੀਲ ਰੀਜਨਲ ਪੁਲਿਸ 3,041 ਦੀ ਗੁੱਥੀ ਸੁਲਝਾਉਣ ਵਿਚ ਸਫ਼ਲ ਰਹੀ ਜਦਕਿ 140 ਦੀ ਪੜਤਾਲ ਚੱਲ ਰਹੀ ਹੈ। ਇਸ ਤੋਂ ਇਲਾਵਾ 1,541 ਮਾਮਲੇ ਅਣਸੁਲਝੇ ਕਰਾਰ ਦਿਤੇ ਗਏ। ਚੋਰੀ ਹੋਈਆਂ ਗੱਡੀਆਂ ਵਿਚੋਂ 3,367 ਕਾਰਾਂ ਸਨ ਜਦਕਿ 879 ਪਿਕਅੱਪ ਟਰੱਕ ਅਤੇ 216 ਨੂੰ ਹੋਰ ਗੱਡੀਆਂ ਦੀ ਸ਼੍ਰੇਣੀ ਵਿਚ ਮੰਨਿਆ ਗਿਆ ਹੈ। ਪੀਲ ਰੀਜਨ ਵਿਚ ਸਭ ਤੋਂ ਵੱਧ ਗੱਡੀ ਚੋਰੀ ਦੇ ਮਾਮਲੇ ਏਅਰ ਪੋਰਟ ਰੋਡ, ਬਲੋਰ ਸਟ੍ਰੀਟ, ਬੋਵੇਅਰਡ ਡਰਾਈਵ, ਬਰੈਮਲੀ ਰੋਡ, ਬ੍ਰਿਟੈਨੀਆ ਰੋਡ, ਬਰਨਹੈਮਥੌਰਪ ਰੋਡ, ਸਿਟੀ ਸੈਂਟਰ ਡਰਾਈਵ, ਕੋਰਟਨੀ ਪਾਰਕ ਡਰਾਈਵ, ਡੈਰੀ ਰੋਡ, ਡਿਕਸੀ ਰੋਡ, ਡੰਡਾਸ ਸਟ੍ਰੀਟ, ਗਰੇਟ ਲੇਕਸ ਡਰਾਈਵ, ਹਿਊਰੈਨਟੇਰੀਓ ਸਟ੍ਰੀਟ, ਕੈਨੇਡੀ ਰੋਡ, ਲੇਕਸ਼ੋਰ ਰੋਡ ਅਤੇ ਮੇਨ ਸਟ੍ਰੀਟ ਵਿਖੇ ਸਾਹਮਣੇ ਆਉਂਦੇ ਹਨ। ਮੌਜੂਦਾ ਵਰ੍ਹੇ ਦੇ ਮਹੀਨਾਵਾਰ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਜਨਵਰੀ ਦੌਰਾਨ ਕਾਰ ਚੋਰ 437 ਗੱਡੀਆਂ ਲੈ ਗਏ ਜਦਕਿ ਫ਼ਰਵਰੀ ਵਿਚ ਅੰਕੜਾ 334 ਦਰਜ ਕੀਤਾ ਗਿਆ। ਮਾਰਚ ਵਿਚ 390 ਵਾਰਦਾਤਾਂ ਸਾਹਮਣੇ ਆਈਆਂ ਅਤੇ ਅਪ੍ਰੈਲ ਵਿਚ 372 ਗੱਡੀਆਂ ਚੋਰੀ ਹੋਈਆਂ। ਮਈ ਵਿਚ ਅੰਕੜਾ ਮੁੜ ਵਧਿਆ ਅਤੇ ਕਾਰ ਚੋਰ 420 ਗੱਡੀਆਂ ਚੋਰ ਕਰਨ ਵਿਚ ਸਫ਼ਲ ਰਹੇ ਜਦਕਿ ਜੂਨ ਵਿਚ ਅੰਕੜਾ ਹੋਰ ਵਾਧੇ ਨਾਲ 431 ’ਤੇ ਪੁੱਜ ਗਿਆ। ਗਰਮੀ ਮੌਸਮ ਵਿਚ ਚੋਰੀ ਕੁਝ ਜ਼ਿਆਦਾ ਹੀ ਸਰਗਰਮ ਨਜ਼ਰ ਆਏ ਅਤੇ ਜੁਲਾਈ ਵਿਚ 462 ਗੱਡੀਆਂ ਵੱਖ ਵੱਖ ਥਾਵਾਂ ਤੋਂ ਚੋਰੀ ਹੋਈਆਂ।
2024 ਦੇ ਮੁਕਾਬਲੇ ਵਾਰਦਾਤਾਂ ਵਿਚ ਆਈ ਕਮੀ
ਇਸ ਮਗਰੋਂ ਗੱਡੀ ਚੋਰੀ ਦੀਆਂ ਵਾਰਦਾਤਾਂ ਵਧਣ ਦੇ ਸਿਲਸਿਲੇ ਨੂੰ ਠੱਲ੍ਹ ਪਈ ਅਤੇ ਅਗਸਤ ਦੌਰਾਨ 407 ਵਾਰਦਾਤਾਂ ਦਰਜ ਕੀਤੀਆਂ ਗਈਆਂ। ਸਤੰਬਰ ਵਿਚ ਮਾਮੂਲੀ ਕਮੀ ਨਾਲ 402 ਵਾਰਦਾਤਾਂ ਵਾਪਰੀਆਂ ਜਦਕਿ ਅਕਤੂਬਰ ਵਿਚ ਮੁੜ ਵਾਧਾ ਹੋਇਆ ਅਤੇ ਗੱਡੀ ਚੋਰੀ ਦੇ 436 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਨਵੰਬਰ ਮਹੀਨੇ ਦੌਰਾਲ 388 ਵਾਰਦਾਤਾਂ ਵਾਪਰੀਆਂ ਅਤੇ ਦਸੰਬਰ ਦੀ ਪਹਿਲੀ ਤਰੀਕ ਤੋਂ 21 ਤਰੀਕ ਤੱਕ 243 ਗੱਡੀਆਂ ਪੀਲ ਰੀਜਨ ਵਿਚੋਂ ਚੋਰੀ ਹੋਈਆਂ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚੋਂ ਮਹਿੰਗੀਆਂ ਗੱਡੀਆਂ ਚੋਰੀ ਕਰ ਕੇ ਵਿਦੇਸ਼ ਭੇਜਣ ਵਾਲੇ ਇਕ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ 306 ਗੱਡੀਆਂ ਬਰਾਮਦ ਕੀਤੀਆਂ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ ਨਾ ਸਿਰਫ਼ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਲ ਧਿਆਨ ਕੇਂਦਰਤ ਕੀਤਾ ਗਿਆ ਸਗੋਂ ਚੋਰੀਸ਼ੁਦਾ ਮਾਲ ਦੀ ਵਿਦੇਸ਼ੀ ਬਾਜ਼ਾਰਾਂ ਤੱਕ ਢੋਆ-ਢੁਆਈ ਕਰਨ ਵਾਲੀਆਂ ਕੰਪਨੀਆਂ ਵੀ ਨਿਸ਼ਾਨੇ ’ਤੇ ਰਹੀਆਂ।