4 ਮਾਸੂਮ ਬੱਚਿਆਂ ਨੇ ਦਿਤੀ ਪਿਤਾ ਨੂੰ ਅੰਤਮ ਵਿਦਾਇਗੀ

ਆਪਣੀ ਮਾਸੂਮ ਬੱਚੀ ਨੂੰ ਬਚਾਉਂਦਿਆਂ ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਬਣੇ ਚਾਰ ਬੱਚਿਆਂ ਦੇ ਪਿਉ ਅਲੀਮ ਫਾਰੂਕੀ ਦੀਆਂ ਅੰਤਮ ਰਸਮਾਂ ਮੌਕੇ ਸੈਂਕੜੇ ਲੋਕ ਇਕੱਤਰ ਹੋਏ

Update: 2025-09-05 12:43 GMT

ਵੌਅਨ : ਆਪਣੀ ਮਾਸੂਮ ਬੱਚੀ ਨੂੰ ਬਚਾਉਂਦਿਆਂ ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਬਣੇ ਚਾਰ ਬੱਚਿਆਂ ਦੇ ਪਿਉ ਅਲੀਮ ਫਾਰੂਕੀ ਦੀਆਂ ਅੰਤਮ ਰਸਮਾਂ ਮੌਕੇ ਸੈਂਕੜੇ ਲੋਕ ਇਕੱਤਰ ਹੋਏ। ਵੌਅਨ ਸ਼ਹਿਰ ਦੇ ਕਲਾਈਨਬਰਗ ਇਲਾਕੇ ਵਿਚ ਅਲੀਮ ਫਾਰੂਕੀ ਨੂੰ ਦਫ਼ਨਾਇਆ ਗਿਆ ਅਤੇ ਇਸ ਮੌਕੇ ਹਰ ਇਨਸਾਨ ਸੋਗ ਵਿਚ ਡੁੱਬਿਆ ਨਜ਼ਰ ਆਇਆ। ਨਜ਼ਦੀਕੀ ਦੋਸਤਾਂ ਨੇ ਕਿਹਾ ਕਿ ਉਸ ਰਾਤ ਜੋ ਫਾਰੂਕੀ ਨਾਲ ਵਾਪਰਿਆ, ਉਹ ਸਾਡੇ ਵਿਚੋਂ ਕਿਸੇ ਨਾਲ ਵੀ ਹੋ ਸਕਦਾ ਹੈ। ਫਾਰੂਕੀ ਦਾ ਪਰਵਾਰ ਅਤੇ ਦੋਸਤ ਇਨਸਾਫ਼ ਦੀ ਮੰਗ ਕਰ ਰਹੇ ਹਨ ਕਿਉਂਕਿ ਅੱਜ ਤੱਕ ਸ਼ੱਕੀਆਂ ਦੀ ਪੈੜ ਨੱਪੀ ਨਹੀਂ ਜਾ ਸਕੀ।

ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਮਾਰੀ ਸੀ ਗੋਲੀ

ਫਾਰੂਕੀ ਦੇ ਦੋਸਤ ਆਦਿਲ ਮਾਲਿਕ ਨੇ ਕਿਹਾ ਕਿ ਪਰਵਾਰ ਉਤੇ ਕੀ ਬੀਤ ਰਹੀ ਹੈ, ਇਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਬੱਚੇ ਕਦੇ ਵੀ ਆਪਣੇ ਪਿਤਾ ਨੂੰ ਨਹੀਂ ਦੇਖ ਸਕਣਗੇ ਅਤੇ ਪਤਨੀ ਦੁੱਖਾਂ ਦੇ ਪਹਾੜ ਹੇਠ ਦਬ ਚੁੱਕੀ ਹੈ। ਅੰਤਮ ਰਸਮਾਂ ਵਿਚ ਸ਼ਾਮਲ ਵੌਅਨ ਦੇ ਮੇਅਰ ਸਟੀਵਨ ਡੈਲ ਡੁਕਾ ਨੇ ਕਿਹਾ ਕਿ ਘਿਨਾਉਣੇ ਅਪਰਾਧ ਨੇ ਪਰਵਾਰ ਖੇਰੂੰ ਖੇਰੂੰ ਕਰ ਦਿਤਾ ਹੈ। ਵੀਰਵਾਰ ਨੂੰ ਅੰਤਮ ਰਸਮਾਂ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਬੈਤੁਲ ਇਸਲਾਮ ਮਸਜਿਦ ਵਿਚ ਇਕੱਠ ਵੀ ਹੋਇਆ ਅਤੇ ਫਾਰੂਕੀ ਨੂੰ ਜਾਣਨ ਵਾਲਿਆਂ ਦਾ ਕਹਿਣਾ ਸੀ ਕਿ ਉਸ ਇਨਸਾਨ ਨੇ ਕਦੇ ਮੱਖੀ ਵੀ ਨਹੀਂ ਸੀ ਮਾਰੀ। ਹਰ ਵੇਲੇ ਲੋਕਾਂ ਦੀ ਮਦਦ ਵਾਸਤੇ ਤਿਆਰ ਰਹਿੰਦਾ ਪਰ ਹੁਣ ਸਦਾ ਵਾਸਤੇ ਸਾਡੇ ਤੋਂ ਵਿੱਛੜ ਚੁੱਕਾ ਹੈ। ਫਾਰੂਕੀ ਪਰਵਾਰ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ 55 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ।

ਯਾਰਕ ਰੀਜਨਲ ਪੁਲਿਸ ਦੇ ਹੱਥ ਹੁਣ ਤੱਕ ਖ਼ਾਲੀ

ਉਧਰ ਯਾਰਕ ਰੀਜਨਲ ਪੁਲਿਸ ਵੱਲੋਂ ਵਾਰਦਾਤ ਨੂੰ ਲੁਟੇਰਿਆਂ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਮੁਖੀ ਜਿਮ ਮੈਕਸਵੀਨ ਨੇ ਕਿਹਾ ਕਿ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਹੌਮੀਸਾਈਡ ਯੂਨਿਟ ਨਾਲ 1866 876 5423 ਐਕਟੈਨਸ਼ਨ 7865 ’ਤੇ ਸੰਪਰਕ ਕੀਤਾ ਜਾਵੇ।

Tags:    

Similar News